ਨਿਕੋਲ ਕਿਡਮੈਨ ਦਾ ਕੌਮਾਂਤਰੀ ਫਿਲਮ ਮੇਲੇ ਵਿੱਚ ਹੋਵੇਗਾ ਵਿਸ਼ੇਸ਼ ਸਨਮਾਨ
ਲਾਸ ਏਂਜਲਸ: ਅਦਾਕਾਰਾ ਨਿਕੋਲ ਕਿਡਮੈਨ ਦਾ ਪਾਮ ਸਪਰਿੰਗ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ‘ਹੌਲੀਵੁੱਡ ਰਿਪੋਰਟਰ’ ਦੀ ਰਿਪੋਰਟ ਮੁਤਾਬਕ ਨਿਕੋਲ 2 ਤੋਂ 13 ਜਨਵਰੀ ਤੱਕ ਚੱਲਣ ਵਾਲੇ ਇਸ ਫੈਸਟੀਵਲ ’ਚ ਸਨਮਾਨਿਤ ਹੋਣ ਲਈ ਤਿਆਰ ਹੈ। ਫੈਸਟੀਵਲ ਦੇ ਚੇਅਰਮੈਨ ਨਛੱਤਰ ਸਿੰਘ ਚਾਂਦੀ ਨੇ ਕਿਹਾ, ‘‘ਨਿਕੋਲ ਕਿਡਮੈਨ ਨੇ ਇੱਕ ਵਾਰ ਫਿਰ ਦਲੇਰਾਨਾ ਅਤੇ ਔਖੀਆਂ ਭੂਮਿਕਾਵਾਂ ਸਹਿਜਤਾ ਨਾਲ ਨਿਭਾਉਂਦਿਆਂ ਆਪਣੀ ਬੇਮਿਸਾਲ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ। ਫ਼ਿਲਮ ‘ਬੇਬੀ ਗਰਲ’ ਵਿੱਚ ਉਸ ਨੇ ਸੀਈਓ ਦੀ ਭੂਮਿਕਾ ਨਿਭਾਈ ਹੈ, ਜਿਸ ਦੀ ਜ਼ਿੰਦਗੀ ਉਸ ਵੇਲੇ ਉਲਝਣ ਲੱਗਦੀ ਹੈ, ਜਦੋਂ ਉਹ ਜ਼ੋਖਮ ਭਰੇ ਵਿੱਚ ਮਾਮਲੇ ’ਚ ਪੈ ਜਾਂਦੀ ਹੈ, ਜੋ ਉਸ ਦੀ ਸਾਵਧਾਨੀ ਨਾਲ ਬਣਾਈ ਦੁਨੀਆਂ ਨੂੰ ਤਬਾਹ ਕਰ ਸਕਦਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਅਸੀਂ ਨਿਕੋਲ ਨੂੰ ‘ਇੰਟਰਨੈਸ਼ਨਲ ਸਟਾਰ ਐਵਾਰਡ’ ਨਾਲ ਸਨਮਾਨਿਤ ਕਰਾਂਗੇ।’’ ਜ਼ਿਕਰਯੋਗ ਹੈ ਕਿ ਨਿਕੋਲ ਕਿਡਮੈਨ ਨੂੰ ਹਾਲ ਹੀ ’ਚ ਫਿਲਮ ‘ਲਾਇਨ’ ਲਈ ‘ਇੰਟਰਨੈਸ਼ਨਲ ਸਟਾਰ ਐਵਾਰਡ’ ਮਿਲਿਆ ਸੀ। ਇਸ ਲਈ ਉਸ ਨੂੰ ਆਸਕਰ ’ਚ ‘ਸਰਵੋਤਮ ਅਭਿਨੇਤਰੀ’ ਲਈ ਵੀ ਨਾਮਜ਼ਦ ਕੀਤਾ ਗਿਆ ਸੀ। -ਏਐੱਨਆਈ