ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਦਾ ਗੁਨਾਹ ਮੰਨਣ ਲਈ ਨਿਖਿਲ ਗੁਪਤਾ ਨੇ ‘ਸ਼ਰਤ’ ਰੱਖੀ ਸੀ: ਅਮਰੀਕੀ ਸਰਕਾਰੀ ਵਕੀਲ
ਨਿਊਯਾਰਕ, 30 ਨਵੰਬਰ
ਅਮਰੀਕਾ ਵਿਚ ਸੰਘੀ ਵਕੀਲਾਂ ਨੇ ਦੋਸ਼ ਲਗਾਇਆ ਹੈ ਕਿ ਅਮਰੀਕਾ ਵਿਚ ਸਿੱਖ ਵੱਖਵਾਦੀ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮੁਲਜ਼ਮ ਭਾਰਤੀ ਨਾਗਰਿਕ ਨੇ ਇਹ ਭਰੋਸਾ ਦਿਵਾਉਣ ਤੋਂ ਬਾਅਦ ਸਾਜ਼ਿਸ਼ ਦਾ ਹਿੱਸਾ ਹੋਣਾ ਮੰਨ ਲਿਆ ਹੈ ਕਿ ਉਸ ਖ਼ਿਲਾਫ਼ ਗੁਜਰਾਤ ਵਿਚ ਚੱਲ ਰਿਹਾ ਅਪਰਾਧਿਕ ਮਾਮਲਾ ਖ਼ਤਮ ਕਰ ਦਿੱਤਾ ਜਾਵੇਗਾ। ਅੱਜ ਅਮਰੀਕੀ ਅਦਾਲਤ 'ਚ ਜਾਰੀ ਕੀਤੇ ਇਸਤਗਾਸਾ ਪੱਖ ਦੀ ਚਾਰਜਸ਼ੀਟ ਮੁਤਾਬਕ ਨਿਖਿਲ ਗੁਪਤਾ (52) 'ਤੇ ਨਿਊਯਾਰਕ ਸਿਟੀ 'ਚ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਅਸਫਲ ਸਾਜ਼ਿਸ਼ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਇਹ ਖੁਲਾਸਾ ਨਹੀਂ ਹੋਇਆ ਹੈ ਕਿ ਕਿਸ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਸਾਜ਼ਿਸ਼ ਰਚੀ ਗਈ ਸੀ। ਫਾਈਨੈਂਸ਼ੀਅਲ ਟਾਈਮਜ਼ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਪਿਛਲੇ ਹਫ਼ਤੇ ਇਹ ਖ਼ਬਰ ਜਾਰੀ ਕੀਤੀ ਸੀ ਕਿ ਅਮਰੀਕੀ ਅਧਿਕਾਰੀਆਂ ਨੇ ਪਾਬੰਦੀਸ਼ੁਦਾ ਜਥੇਬੰਦੀ 'ਸਿੱਖਸ ਫ਼ਾਰ ਜਸਟਿਸ' ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਇਸ ਸਾਜ਼ਿਸ਼ ਵਿਚ ਭਾਰਤ ਸਰਕਾਰ ਦੇ ਸ਼ਾਮਲ ਹੋਣ ਖਦਸ਼ੇ ਬਾਰੇ ਚੇਤਾਵਨੀ ਦਿੱਤੀ ਸੀ।