ਕੁਦਰਤ ਦਾ ਵਿਲੱਖਣ ਅਜੂਬਾ ਹੈ ਨਿਆਗਰਾ ਫਾਲਜ਼
ਰਾਜਿੰਦਰ ਸਿੰਘ ਰਾਜਨ
ਨਿਆਗਰਾ ਫਾਲਜ਼ ਦੁਨੀਆ ਦੇ ਸਭ ਤੋਂ ਵੱਡੇ ਤੇ ਸਭ ਤੋਂ ਪ੍ਰਸਿੱਧ ਝਰਨਿਆਂ ਵਿੱਚੋਂ ਹੈ ਜੋ ਟੋਰਾਂਟੋ (ਓਂਟਾਰੀਓ) ਤੋਂ ਤਕਰੀਬਨ 130 ਕਿਲੋਮੀਟਰ ਦੂਰ ਹੈ। ਇਸ ਦੇ ਇੱਕ ਪਾਸੇ ਕੈਨੇਡਾ ਅਤੇ ਦੂਜੇ ਪਾਸੇ ਅਮਰੀਕਾ ਹੈ। ਇਨ੍ਹਾਂ ਦੋਵਾਂ ਦੇਸ਼ਾਂ ਦੀ ਸਰਹੱਦ ’ਤੇ ਪੈਂਦੇ ਤਿੰਨ ਵਿਸ਼ਾਲ ਝਰਨੇ ਦੇਸ਼-ਵਿਦੇਸ਼ ਤੋਂ ਆਉਂਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ। ਆਪਣੀ ਕੁਦਰਤੀ ਸੁੰਦਰਤਾ, ਪਾਣੀ ਦੇ ਸ਼ਕਤੀਸ਼ਾਲੀ ਵੇਗ ਅਤੇ ਅਣਗਿਣਤ ਆਕਰਸ਼ਕ ਦ੍ਰਿਸ਼ਾਂ ਕਾਰਨ ਇਹ ਝਰਨੇ ਸੈਲਾਨੀਆਂ ਦੇ ਮਨੋਰੰਜਨ ਦਾ ਮੁੱਖ ਕੇਂਦਰ ਹਨ।
ਨਿਆਗਰਾ ਝਰਨਿਆਂ ਨੂੰ ਪੈਦਲ ਚੱਲ ਕੇ, ਜ਼ਿਪ ਲਾਈਨ ਐਡਵੈਂਚਰ, ਸਮੁੰਦਰੀ ਬੇੜੇ (ਕਰੂਜ਼) ਅਤੇ ਹੈਲੀਕਾਪਟਰ ਰਾਹੀਂ ਦੇਖਿਆ ਜਾ ਸਕਦਾ ਹੈ।
ਪੈਦਲ ਚੱਲ ਕੇ ਦੇਖਣ ਦੇ ਨਜ਼ਾਰੇ
ਨਿਆਗਰਾ ਫਾਲ ਦੇਖਣ ਲਈ ਨਿਆਗਰਾ ਦਰਿਆ ਦੇ ਕੰਢੇ-ਕੰਢੇ ਪੱਕਾ ਸ਼ਾਨਦਾਰ ਰਸਤਾ ਮੌਜੂਦ ਹੈ। ਇਸ ਰਸਤੇ ’ਤੇ ਚਲਦਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੈਲਾਨੀ ਇੱਥੇ ਠਾਠਾਂ ਮਾਰਦੇ ਸਮੁੰਦਰੀ ਪਾਣੀ ਦੀ ਸ਼ਕਤੀ ਨੂੰ ਨੇੜਿਓਂ ਵੇਖਦਿਆਂ ਤਿੰਨ ਪ੍ਰਮੁੱਖ ਝਰਨਿਆਂ ਦਾ ਬੇਹੱਦ ਖ਼ੂਬਸੂਰਤ ਅਤੇ ਰੋਮਾਂਚਕ ਅਨੁਭਵ ਹਾਸਲ ਕਰਦੇ ਹਨ। ਨਿਆਗਰਾ ਦਰਿਆ ਦੇ ਕੰਢੇ ਕੰਢੇ ਤੁਰਦਿਆਂ ਝਰਨਿਆਂ ਦੀਆਂ ਆਵਾਜ਼ਾਂ ਸੰਗੀਤਮਈ ਧੁਨਾਂ ਵਰਗੀਆਂ ਮਹਿਸੂਸ ਹੁੰਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਮਨ ਤਰੋਤਾਜ਼ਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਉੱਥੇ ਡਿੱਗਦੇ ਪਾਣੀ ਤੋਂ ਆਸਮਾਨ ਵੱਲ ਉੱਠਦੇ ਬੱਦਲਾਂ ਜਿਹੀਆਂ ਲਹਿਰਾਂ, ਧੁੰਦ ਵਰਗਾ ਦ੍ਰਿਸ਼ ਤੇ ਪਾਣੀ ਦੀਆਂ ਛੋਟੀਆਂ ਛੋਟੀਆਂ ਬੂੰਦਾਂ ਨਿਆਗਰਾ ਫਾਲ ਖੇਤਰ ਵਿੱਚ ਮੀਲਾਂ ਦੂਰੀ ’ਤੇ ਪੈਂਦੀਆਂ ਹਨ ਤਾਂ ਗਰਮੀ ਦੇ ਮੌਸਮ ਵਿੱਚ ਠੰਢ ਤੇ ਤਾਜ਼ਗੀ ਦਾ ਅਨੁਭਵ ਹੁੰਦਾ ਹੈ। ਇਸ ਦੇ ਆਲੇ-ਦੁਆਲੇ ਰੰਗ-ਬਰੰਗੇ ਫੁੱਲਾਂ, ਸ਼ੁੱਧ ਵਾਤਾਵਰਣ, ਸੁੰਦਰ ਪਾਰਕ, ਬੱਚਿਆਂ ਲਈ ਮਨੋਰੰਜਨ ਦੇ ਕਈ ਸਾਧਨ, ਝੂਲੇ, ਪਾਰਕ ਖ਼ੂਬਸੂਰਤੀ ਵਿੱਚ ਵਾਧਾ ਕਰਦੇ ਹਨ। ਝਰਨਿਆਂ ਸਾਹਮਣੇ ਆਲੀਸ਼ਾਨ ਹੋਟਲ, ਉੱਚੀਆਂ-ਉੱਚੀਆਂ ਦਿਲਕਸ਼ ਇਮਾਰਤਾਂ, ਸ਼ਾਨਦਾਰ ਸੜਕਾਂ, ਸੜਕਾਂ ’ਤੇ ਚੱਲਣ ਵਾਲੇ ਵਾਹਨ ਆਦਿ ਦੇਖਣ ਨੂੰ ਮਿਲਦੇ ਹਨ।
ਰਾਤ ਵੇਲੇ ਨਿਆਗਰਾ ਫਾਲਜ਼ ਦਾ ਮਨਮੋਹਕ ਦ੍ਰਿਸ਼ ਹੋਰ ਵੀ ਖਿੱਚ ਭਰਪੂਰ ਬਣ ਜਾਂਦਾ ਹੈ। ਰਾਤ ਨੂੰ ਇਨ੍ਹਾਂ ਤਿੰਨ ਝਰਨਿਆਂ ਉੱਪਰ ਰੰਗ ਬਿਰੰਗੀਆਂ ਰੋਸ਼ਨੀਆਂ ਛੱਡੀਆਂ ਜਾਂਦੀਆਂ ਹਨ ਤਾਂ ਇਹ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ ਜਿਸ ਦਾ ਅਨੁਭਵ ਯਾਦਗਾਰੀ ਪਲ ਬਣ ਜਾਂਦਾ ਹੈ।
ਨਿਆਗਰਾ ਫਾਲਜ਼ ਵਿਖੇ ਬਾਕਮਾਲ ਆਤਿਸ਼ਬਾਜ਼ੀ ਰਾਹੀਂ ਵੀ ਰਾਤ ਸਮੇਂ ਸੈਲਾਨੀਆਂ ਦਾ ਮਨੋਰੰਜਨ ਕੀਤਾ ਜਾਂਦਾ ਹੈ ਜਿਸ ਨੂੰ ਵੇਖ ਕੇ ਦਰਸ਼ਕ, ਖ਼ਾਸ ਕਰਕੇ ਬੱਚੇ ਝੂਮ ਉਠਦੇ ਹਨ।
ਨਿਆਗਰਾ ਫਾਲਜ਼ ਵਿੱਚ ਦਿਸਦੀ ਸਤਰੰਗੀ ਪੀਂਘ ਦਾ ਦ੍ਰਿਸ਼ ਕਮਾਲ ਦਾ ਹੁੰਦਾ ਹੈ। ਸ਼ਾਮ ਨੂੰ ਸੂਰਜ ਡੁੱਬਣ ਲੱਗਦਾ ਹੈ ਤਾਂ ਸਤਰੰਗੀ ਪੀਂਘ ਨਿਆਗਰਾ ਫਾਲਜ਼ ਉੱਪਰ ਗੇਟ ਵਾਂਗ ਦਿਖਾਈ ਦੇਣ ਲੱਗਦੀ ਹੈ। ਇਸ ਸਤਰੰਗੀ ਪੀਂਘ ਦਾ ਦ੍ਰਿਸ਼ ਹਰ ਵੇਖਣ ਵਾਲੇ ਦੇ ਦਿਲ ਨੂੰ ਖ਼ੁਸ਼ੀ ਅਤੇ ਅਸਚਰਜ ਨਾਲ ਭਰ ਦਿੰਦਾ ਹੈ।
ਨਿਆਗਰਾ ਦਰਿਆ, ਤਿੰਨ ਝਰਨੇ ਤੇ ਹੋਰ ਵੱਖ-ਵੱਖ ਖ਼ੂਬਸੂਰਤ ਦ੍ਰਿਸ਼ ਦੇਖਣ ਲਈ ਇਸੇ ਰਸਤੇ ’ਤੇ ਕੁਝ ਦੂਰਬੀਨਾਂ ਦਾ ਪੱਕੇ ਤੌਰ ’ਤੇ ਪ੍ਰਬੰਧ ਕੀਤਾ ਗਿਆ ਹੈ। ਵੱਖ-ਵੱਖ ਦ੍ਰਿਸ਼ ਮਾਣਨ ਲਈ ਸੈਲਾਨੀ ਇਨ੍ਹਾਂ ਦੂਰਬੀਨਾਂ ਦੀ ਵਰਤੋਂ ਕਰਦੇ ਹਨ।
ਜ਼ਿਪ ਲਾਈਨ ਐਡਵੈਂਚਰ
ਨਿਆਗਰਾ ਫਾਲ ਵਿਖੇ ਜ਼ਿਪ ਲਾਈਨ ਐਡਵੈਂਚਰ ਸੈਲਾਨੀਆਂ ਲਈ ਇੱਕ ਬਿਹਤਰੀਨ ਅਤੇ ਰੋਮਾਂਚਕ ਸਾਧਨ ਹੈ, ਜੋ ਦੁਨੀਆ ਭਰ ਦੇ ਸੈਲਾਨੀਆਂ ਲਈ ਇੱਕ ਖ਼ਾਸ ਆਕਰਸ਼ਣ ਹੈ। ਇਸ ਐਡਵੈਂਚਰ ਦੀ ਸ਼ੁਰੂਆਤ ਇੱਕ ਉੱਚ ਪਲੇਟਫਾਰਮ ਤੋਂ ਹੁੰਦੀ ਹੈ, ਜਿੱਥੋਂ ਤੁਸੀਂ ਨਿਆਗਰਾ ਫਾਲਜ਼ ਦੀ ਸੁੰਦਰਤਾ ਨੂੰ ਕਾਫ਼ੀ ਉਚਾਈ ਤੋਂ ਡੂੰਘਾਈ ਵਿੱਚ ਦੇਖ ਸਕਦੇ ਹੋ ਅਤੇ ਜ਼ਿਪ ਲਾਈਨ ’ਤੇ ਸਵਾਰ ਹੋ ਕੇ ਦਰਿਆ ਦੇ ਜਲਵਿਆਂ ਦੇ ਨਾਲ-ਨਾਲ ਪ੍ਰਸਿੱਧ ਜਲਪ੍ਰਪਾਤਾਂ ਦੇ ਦ੍ਰਿਸ਼ ਵੇਖ ਸਕਦੇ ਹੋ। ਜ਼ਿਪ ਲਾਈਨ ’ਤੇ ਸਵਾਰ ਹੋ ਕੇ ਹਵਾ ਵਿੱਚ ਉੱਡਦਿਆਂ, ਹਵਾ ਦੀ ਸ਼ਾਂਤ, ਮਧੁਰ ਅਤੇ ਝਰਨਿਆਂ ਦੇ ਪਾਣੀ ਦੇ ਗਰਜਣ ਦੀ ਆਵਾਜ਼ ਵੀ ਸੁਣਾਈ ਦੇਵੇਗੀ। ਇਹ ਜ਼ਿਪ ਲਾਈਨ ਐਡਵੈਂਚਰ ਤੁਹਾਡੇ ਅੰਦਰਲੇ ਜਨੂਨ ਨੂੰ ਜਗਾਉਂਦਾ ਹੈ।
ਸਮੁੰਦਰੀ ਬੇੜੇ (ਕਰੂਜ਼)
ਨਿਆਗਰਾ ਫਾਲਜ਼ ਓਂਨਟਾਰੀਓ ਵਿਖੇ ਚੱਲਦੇ ਸਮੁੰਦਰੀ ਬੇੜਿਆਂ (ਕਰੂਜ਼) ਦੀ ਕੌਮਾਂਤਰੀ ਪੱਧਰ ’ਤੇ ਤੂਤੀ ਬੋਲਦੀ ਹੈ। ਬੇੜਿਆਂ ਦੇ ਝੂਟੇ ਤੇ ਇਨ੍ਹਾਂ ’ਤੇ ਚੜ੍ਹ ਕੇ ਵੱਖ-ਵੱਖ ਦ੍ਰਿਸ਼ ਦੇਖਣ ਲਈ ਇਹ ਜਗ੍ਹਾ ਹਮੇਸ਼ਾ ਹਜ਼ਾਰਾਂ ਸੈਲਾਨੀਆਂ ਨਾਲ ਭਰੀ ਰਹਿੰਦੀ ਹੈ। ਜਦੋਂ ਸਮੁੰਦਰੀ ਬੇੜਾ ਨਿਆਗਰਾ ਫਾਲਜ਼ ਦੇ ਨੇੜੇ ਪਹੁੰਚਦਾ ਹੈ ਤਾਂ ਬੇੜੇ ਦਾ ਹਿਲਣਾ ਵਧ ਜਾਂਦਾ ਹੈ। ਦਰਿਆ ਦੇ ਪਾਣੀ ਦੇ ਵਹਾਅ ਤੇ ਉੱਤੋਂ ਹੇਠਾਂ ਡਿੱਗ ਰਹੇ ਝਰਨੇ ਦੇ ਪਾਣੀ ਦੀ ਰਫ਼ਤਾਰ ਮਿਲ ਕੇ ਬੇੜੇ ਨੂੰ ਝਰਨੇ ਅੰਦਰ ਵੜਨਾ ਪੈਂਦਾ ਹੈ ਤਾਂ ਬੇੜੇ ਦੀ ਜ਼ੋਰ ਅਜ਼ਮਾਇਸ਼ ਦੇਖਣ ਯੋਗ ਹੁੰਦੀ ਹੈ। ਝਰਨਿਆਂ ਦੇ ਅੰਦਰ ਪਾਣੀ ਦੀਆਂ ਧਾਰਾਂ ਸੈਲਾਨੀਆਂ ’ਤੇ ਪੈਂਦੀਆਂ ਹਨ ਤਾਂ ਪ੍ਰਬੰਧਕਾਂ ਵੱਲੋਂ ਮੁਹੱਈਆ ਕੀਤੇ ਰੇਨ ਕੋਟ ਵੀ ਨਾ ਪਾਉਣ ਵਰਗੀ ਗੱਲ ਹੋ ਜਾਂਦੀ ਹੈ।
ਹੈਲੀਕਾਪਟਰ
ਆਪਣੇ ਬਜਟ ਨੂੰ ਮੁੱਖ ਰੱਖਦਿਆਂ ਸੈਲਾਨੀ ਨਿਆਗਰਾ ਫਾਲਜ਼ ਦੀ ਚਮਕ ਦਮਕ, ਆਲੇ-ਦੁਆਲੇ ਦੇ ਹਰੇ-ਭਰੇ ਮੈਦਾਨਾਂ, ਤਿੰਨਾਂ ਝਰਨਿਆਂ ਦੀ ਖ਼ੂਬਸੂਰਤੀ, ਸ਼ਾਨਦਾਰ ਵਿਸ਼ਾਲ ਤੇ ਉੱਚੀਆਂ ਇਮਾਰਤਾਂ, ਨਿਆਗਰਾ ਦਰਿਆ ਦੇ ਖਿੱਤੇ ਅਤੇ ਹੇਠਾਂ ਖੜ੍ਹੇ ਯਾਤਰੀਆਂ ਨੂੰ ਹੈਲੀਕਾਪਟਰ ਦੀ ਉਡਾਣ ਜ਼ਰੀਏ ਬਹੁਤ ਹੀ ਵਿਆਪਕ ਢੰਗ ਨਾਲ ਉਚਾਈ ਤੋਂ ਵੇਖ ਸਕਦੇ ਹਨ। ਗਰਮੀ ਦੀ ਰੁੱਤ ਵਿੱਚ ਬੱਚਿਆਂ ਨੂੰ ਸਕੂਲਾਂ ਦੀਆਂ ਛੁੱਟੀਆਂ ਹੋਣ ਕਰਕੇ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਤੋਂ ਸੈਲਾਨੀ ਨਿਆਗਰਾ ਫਾਲਜ਼ ਦਾ ਆਨੰਦ ਮਾਣਨ ਲਈ ਰੋਜ਼ਾਨਾ ਵੱਡੀ ਗਿਣਤੀ ਵਿੱਚ ਆਉਂਦੇ ਹਨ ਤੇ ਇੱਥੇ ਮੇਲੇ ਵਰਗਾ ਮਾਹੌਲ ਬਣਿਆ ਹੁੰਦਾ ਹੈ।
ਸੰਪਰਕ: 94174-27656