2.91 ਲੱਖ ਦੀ ਠੱਗੀ ਮਾਰਨ ਵਾਲਾ ਨਾਇਜੀਰੀਅਨ ਗ੍ਰਿਫ਼ਤਾਰ
ਚੰਡੀਗੜ੍ਹ: ਇੱਥੋਂ ਦੇ ਸੈਕਟਰ-39 ਵਿੱਚ ਰਹਿਣ ਵਾਲੀ ਮੁਟਿਆਰ ਦਾ ਨਾਮ ਤੇ ਨੰਬਰ ਮੈਟਰੀਮੋਨੀਅਲ ਸਾਈਟ ਤੋਂ ਹਾਸਲ ਕਰਕੇ ਵਿਆਹ ਕਰਵਾਉਣ ਦੇ ਨਾਮ ‘ਤੇ 2.91 ਲੱਖ ਰੁਪਏ ਦੀ ਧੋਖਾਧੜੀ ਹੋ ਗਈ ਹੈ। ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਧੋਖਾਧੜੀ ਕਰਨ ਵਾਲੇ ਨਾਇਜੀਰੀਅਨ ਵਿਅਕਤੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਕੋਲੋਂ 26 ਮੋਬਾਈਲ ਫੋਨ, 15 ਸਿਮ ਕਾਰਡ ਅਤੇ 27 ਏਟੀਐੱਮ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਪੀਟਰ ਵਾਸੀ ਨਵੀਂ ਦਿੱਲੀ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਨੂੰ 4 ਦਿਨਾਂ ਦੇ ਪੁਲੀਸ ਰਿਮਾਂਡ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਹੈ। ਪੁਲੀਸ ਨੇ ਇਹ ਕਾਰਵਾਈ ਸੈਕਟਰ-39 ਦੀ ਮੁਟਿਆਰ ਦੀ ਸ਼ਿਕਾਇਤ ‘ਤੇ ਕੀਤੀ ਹੈ। ਸ਼ਿਕਾਇਤਕਰਤਾ ਸਰਬਪ੍ਰੀਤ ਕੌਰ ਨੇ ਦੱਸਿਆ ਕਿ ਉਹ ਸੈਕਟਰ-39 ‘ਚ ਆਪਣੀ ਮਾਂ ਤੇ 12 ਸਾਲ ਦੇ ਪੁੱਤ ਨਾਲ ਰਹਿੰਦੀ ਹੈ। ਉਹ ਆਈਟੀ ਕੰਪਨੀ ‘ਚ ਕੰਮ ਕਰਦੀ ਹੈ। ਉਸ ਦਾ ਤਲਾਕ ਹੋ ਚੁੱਕਾ ਹੈ। ਉਸ ਨੇ ਮੈਟਰੀਮੋਨੀਅਲ ਸਾਈਟ ਤੇ ਆਪਣੀ ਜਾਣਕਾਰੀ ਸਾਂਝੀ ਕੀਤੀ ਸੀ। ਜਿੱਥੋਂ ਇਕ ਵਿਅਕਤੀ ਨੇ ਫੋਨ ਕਰਕੇ ਆਪਣਾ ਨਾਮ ਵਿਪਨ ਤੇ ਟੈਕਸੱਸ ਦੇਸ਼ ਦਾ ਨਾਗਰਿਕ ਦੱਸਿਆ। ਉਸ ਨੇ ਅਗਲੇ ਦਿਨ ਫੋਨ ਕਰਕੇ ਕਿਹਾ ਕਿ ਉਸ ਨੇ ਵਕੀਲ ਨਾਲ ਕਾਨੂੰਨੀ ਸਲਾਹ ਲੈ ਲਈ ਹੈ ਤੇ ਜ਼ਰੂਰੀ ਦਸਤਾਵੇਜ਼ ਤਿਆਰ ਕਰਕੇ ਭਾਰਤ ਆ ਰਿਹਾ ਹੈ। ਸ਼ਿਕਾਇਤਕਰਤਾ ਅਨੁਸਾਰ 13 ਫਰਵਰੀ 2023 ਨੂੰ ਏਅਰਪੋਰਟ ਅਥਾਰਿਟੀ ਦੇ ਨਾਮ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਦੋਸਤ ਕੋਲ ਜ਼ਿਆਦਾ ਮਾਤਰਾ ‘ਚ ਸਾਮਾਨ, ਸੋਨਾ, ਡਾਲਰ ਹੋਣ ਕਰ ਕੇ ਉਸ ਨੂੰ ਹਿਰਾਸਤ ‘ਚ ਲੈ ਲਿਆ ਹੈ। ਉਸ ਨੂੰ ਛੁਡਵਾਉਣ ਲਈ 36 ਹਜ਼ਾਰ ਰੁਪਏ ਜਮ੍ਹਾ ਕਰਵਾਉਣੇ ਪੈਣਗੇ। ਇਸ ਤੋਂ ਸਰਬਪ੍ਰੀਤ ਤੋਂ ਕਈ ਵਾਰ ‘ਚ 2.55 ਲੱਖ ਰੁਪਏ ਜਮ੍ਹਾਂ ਕਰਵਾ ਲਏ। ਇਸ ਤੋਂ ਬਾਅਦ ਮੁਲਜ਼ਮ ਨੇ ਆਪਣਾ ਫੋਨ ਬੰਦ ਕਰ ਦਿੱਤਾ। -ਟਨਸ