ਐੱਨਆਈਏ ਵੱਲੋਂ ਮੋਗਾ ’ਚ ਟਰੱਕ ਡਰਾਈਵਰ ਦੇ ਘਰ ਛਾਪਾ
ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਸਤੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਟੀਮ ਨੇ ਅੱਜ ਤੜਕਸਾਰ ਜ਼ਿਲ੍ਹੇ ਦੇ ਸ਼ਹਿਰ ਨੁਮਾ ਕਸਬਾ ਬਿਲਾਸਪੁਰ ਸਥਿਤ ਟਰੱਕ ਡਰਾਈਵਰ ਕੁਲਵੰਤ ਸਿੰਘ (42) ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਅਤੇ ਕਈ ਘੰਟੇ ਘਰ ਦੀ ਤਲਾਸ਼ੀ ਲਈ। ਇਸ ਦੌਰਾਨ ਐੱਨਆਈਏ ਅਧਿਕਾਰੀਆਂ ਨਾਲ ਪੰਜਾਬ ਪੁਲੀਸ ਦੀ ਟੀਮ ਵੀ ਮੌਜੂਦ ਰਹੀ। ਟਰੱਕ ਡਰਾਈਵਰ ਕੁਲਵੰਤ ਸਿੰਘ ਨੇ ਕਿਹਾ ਕਿ ਐੱਨਆਈਏ ਦੀ ਟੀਮ ਸਵੇਰੇ ਪੰਜ ਵਜੇ ਉਨ੍ਹਾਂ ਦੇ ਘਰ ਪਹੁੰਚੀ ਅਤੇ ਵੱਖ-ਵੱਖ ਥਾਵਾਂ ਦੀ ਤਲਾਸ਼ੀ ਲਈ। ਇਸ ਦੌਰਾਨ ਉਸ ਤੋਂ ਕਰੀਬ ਡੇਢ-ਦੋ ਘੰਟੇ ਤੱਕ ਪੁੱਛ-ਪੜਤਾਲ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਐੱਨਆਈਏ ਦੀ ਟੀਮ ਨੇ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨ ਤੇ ਘਰ ਦੀ ਡੂੰਘਾਈ ਨਾਲ ਤਲਾਸ਼ੀ ਲਈ। ਉਨ੍ਹਾਂ ਦਾਅਵਾ ਕੀਤਾ ਕਿ ਐੱਨਆਈਏ ਟੀਮ ਨੂੰ ਘਰ ਵਿੱਚੋਂ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ।
ਉਨ੍ਹਾਂ ਦੱਸਿਆ ਕਿ ਉਹ ਕੈਨੇਡਾ ਤੋਂ ਪ੍ਰਸਾਰਿਤ ਚੈਨਲ ਦੇਖਦਾ ਰਹਿੰਦਾ ਹੈ। ਐੱਨਆਈਏ ਨੂੰ ਉਸਦੇ ਗਰਮਖਿਆਲੀ ਵਿਚਾਰਧਾਰਾ ਨਾਲ ਜੁੜੇ ਹੋਣ ਅਤੇ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਉਣ ਦਾ ਸ਼ੱਕ ਹੈ। ਟੀਮ ਨੇ ਕੁਲਵੰਤ ਸਿੰਘ ਨੂੰ ਭਵਿੱਖ ਵਿੱਚ ਅਜਿਹਾ ਨਾ ਕਰਨ ਦੀ ਹਦਾਇਤ ਵੀ ਕੀਤੀ। ਐੱਨਆਈਏ ਟੀਮ ਨੇ ਤਲਾਸ਼ੀ ਮੁਹਿੰਮ ਦੌਰਾਨ ਕਿਸੇ ਨੂੰ ਘਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਕੁਲਵੰਤ ਸਿੰਘ ਨੇ ਕਿਹਾ ਕਿ ਉਹ ਪੇਸ਼ੇ ਵਜੋਂ ਡਰਾਈਵਰ ਹੈ ਅਤੇ ਉਹ ਰਾਮਪੁਰਾ ਵਿੱਚ ਇੱਕ ਸੀਮਿੰਟ ਫੈਕਟਰੀ ਵਿੱਚ ਕੰਮ ਕਰਦਾ ਹੈ।