ਨਾਇਜੀਰੀਆ: ਪੈਟਰੋਲ ਟੈਂਕਰ ’ਚ ਧਮਾਕਾ; 140 ਤੋਂ ਵੱਧ ਹਲਾਕ
ਅਬੁਜਾ (ਨਾਇਜੀਰੀਆ):
ਨਾਇਜੀਰੀਆ ਦੇ ਉੱਤਰ-ਪੱਛਮੀ ਇਲਾਕੇ ਵਿੱਚ ਪੈਟਰੋਲ ਵਾਲਾ ਟੈਂਕਰ ਪਲਟਣ ਮਗਰੋਂ ਹੋਏ ਧਮਾਕੇ ਕਾਰਨ 140 ਤੋਂ ਵੱਧ ਵਿਅਕਤੀ ਹਲਾਕ ਤੇ ਦਰਜਨਾਂ ਜ਼ਖ਼ਮੀ ਹੋਏ। ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਟੈਂਕਰ ਪਲਟਣ ਮਗਰੋਂ ਦਰਜਨਾਂ ਲੋਕ ਪੈਟਰੋਲ ਲੈਣ ਲਈ ਵਾਹਨ ਵੱਲ ਗਏ ਸਨ। ਸਥਾਨਕ ਪੁਲੀਸ ਤਰਜਮਾਨ ਐੱਲ. ਐਡਮਸ ਨੇ ਦੱਸਿਆ ਕਿ ਜਿਗਾਵਾ ਸੂਬੇ ਦੇ ਮਾਜਿਆ ਕਸਬੇ ’ਚ ਅੱਧੀ ਰਾਤ ਨੂੰ ਇਹ ਧਮਾਕਾ ਡਰਾਈਵਰ ਕੋਲੋਂ ਟੈਂਕਰ ਬੇਕਾਬੂ ਹੋ ਕੇ ਪਲਟਣ ਮਗਰੋਂ ਹੋਇਆ। ਉਨ੍ਹਾਂ ਦੱਸਿਆ ਕਿ ਟੈਂਕਰ ਪਲਟਣ ਦੀ ਸੂਚਨਾ ਮਿਲਣ ਮਗਰੋਂ ਉਥੇ ਪਹੁੰਚੇ ਵਿਅਕਤੀ ਜਦੋਂ ਤੇ ਇਕੱਠਾ ਕਰ ਰਹੇ ਸਨ ਤਾਂ ਅਚਾਨਕ ਅੱਗ ਲੱਗਣ ਕਾਰਨ ਧਮਾਕਾ ਹੋ ਗਿਆ। ਮੌਕੇ ਤੋਂ ਪ੍ਰਾਪਤ ਵੀਡੀਓ ’ਚ ਭਿਆਨਕ ਅੱਗ ਲੱਗੀ ਹੋਈ ਅਤੇ ਘਟਨਾ ਸਥਾਨ ’ਤੇ ਲਾਸ਼ਾਂ ਖਿੱਲਰੀਆਂ ਪਈਆਂ ਦਿਖਾਈ ਦੇ ਰਹੀਆਂ। ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਮਾਜਿਆ ਕਸਬੇ ’ਚ ਲਾਸ਼ਾਂ ਨੂੰ ਸਮੂਹਿਕ ਤੌਰ ’ਤੇ ਦਬਾਇਆ ਗਿਆ। ਇਨ੍ਹਾਂ ਵਿਚੋਂ ਬਹੁਤੀਆਂ ਲਾਸ਼ਾਂ ਦੀ ਸ਼ਨਾਖਤ ਨਹੀਂ ਸਕੀ। -ਏਪੀ