For the best experience, open
https://m.punjabitribuneonline.com
on your mobile browser.
Advertisement

ਨਿੱਝਰ ਕੇਸ: ਦੋ ਨੌਜਵਾਨਾਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ

07:54 AM May 05, 2024 IST
ਨਿੱਝਰ ਕੇਸ  ਦੋ ਨੌਜਵਾਨਾਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ
Advertisement

ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 4 ਮਈ
ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ਵਿੱਚ ਕੈਨੇਡਾ ਪੁਲੀਸ ਵੱਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਪੰਜਾਬ ਪੁਲੀਸ ਨੇ ਅੱਜ ਦੱਸਿਆ ਕਿ ਇਨ੍ਹਾਂ ’ਚੋਂ ਦੋ ਨੌਜਵਾਨਾਂ ਦਾ ਨਾ ਕੋਈ ਅਪਰਾਧਕ ਰਿਕਾਰਡ ਹੈ ਅਤੇ ਨਾ ਹੀ ਇਨ੍ਹਾਂ ਦਾ ਕਿਸੇ ਗੈਂਗਸਟਰ ਨਾਲ ਸਬੰਧ ਹੈ। ਤੀਜੇ ਨੌਜਵਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਕੈਨੇਡਾ ਪੁਲੀਸ ਨੇ ਭਾਰਤੀ ਖੁਫੀਆ ਏਜੰਸੀਆਂ ਦੇ ਕੰਟਰੋਲ ਹੇਠਲੇ ਸਮੂਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਦੀ ਪਛਾਣ ਕਰਨਪ੍ਰੀਤ ਸਿੰਘ (28), ਕਰਨ ਬਰਾੜ (22) ਅਤੇ ਕਮਲਪ੍ਰੀਤ ਸਿੰਘ (22) ਵਜੋਂ ਹੋਈ ਹੈ।
ਸੂਬਾਈ ਪੁਲੀਸ ਨੇ ਕਰਨਪ੍ਰੀਤ ਤੇ ਕਰਨ ਦੇ ਪਰਿਵਾਰਾਂ ਦਾ ਪਤਾ ਲਾਇਆ ਹੈ ਪਰ ਕਮਲਪ੍ਰੀਤ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ। ਉਹ ਵੀ ਪੰਜਾਬ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਪੁਲੀਸ ਅਨੁਸਾਰ ਕਰਨਪ੍ਰੀਤ ਬਟਾਲਾ ’ਚ ਘਣੀਏ ਕੇ ਬਾਂਗਰ ਥਾਣੇ ਅਧੀਨ ਪੈਂਦੇ ਸੁੰਦਰ ਪਿੰਡ ਨਾਲ ਸਬੰਧਤ ਹੈ। ਉਸ ਦੇ ਪਿਤਾ ਪਿੰਡ ਦੇ ਹੀ ਗੁਰਦੁਆਰੇ ’ਚ ਗ੍ਰੰਥੀ ਹਨ ਅਤੇ ਇਕ ਕਿਸਾਨ ਜਥੇਬੰਦੀ ਦੇ ਮੈਂਬਰ ਹਨ ਜਿਸ ਦੇ ਆਗੂਆਂ ਖ਼ਿਲਾਫ਼ 26 ਜਨਵਰੀ 2021 ਨੂੰ ਲਾਲ ਕਿਲ੍ਹੇ ’ਤੇ ਹਿੰਸਾ ਦੇ ਸਬੰਧ ’ਚ ਕੇਸ ਦਰਜ ਕੀਤਾ ਗਿਆ ਸੀ। ਤਿੰਨ ਸਾਲ ਪਹਿਲਾਂ ਕਰਨਪ੍ਰੀਤ ਦੇ ਕੈਨੇਡਾ ਜਾਣ ਤੋਂ ਪਹਿਲਾਂ ਦੋਵੇਂ ਪਿਉ-ਪੁੱਤ ਦੁਬਈ ’ਚ ਡਰਾਇਵਰੀ ਕਰਦੇ ਸਨ। ਸੁਖਦੇਵ ਸਿੰਘ ਬਾਅਦ ਵਿੱਚ ਭਾਰਤ ਪਰਤ ਆਇਆ ਸੀ। ਸੁਖਦੇਵ ਤੇ ਉਸ ਦੀ ਪਤਨੀ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਕਰਨਪ੍ਰੀਤ ਦੀਆਂ ਦੋ ਵੱਡੀਆਂ ਭੈਣਾਂ ਹਨ ਤੇ ਦੋਵੇਂ ਵਿਆਹੀਆਂ ਹੋਈਆਂ ਹਨ। ਨੌਜਵਾਨ ਕਮਲਪ੍ਰੀਤ ਬਾਰੇ ਪੰਜਾਬ ਪੁਲੀਸ ਨੂੰ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ।

Advertisement

ਕਰਨ ਬਰਾੜ ਦੇ ਪਰਿਵਾਰ ਨੇ ਦੋਸ਼ ਨਕਾਰੇ

ਫਰੀਦਕੋਟ (ਜਸਵੰਤ ਜੱਸ): ਕੈਨੇਡਾ ਵਿੱਚ ਪਿਛਲੇ ਸਾਲ ਕਥਿਤ ਕਤਲ ਕੀਤੇ ਗਏ ਖਾਲਿਸਤਾਨੀ ਟਾਈਗਰ ਫੋਰਸ ਦੇ ਮੈਂਬਰ ਹਰਦੀਪ ਸਿੰਘ ਨਿੱਝਰ ਦੇ ਕਤਲ ਕਾਂਡ ਵਿੱਚ ਕੈਨੇਡਾ ਪੁਲੀਸ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟ ਸੁਖੀਆ ਦੇ ਵਸਨੀਕ ਕਰਨ ਬਰਾੜ ਨੂੰ ਗ੍ਰਿਫਤਾਰ ਕੀਤਾ ਹੈ। ਕਿਰਨਜੀਤ ਸਿੰਘ ਉਰਫ਼ ਕਰਨ ਬਰਾੜ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕਰਨ ਬਰਾੜ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਸੀ। ਉਸ ਨੂੰ ਕਿਸੇ ਸਾਜਿਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਕਰਨ ਬਰਾੜ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਫਰਵਰੀ 2020 ਵਿਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ ਅਤੇ ਇਸ ਵੇਲੇ ਉੱਥੇ ਵਰਕ ਪਰਮਿਟ ’ਤੇ ਕੰਮ ਕਰ ਰਿਹਾ ਹੈ। ਡੀਐੱਸਪੀ ਫਰੀਦਕੋਟ ਜਸਮੀਤ ਸਿੰਘ ਨੇ ਦੱਸਿਆ ਕਿ ਕਰਨ ਬਰਾੜ ਖ਼ਿਲਾਫ਼ ਫਰੀਦਕੋਟ ਜ਼ਿਲ੍ਹੇ ਵਿੱਚ ਕੋਈ ਵੀ ਅਪਰਾਧਿਕ ਕੇਸ ਦਰਜ ਨਹੀਂ ਹੈ। ਕਰਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਉਸ ਦੇ ਪਿਤਾ ਮਨਦੀਪ ਸਿੰਘ ਬਰਾੜ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਉਹ ਆਪਣੇ ਪਿਤਾ ਦੇ ਸਸਕਾਰ ਅਤੇ ਅਰਦਾਸ ਵਿੱਚ ਵੀ ਸ਼ਾਮਲ ਨਹੀਂ ਹੋ ਸਕਿਆ ਸੀ। ਕਰਨ ਦੇ ਮਾਪੇ ਉਸ ਦੇ ਕੈਨੇਡਾ ਜਾਣ ਤੋਂ ਕੁਝ ਸਮਾਂ ਬਾਅਦ ਪਿੰਡ ਕੋਟ ਸੁਖੀਆ ਤੋਂ ਕੋਟਕਪੂਰਾ ਰਹਿਣ ਲੱਗ ਪਏ ਹਨ। ਰੌਇਲ ਕੈਨੇਡੀਅਨ ਮਾਊਂਟਡ ਪੁਲੀਸ ਨੇ ਕਰਨ ਅਤੇ ਉਸ ਦੇ ਦੋ ਸਾਥੀਆਂ ਦੀ ਗ੍ਰਿਫ਼ਤਾਰੀ ਦਾ ਦਾਅਵਾ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਕੈਨੇਡੀਅਨ ਪੁਲੀਸ ਨੇ ਉਨ੍ਹਾਂ ਨੂੰ ਹਾਲੇ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਲਈ ਉਹ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਨਹੀਂ ਕਰ ਰਹੇ।

Advertisement
Author Image

sukhwinder singh

View all posts

Advertisement
Advertisement
×