ਨਿੱਝਰ ਵੱਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 15 ਨਵੰਬਰ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਨੇ ਗੇਟ ਖਜਾਨਾ ਤੋਂ ਸੁਲਤਾਨਵਿੰਡ ਚੌਕ ਤੱਕ ਗਰੀਨ ਬੈਲਟ ’ਚ ਖੁਦ ਝਾੜੂ ਲਗਾ ਕੇ ਸਾਫ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਦਰੁਸਤ ਰੱਖਣ ਲਈ ਅੱਗੇ ਆਉਣ ਤਾਂ ਜੋ ਅੰਮ੍ਰਿਤਸਰ ਸ਼ਹਿਰ ਨੂੰ ਸਿਫ਼ਤੀ ਦਾ ਘਰ ਬਣਾਇਆ ਜਾ ਸਕੇ। ਡਾ. ਨਿੱਝਰ ਨੇ ਕਿਹਾ ਕਿ ਸ਼ਹਿਰ ਦੀ ਖੂਬਸੂਰਤੀ ਵਧਾਉਣ ਲਈ ਗਰੀਨ ਬੈਲਟ ਨੂੰ ਮੁੜ ਸਹੀ ਤਰੀਕੇ ਨਾਲ ਵਿਕਸਿਤ ਅਤੇ ਖੂਬਸੂਰਤ ਬਣਾਉਣ ਦੀ ਲੋੜ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਗਰੀਨ ਬੈਲਟ ਵਿੱਚ ਕਿਸੇ ਤਰ੍ਹਾਂ ਦਾ ਕੂੜਾ ਜਾਂ ਪਲਾਸਟਿਕ ਨਾ ਸੁੱਟਣ। ਗਰੀਨ ਬੈਲਟ ਦੀ ਵਰਤੋਂ ਇਲਾਕੇ ਦੇ ਲੋਕਾਂ ਦੁਆਰਾ ਹੀ ਕੀਤੀ ਜਾਣੀ ਚਾਹੀਦੀ ਹੈ ਅਤੇ ਸਭ ਦਾ ਫਰਜ਼ ਬਣਦਾ ਹੈ ਕਿ ਇਸਦੀ ਸਾਂਭ ਸੰਭਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਪਣੇ ਘਰ ਦਾ ਕੂੜਾ ਇੱਧਰ-ਉਧਰ ਨਾ ਸੁੱਟ ਕੇ ਨਗਰ ਨਿਗਮ ਵਲੋਂ ਰੋਜ਼ਾਨਾ ਕੂੜਾ ਚੁੱਕਣ ਆਉਣ ਵਾਲੀਆਂ ਗੱਡੀਆਂ ਨੂੰ ਹੀ ਦਿਤਾ ਜਾਵੇ ਤਾਂ ਜੋ ਸਾਫ ਸਫਾਈ ਨੂੰ ਠੀਕ ਰਖਿਆ ਜਾ ਸਕੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਨ। ਉਨ੍ਹਾਂ ਨੇ ਕਿਹਾ ਕਿ ਹਲਕਾ ਦੱਖਣੀ ਦੇ ਸਾਰੇ ਪਾਰਕਾਂ ਦੀ ਵੀ ਸਾਫ਼ ਸਫ਼ਾਈ ਕੀਤੀ ਜਾਵੇਗੀ ਅਤੇ ਖਰਾਬ ਹੋਏ ਝੂਲੇ ਆਦਿ ਦੀ ਮੁਰੰਮਤ ਵੀ ਕਰਵਾਈ ਜਾਵੇਗੀ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਰੋਜ਼ਾਨਾ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਨਗਰ ਨਿਗਮ ਦੇ ਮੁਲਾਜ਼ਮ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਸਾਫ਼ ਰੱਖਣ ਲਈ ਵਚਨਬੱਧ ਹਨ। ਸਫ਼ਾਈ ਮੁਹਿੰਮ ਵਿੱਚ ਆਮ ਆਦਮੀ ਪਾਰਟੀ ਦੀ ਟੀਮ ਅਤੇ ਇਲਾਕਾ ਨਿਵਾਸੀਆਂ ਵਲੋਂ ਵੀ ਆਪਣਾ ਯੋਗਦਾਨ ਪਾਇਆ ਗਿਆ।