For the best experience, open
https://m.punjabitribuneonline.com
on your mobile browser.
Advertisement

ਨਿੱਝਰ ਮਾਮਲਾ

06:15 AM Jun 20, 2024 IST
ਨਿੱਝਰ ਮਾਮਲਾ
Advertisement

ਹਰਦੀਪ ਸਿੰਘ ਨਿੱਝਰ ਦਾ ਕੇਸ ਲਗਾਤਾਰ ਭਾਰਤ-ਕੈਨੇਡਾ ਦੇ ਸਬੰਧਾਂ ਦੀ ਪਰਿਭਾਸ਼ਾ ਤੈਅ ਕਰ ਰਿਹਾ ਹੈ ਤੇ ਇਨ੍ਹਾਂ ਨੂੰ ਕਮਜ਼ੋਰ ਵੀ ਕਰ ਰਿਹਾ ਹੈ। ਨਿੱਝਰ ਦੀ ਹੱਤਿਆ ਦਾ ਇੱਕ ਸਾਲ ਪੂਰਾ ਹੋਣ ’ਤੇ ਕੈਨੇਡਾ ਦੀ ਸੰਸਦ ਨੇ ਮੰਗਲਵਾਰ ਹਾਊਸ ਆਫ ਕਾਮਨਜ਼ ਵਿੱਚ ਉਸ ਦੀ ਯਾਦ ’ਚ ਮੌਨ ਧਾਰਨ ਕੀਤਾ ਹੈ। ਪਿਛਲੇ ਸਾਲ ਸਤੰਬਰ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੇ ਸਨਸਨੀਖ਼ੇਜ਼ ਦਾਅਵੇ ਕਿ ਜਾਂਚ ਦੌਰਾਨ ਨਿੱਝਰ ਹੱਤਿਆ ਕੇਸ ’ਚ ਕਥਿਤ ਤੌਰ ’ਤੇ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤੇ ਨਿਰੰਤਰ ਨਿਘਾਰ ਵੱਲ ਜਾ ਰਹੇ ਹਨ। ਕੱਟੜ ਸਿੱਖ ਆਗੂ ਜਿਸ ਨੂੰ ਭਾਰਤ ਦੀ ਕੌਮੀ ਜਾਂਚ ਏਜੰਸੀ ਨੇ ਅਤਿਵਾਦੀ ਐਲਾਨਿਆ ਹੋਇਆ ਹੈ, ਦੀ ਪਿਛਲੇ ਸਾਲ 18 ਜੂਨ ਨੂੰ ਸਰੀ (ਬ੍ਰਿਟਿਸ਼ ਕੋਲੰਬੀਆ) ਦੇ ਇੱਕ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨਵੀਂ ਦਿੱਲੀ ਕਈ ਚਿਰ ਤੋਂ ਓਟਾਵਾ ਨੂੰ ਕਹਿ ਰਿਹਾ ਹੈ ਕਿ ਉਹ ਇਸ ਹੱਤਿਆ ’ਚ ‘ਭਾਰਤੀ ਹੱਥ’ ਹੋਣ ਦੇ ਠੋਸ ਸਬੂਤ ਉਸ ਨਾਲ ਸਾਂਝੇ ਕਰੇ। ਜ਼ਿਕਰਯੋਗ ਹੈ ਕਿ ਕੈਨੇਡੀਅਨ ਪੁਲੀਸ ਨੇ ਇਸ ਹੱਤਿਆ ਦੇ ਮਾਮਲੇ ਵਿੱਚ ਚਾਰ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਨਿੱਝਰ ਦੀ ਬਰਸੀ ਮਨਾਉਣ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਵੈਨਕੂਵਰ ਵਿੱਚ ਭਾਰਤ ਦੇ ਕੌਂਸੁਲੇਟ ਜਨਰਲ ਨੇ 23 ਜੂਨ, 1985 ਦਾ ਕਨਿਸ਼ਕ ਬੰਬ ਕਾਂਡ ਯਾਦ ਕਰਾਇਆ ਹੈ ਤੇ ਨਾਲ ਹੀ ਜ਼ੋਰ ਦਿੱਤਾ ਹੈ ਕਿ ਅਤਿਵਾਦ ਦੇ ਖ਼ਤਰੇ ਦਾ ਟਾਕਰਾ ਕਰਨ ਵਿੱਚ ਭਾਰਤ ਅੱਗੇ ਹੋ ਕੇ ਖੜ੍ਹਿਆ ਹੈ ਤੇ ਇਸ ਆਲਮੀ ਖ਼ਤਰੇ ਨਾਲ ਨਜਿੱਠਣ ਲਈ ਸਾਰੇ ਮੁਲਕਾਂ ਨਾਲ ਨੇੜਿਓਂ ਤਾਲਮੇਲ ਕਰਦਾ ਰਿਹਾ ਹੈ। ਕੈਨੇਡਾ ਲਈ ਸੁਨੇਹਾ ਬਿਲਕੁਲ ਸਾਫ਼-ਸਪੱਸ਼ਟ ਸੀ: ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਖਾਲਿਸਤਾਨ-ਪੱਖੀ ਤੱਤਾਂ ਨੂੰ ਮੰਚ ਮੁਹੱਈਆ ਨਾ ਕਰਵਾਇਆ ਜਾਵੇ।
ਜਸਟਿਨ ਟਰੂਡੋ ਨੇ ਇਟਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਹਾਲੀਆ ਮੀਟਿੰਗ ਤੋਂ ਬਾਅਦ ਕਿਹਾ ਸੀ ਕਿ ਦੋਵਾਂ ਮੁਲਕਾਂ ਦਰਮਿਆਨ ਕਈ ‘ਵੱਡੇ ਮੁੱਦਿਆਂ’ ਉੱਤੇ ‘ਸਹਿਮਤੀ’ ਹੈ ਤੇ ਇਸ ਵਿੱਚੋਂ ਉਨ੍ਹਾਂ (ਟਰੂਡੋ) ਨੂੰ ਭਾਰਤ ਦੀ ਨਵੀਂ ਸਰਕਾਰ ਨਾਲ ਕੰਮ ਕਰਨ ਦਾ ਮੌਕਾ ਨਜ਼ਰ ਆ ਰਿਹਾ ਹੈ। ਇਸ ਨੂੰ ਇੱਕ ਵੱਡਾ ਕਦਮ ਪੁੱਟੇ ਜਾਣ ਵਜੋਂ ਦੇਖਿਆ ਗਿਆ ਸੀ। ਹਾਲਾਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਘਰੇਲੂ ਰਾਜਨੀਤਕ ਤਰਜੀਹਾਂ ਨੂੰ ਤਵੱਜੋ ਦੇ ਕੇ ਦੋ ਕਦਮ ਪਿਛਾਂਹ ਨੂੰ ਪੁੱਟ ਲਏ ਹਨ ਅਤੇ ਇੱਕ ਪੁਰਾਣੇ ਸਾਥੀ ਨਾਲ ਆਪਣੇ ਦੇਸ਼ ਦੇ ਰਿਸ਼ਤਿਆਂ ਨੂੰ ਹੋਰ ਖ਼ਰਾਬ ਕਰ ਲਿਆ ਹੈ। ਕੈਨੇਡੀਅਨ ਸਰਕਾਰ ਵੱਲੋਂ ਇੱਕ ਖ਼ਤਰਨਾਕ ਰਾਹ ਫੜਿਆ ਜਾ ਰਿਹਾ ਹੈ। ਲਗਾਤਾਰ ਕੱਟੜਵਾਦੀਆਂ ਨੂੰ ਪਤਿਆਉਣ ਦੇ ਯਤਨ ਨਾ ਕੇਵਲ ਭਾਰਤ-ਕੈਨੇਡਾ ਦੇ ਰਿਸ਼ਤਿਆਂ ਦਾ ਨਾ ਪੂਰਿਆ ਜਾਣ ਵਾਲਾ ਨੁਕਸਾਨ ਕਰਨਗੇ ਬਲਕਿ ਅਤਿਵਾਦ ਤੇ ਕੱਟੜਵਾਦ ਨਾਲ ਲੜਨ ਦੀ ‘ਮੈਪਲ’ ਮੁਲਕ ਦੀ ਵਚਨਬੱਧਤਾ ਉੱਤੇ ਵੀ ਸਵਾਲੀਆ ਚਿੰਨ੍ਹ ਲੱਗੇਗਾ।

Advertisement

Advertisement
Advertisement
Author Image

joginder kumar

View all posts

Advertisement