ਜਮਹੂਰੀ ਆਵਾਜ਼ਾਂ ਦਬਾਉਣ ਲਈ ਐੱਨਆਈਏ ਨੂੰ ਹਥਿਆਰ ਬਣਾਇਆ ਗਿਐ: ਲੋਕ ਚੇਤਨਾ ਮੰਚ
ਪੱਤਰ ਪ੍ਰੇਰਕ
ਲਹਿਰਾਗਾਗਾ, 30 ਅਗਸਤ
ਲੋਕ ਚੇਤਨਾ ਮੰਚ, ਲਹਿਰਾਗਾਗਾ ਵੱਲੋਂ ਚੰਡੀਗੜ੍ਹ, ਪੰਜਾਬ, ਹਰਿਆਣਾ ਤੇ ਯੂਪੀ ਵਿੱਚ ਕੇਂਦਰੀ ਜਾਂਚ ਏਜੰਸੀ ਵੱਲੋਂ ਲੋਕ ਪੱਖੀ ਵਕੀਲਾਂ ਤੇ ਜਮਹੂਰੀ ਲਹਿਰ ਦੇ ਆਗੂਆਂ ਦੇ ਘਰਾਂ ’ਤੇ ਛਾਪੇ ਮਾਰਨ ਦੀ ਨਿਖੇਧੀ ਕੀਤੀ ਹੈ। ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਤੇ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਐਡਵੋਕੇਟ ਮਨਦੀਪ, ਐਡਵੋਕੇਟ ਆਰਤੀ ਤੇ ਐਡਵੋਕੇਟ ਅਜੈ ਕੁਮਾਰ ਦੇ ਘਰਾਂ ’ਚ ਛਾਪੇ ਮਾਰੇ ਗਏ ਹਨ। ਪੰਜਾਬ ਵਿੱਚ ਕਿਸਾਨ ਆਗੂ ਸੁਖਵਿੰਦਰ ਕੌਰ ਰਾਮਪੁਰਾ ਦੇ ਘਰ ਵਿੱਚ ਵੀ ਐੱਨਆਈਏ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਹੇਠ ਕਿਸਾਨ ਤੇ ਹੋਰ ਜਮਹੂਰੀ ਲੋਕ ਘਰ ਦੇ ਬਾਹਰ ਇਕੱਠੇ ਹੋ ਕੇ ਇਸ ਤਾਨਾਸ਼ਾਹ ਕਾਰਵਾਈ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰ ਉਸ ਤਾਕਤ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਹਕੂਮਤ ਦੀਆਂ ਲੋਕਵਿਰੋਧੀ ਨੀਤੀਆਂ ਦੀ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਲੋਕਪੱਖੀ ਜਮਹੂਰੀ ਆਵਾਜ਼ਾਂ ਨੂੰ ਕੁਚਲਣ ਲਈ ਐੱਨਆਈਏ ਨੂੰ ਹਥਿਆਰ ਬਣਾਇਆ ਗਿਆ ਹੈ। ਉਨ੍ਹਾਂ ਸਮੂਹ ਇਨਸਾਫ਼ ਪਸੰਦ ਤਾਕਤਾਂ ਤੇ ਜਥੇਬੰਦੀਆਂ ਨੂੂੰ ਲੋਕਪੱਖੀ ਬੁੱਧੀਜੀਵੀਆਂ, ਵਕੀਲਾਂ ਅਤੇ ਜਮਹੂਰੀ ਕਾਰਕੁਨਾਂ ਵਿਰੁੱਧ ਐੱਨਆਈਏ ਨੂੰ ਹਥਿਆਰ ਬਣਾ ਕੇ ਵਰਤਣ ਦਾ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ।