ਨਿਹੰਗ ਸਿੰਘਾਂ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਮਹੱਲਾ ਸਜਾਇਆ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 13 ਅਕਤੂਬਰ
ਗੁਰੂ ਗੋਬਿੰਦ ਸਿੰਘ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਇਤਿਹਾਸਕ ਗੁਰਦੁਆਰਾ ਨਗੀਨਾ ਘਾਟ ਤੋਂ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਦਾਨ ਤੱਕ ਦਸਮ ਪਾਤਸ਼ਾਹ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਦਲਾਂ ਵੱਲੋਂ ਸਾਂਝੇ ਤੌਰ ’ਤੇ ਦਸਮ ਪਿਤਾ ਵੱਲੋਂ ਬਖਸ਼ਿਸ਼ ਨਿਸ਼ਾਨ ਸਾਹਿਬ ਤੇ ਨਗਾਰਿਆਂ ਦੀ ਛਤਰਛਾਇਆ ਹੇਠ ਮਹੱਲਾ ਸਜਾਇਆ ਗਿਆ।
ਪੁਰਾਤਨ ਰਵਾਇਤ ਮੁਤਾਬਕ ਮਹੱਲੇ ਦੀ ਅਗਵਾਈ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਨੇ ਕੀਤੀ। ਇਸ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਵੱਲੋਂ ਬਾਬਾ ਜੱਸਾ ਸਿੰਘ ਦੀ ਅਗਵਾਈ ਵਿੱਚ ਭੇਜਿਆ ਬੁੱਢਾ ਦਲ ਨਿਹੰਗ ਸਿੰਘਾਂ ਦਾ ਜਥਾ ਸ਼ਾਮਲ ਹੋਇਆ। ਇਸ ਮੌਕੇ ਤਰਨਾ ਦਲ ਸ਼ਹੀਦ ਮਿਸਲ ਬਾਬਾ ਦੀਪ ਸਿੰਘ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ, ਬਾਬਾ ਬਿਧੀਚੰਦ ਤਰਨਾ ਦਲ ਸੁਰਸਿੰਘ ਵੱਲੋਂ ਬਾਬਾ ਗੁਰਦੇਵ ਸਿੰਘ, ਬਾਬਾ ਬਿਧੀਚੰਦ ਤਰਨਾ ਦਲ ਸੁਰਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ, ਬਾਬਾ ਨਰਿੰਦਰ ਸਿੰਘ ਗੁਰਦੁਆਰਾ ਲੰਗਰ ਸਾਹਿਬ ਕਾਰਸੇਵਾ ਵਾਲੇ, ਦਸਮੇਸ਼ ਤਰਨਾ ਦਲ ਬਾਬਾ ਮੇਜਰ ਸਿੰਘ, ਤਰਨਾ ਦਲ ਬਾਬਾ ਜੀਵਨ ਵੱਲਾ ਦੇ ਮੁਖੀ ਬਾਬਾ ਬਲਦੇਵ ਸਿੰਘ ਅਤੇ ਵਿਸ਼ੇਸ਼ ਤੌਰ ’ਤੇ ਨਿਹੰਗ ਦਲਾਂ ਨੇ ਸ਼ਮੂਲੀਅਤ ਕੀਤੀ। ਗੁਰਦੁਆਰਾ ਨਗੀਨਾ ਘਾਟ ਤੋਂ ਮਹੱਲੇ ਵਿੱਚ ਆਰੰਭਤਾ ਉਪਰੰਤ ਸਮੁੱਚੀਆਂ ਨਿਹੰਗ ਸਿੰਘਾਂ ਫੌਜਾਂ ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਤਮਸਤਕ ਹੋਈਆਂ।
ਸੁੰਦਰ ਦੁਮਾਲਿਆਂ ਤੇ ਲੱਕ ’ਤੇ ਢਾਲਾਂ ਖੰਡੇ ਸਜਾਏ ਹੱਥਾਂ ਵਿੱਚ ਨੇਜੇ ਫੜੀਂ, ਨੀਲੇ, ਕੇਸਰੀ ਬਾਣਿਆਂ ਵਿੱਚ ਨਿਹੰਗ ਸਿੰਘ ਖਾਲਸਈ ਜੰਗੀ ਮਾਹੌਲ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ। ਇਹ ਖਾਲਸਈ ਮਹੱਲਾ ਗੁਰਦੁਆਰਾ ਬਾਉਲੀ ਸਾਹਿਬ ਦੇ ਖੁੱਲ੍ਹੇ ਮੈਦਾਨ ਵਿੱਚ ਪੁੱਜਣ ਉਪਰੰਤ ਸੰਪੂਰਨ ਹੋਇਆ। ਇਸ ਦੌਰਾਨ ਨਿਹੰਗ ਸਿੰਘਾਂ ਨੇ ਘੋੜਿਆਂ ’ਤੇ ਕਰਤੱਬ ਦਿਖਾਏ ਅਤੇ ਵੱਧ ਤੋਂ ਵੱਧ ਕਿੱਲੇ ਪੁੱਟ ਕੇ ਇਨਾਮ ਪ੍ਰਾਪਤ ਕੀਤੇ। ਮਗਰੋਂ ਨਿਹੰਗ ਸਿੰਘਾਂ ਨੇ ਗਤਕੇ ਦੇ ਜੌਹਰ ਦਿਖਾਏ।
ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਘੋੜ ਦੌੜ ਕਰਵਾਈ
ਚਮਕੌਰ ਸਾਹਿਬ (ਸੰਜੀਵ ਬੱਬੀ): ਦਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸ੍ਰੀ ਰਣਜੀਤਗੜ੍ਹ ਸਾਹਿਬ ਤੋਂ ਨਗਾਰਿਆਂ ਦੀ ਛਤਰ- ਛਾਇਆ ਹੇਠ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਮਹੱਲੇ ਦੀ ਆਰੰਭਤਾ ਹੋਈ। ਇਸ ਤੋਂ ਪਹਿਲਾਂ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਵਿਖੇ ਅਖੰਡ ਪਾਠਾਂ ਦੇ ਭੋਗ ਨਿਹੰਗ ਸਿੰਘਾਂ ਦੀ ਚਲੀ ਆਉਂਦੀ ਮਰਿਆਦਾ ਅਨੁਸਾਰ ਪਾਏ ਗਏ। ਬੁੱਢਾ ਦਲ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ ਅਤੇ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਬੈਂਡ ਵਾਜਿਆਂ ਦੀਆਂ ਸ਼ਬਦੀ ਧੁਨਾਂ ਅਤੇ ਖਾਲਸਈ ਜੈਕਾਰਿਆਂ ਦੀ ਗੂੰਜ ਵਿੱਚ ਨਿਹੰਗ ਸਿੰਘਾਂ ਦਾ ਮਹੱਲਾ ਗੁਰਦੁਆਰਾ ਰਣਜੀਤਗੜ੍ਹ ਤੋਂ ਆਰੰਭ ਹੋ ਕੇ ਚਮਕੌਰ ਸਾਹਿਬ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼ਹੀਦ ਬੁਰਜ ਭਾਈ ਜੈਤਾ ਜੀ, ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਵਿਖੇ ਨਤਮਸਤਕ ਹੁੰਦਾ ਹੋਇਆ ਖੁੱਲ੍ਹੇ ਮੈਦਾਨ ਵਿੱਚ ਪੁੱਜਿਆ। ਇੱਥੇ ਨਿਹੰਗ ਸਿੰਘਾਂ ਵੱਲੋਂ ਘੋੜਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਮਹੱਲੇ ਵਿੱਚ ਵੱਡੀ ਗਿਣਤੀ ਸੰਗਤ ਸ਼ਾਮਲ ਸੀ। ਇਸ ਮੌਕੇ ਬਾਬਾ ਬਲਬੀਰ ਸਿੰਘ ਨੇ ਨਿਹੰਗ ਸਿੰਘਾਂ ਦਾ ਸਨਮਾਨ ਵੀ ਕੀਤਾ।