ਨਾਇਜੀਰੀਅਨ ਹਾਈ ਕਮਿਸ਼ਨਰ ਵੱਲੋਂ ਕੇਜਰੀਵਾਲ ਨਾਲ ਮੁਲਾਕਾਤ
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਅਕਤੂਬਰ
ਭਾਰਤ ਵਿੱਚ ਨਾਇਜੀਰੀਆ ਦੇ ਹਾਈ ਕਮਿਸ਼ਨਰ ਅਹਿਮਦ ਸੁੁੂਲੇ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਦਿੱਲੀ ਸਕੱਤਰੇਤ ਵਿੱਚ ਹੋਈ ਮੀਟਿੰਗ ਦੌਰਾਨ ਅਹਿਮਦ ਸੁੂਲੇ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲ ਅਤੇ ਹਸਪਤਾਲ ਬਹੁਤ ਵਧੀਆ ਹਨ। ਉਨ੍ਹਾਂ ਕਿਹਾ, ‘‘ਮੈਂ ਸਕੂਲਾਂ ਨੂੰ ਦੇਖਣਾ ਚਾਹੁੰਦਾ ਹਾਂ ਅਤੇ ਦਿੱਲੀ ਦੇ ਸਿੱਖਿਆ-ਸਿਹਤ ਮਾਡਲ ਨੂੰ ਸਮਝਣਾ ਚਾਹੁੰਦਾ ਹਾਂ’’। ਇਸ ’ਤੇ ਕੇਜਰੀਵਾਲ ਨੇ ਸਕੂਲਾਂ ਅਤੇ ਹਸਪਤਾਲਾਂ ਦੇ ਦੌਰਿਆਂ ਦਾ ਸਮਾਂ ਜਲਦ ਤੋਂ ਜਲਦ ਤੈਅ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਿੱਖਿਆ ਮੰਤਰੀ ਆਤਿਸ਼ੀ ਅਤੇ ਡੀਡੀਸੀ ਦੀ ਉਪ ਪ੍ਰਧਾਨ ਜੈਸਮੀਨ ਸ਼ਾਹ ਵੀ ਮੌਜੂਦ ਸਨ। ਦਿੱਲੀ ਸਰਕਾਰ ਦੀ ਸਿਹਤ ਪ੍ਰਣਾਲੀ ਨੂੰ ਉਜਾਗਰ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਬਹੁਤ ਸਾਰੇ ਮਲਟੀ ਅਤੇ ਸੁਪਰ ਮਲਟੀ ਸਪੈਸ਼ਲਿਟੀ ਸਰਕਾਰੀ ਹਸਪਤਾਲ ਹਨ। ਦਿੱਲੀ ਸਰਕਾਰ ਵੱਲੋਂ 550 ਤੋਂ ਵੱਧ ਮੁਹੱਲਾ ਕਲੀਨਿਕ ਬਣਾਏ ਗਏ ਹਨ। ਇਨ੍ਹਾਂ ਮੁਹੱਲਾ ਕਲੀਨਿਕਾਂ ਵਿੱਚ ਲੋਕਾਂ ਨੂੰ ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਬਿਹਤਰ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਪੰਜਾਬ ਵਿੱਚ ਵੀ ‘ਆਪ’ ਸਰਕਾਰ ਨੇ ਇੱਕ ਸਾਲ ਵਿੱਚ 650 ਤੋਂ ਵੱਧ ਮੁਹੱਲਾ ਕਲੀਨਿਕ ਬਣਾਏ ਹਨ ਅਤੇ ਹੋਰ ਵੀ ਕਈ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਹਨ।
ਸੂਲੇ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਸਰਕਾਰੀ ਸਕੂਲਾਂ ਵਿੱਚ ਅਜਿਹੇ ਇਨਕਲਾਬੀ ਬਦਲਾਅ ਲਿਆਉਣ ਲਈ ਕੀ ਰਣਨੀਤੀ ਅਪਣਾਈ ਗਈ? ਇਸ ’ਤੇ ਕੇਜਰੀਵਾਲ ਨੇ ਕਿਹਾ, ‘‘ਜਦੋਂ ਤੋਂ ਅਸੀਂ ਸਰਕਾਰ ’ਚ ਆਏ ਹਾਂ, ਸਾਡਾ ਧਿਆਨ ਸਰਕਾਰੀ ਸਕੂਲ ’ਤੇ ਜ਼ਿਆਦਾ ਰਿਹਾ ਹੈ।’’ ਸਿੱਖਿਆ ਮੰਤਰੀ ਆਤਿਸ਼ੀ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਠੀਕ ਕਰਨ ਦਾ ਫੈਸਲਾ ਕੀਤਾ। ਸਕੂਲ ਦੀਆਂ ਨਵੀਆਂ ਇਮਾਰਤਾਂ ਬਣਵਾਈਆਂ ਤੇ ਡਿਜੀਟਲ ਕਲਾਸਰੂਮ, ਮਨੋਰੰਜਨ ਆਦਿ ਸਹੂਲਤਾਂ ਹਨ।