For the best experience, open
https://m.punjabitribuneonline.com
on your mobile browser.
Advertisement

ਐੱਨਆਈਏ ਵੱਲੋਂ ਕਿਸਾਨਾਂ ਅਤੇ ਵਕੀਲਾਂ ਦੇ ਘਰਾਂ ’ਤੇ ਛਾਪੇ

07:08 AM Aug 31, 2024 IST
ਐੱਨਆਈਏ ਵੱਲੋਂ ਕਿਸਾਨਾਂ ਅਤੇ ਵਕੀਲਾਂ ਦੇ ਘਰਾਂ ’ਤੇ ਛਾਪੇ
ਰਾਮਪੁਰਾ ਫੂਲ ਦੇ ਪਿੰਡ ’ਚ ਕਿਸਾਨ ਮਹਿਲਾ ਨੇਤਾ ਦੇ ਘਰ ਪੁੱਜੀ ਐੱਨਆਈਏ ਦੀ ਟੀਮ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 30 ਅਗਸਤ
ਕੌਮੀ ਜਾਂਚ ਏਜੰਸੀ (ਐੱਨਆਈਏ) ਦੀਆਂ ਵੱਖ-ਵੱਖ ਟੀਮਾਂ ਨੇ ਅੱਜ ਕਿਸਾਨਾਂ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ ਦੋ ਵਕੀਲਾਂ ਅਤੇ ਮਹਿਲਾ ਕਿਸਾਨ ਆਗੂ ਦੇ ਘਰਾਂ ’ਤੇ ਛਾਪੇ ਮਾਰੇ। ਕਿਸਾਨਾਂ ਨੇ ਛਾਪਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਬਕਾਇਆ ਮੰਗਾਂ ਮਨਵਾਉਣ ਲਈ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਕੇਂਦਰ ਦੀ ਭਾਜਪਾ ਸਰਕਾਰ ਨੇ ਜਾਂਚ ਏਜੰਸੀ ਦਾ ਸਹਾਰਾ ਲਿਆ ਹੈ।
ਐੱਨਆਈਏ ਦੀ ਟੀਮ ਨੇ ਯੂਨੀਟੈੱਕ ਸੁਸਾਇਟੀ ਮੁਹਾਲੀ ਵਿੱਚ ਰਹਿੰਦੇ ਵਕੀਲ ਮਨਦੀਪ ਸਿੰਘ ਦਾ ਘਰ ਛਾਣ ਮਾਰਿਆ। ਏਜੰਸੀ ਦੀ ਦੂਜੀ ਟੀਮ ਨੇ ਵਕੀਲ ਰੋਹਿਤ ਕੁਮਾਰ ਦੇ ਸੈਕਟਰ-97 ਸਥਿਤ ਘਰ ਵਿੱਚ ਛਾਪਾ ਮਾਰਿਆ ਅਤੇ ਦੇਰ ਤੱਕ ਫਰੋਲਾ-ਫਰੋਲੀ ਕਰਦੇ ਰਹੇ। ਇਸੇ ਤਰ੍ਹਾਂ ਮਹਿਲਾ ਕਿਸਾਨ ਆਗੂ ਬੀਬੀ ਸੁਖਵਿੰਦਰ ਕੌਰ ਦੇ ਰਾਮਪੁਰਾ ਫੂਲ ਸਥਿਤ ਪਿੰਡ ਿਵਚਲੇ ਘਰ ’ਚ ਵੀ ਐੱਨਆਈਏ ਨੇ ਛਾਪਾ ਮਾਰਿਆ। ਨਵਾਂਗਰਾਉਂ ’ਚ ਮਹਿਲਾ ਵਕੀਲ ਆਰਤੀ ਦੇ ਘਰ ’ਤੇ ਵੀ ਐੱਨਆਈਏ ਨੇ ਛਾਪਾ ਮਾਰਿਆ। ਕਈ ਹੋਰ ਕਿਸਾਨ ਆਗੂਆਂ ਅਤੇ ਵਕੀਲਾਂ ਦੇ ਘਰਾਂ ’ਤੇ ਵੀ ਛਾਪਿਆਂ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦਿੱਲੀ ਅੰਦੋਲਨ ਦੇ ਦੂਜੇ ਪੜਾਅ ਤਹਿਤ ਸ਼ੰਭੂ ਬਾਰਡਰ, ਖਨੌਰੀ ਅਤੇ ਰਤਨਪੁਰਾ ਰਾਜਸਥਾਨ ਵਿਖੇ ਕਿਸਾਨਾਂ ਨੇ ਪੱਕੇ ਮੋਰਚੇ ਲਾਏ ਹੋਏ ਹਨ। ਇਨ੍ਹਾਂ ਮੋਰਚਿਆਂ ਦੇ ਭਲਕੇ 31 ਅਗਸਤ ਨੂੰ 200 ਦਿਨ ਪੂਰੇ ਹੋ ਰਹੇ ਹਨ ਅਤੇ ਕਿਸਾਨਾਂ ਵੱਲੋਂ ਇਨ੍ਹਾਂ ਥਾਵਾਂ ’ਤੇ ਵੱਡੇ ਇਕੱਠ ਕਰਕੇ ਕੇਂਦਰ ਸਰਕਾਰ ਅਤੇ ਭਾਜਪਾ ਵਿਰੁੱਧ ਪ੍ਰਦਰਸ਼ਨ ਕੀਤੇ ਜਾਣਗੇ। ਉਸ ਤੋਂ ਪਹਿਲਾਂ ਐੱਨਆਈਏ ਵੱਲੋਂ ਛਾਪੇ ਮਾਰੇ ਗਏ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਮਹਿਲਾ ਆਗੂ ਬੀਬੀ ਸੁਖਵਿੰਦਰ ਕੌਰ ਅਤੇ ਮੁਹਾਲੀ ਵਿੱਚ ਕਈ ਲੋਕ-ਪੱਖੀ ਵਕੀਲਾਂ ਦੇ ਘਰਾਂ ’ਤੇ ਛਾਪੇ ਮਾਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬੁੱਧੀਜੀਵੀਆਂ, ਸਮਾਜ ਸੇਵੀਆਂ ਅਤੇ ਵਿਰੋਧੀ ਵਿਚਾਰ ਵਾਲਿਆਂ ਨੂੰ ਕੌਮੀ ਏਜੰਸੀਆਂ ਰਾਹੀਂ ਡਰਾ-ਧਮਕਾ ਕੇ ਅਤੇ ਜੇਲ੍ਹਾਂ ਵਿੱਚ ਡੱਕ ਕੇ ਉਨ੍ਹਾਂ ਦੀ ਆਵਾਜ਼ ਬੰਦ ਕਰਨ ਦਾ ਭਰਮ ਪਾਲ ਰਹੀ ਹੈ। ਉਨ੍ਹਾਂ ਕਿਹਾ ਕਿ ਐੱਨਆਈਏ ਦੇਸ਼ ਵਿਰੋਧੀ ਅਤੇ ਹਿੰਸਕ ਕਾਰਵਾਈਆਂ ਦੀ ਜਾਂਚ ਲਈ ਬਣਾਈ ਗਈ ਸੀ ਪ੍ਰੰਤੂ ਕੇਂਦਰ ਉਨ੍ਹਾਂ ਦੀ ਵਰਤੋਂ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਕਰ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 31 ਅਗਸਤ ਨੂੰ ਸ਼ੰਭੂ ਬਾਰਡਰ ਸਮੇਤ ਹੋਰ ਥਾਵਾਂ ’ਤੇ ਕਿਸਾਨਾਂ ਵੱਲੋਂ ਵੱਡੇ ਇਕੱਠ ਕੀਤੇ ਜਾ ਰਹੇ ਹਨ ਪਰ ਕੇਂਦਰ ਸਰਕਾਰ ਕੌਮੀ ਏਜੰਸੀਆਂ ਦੀ ਨਾਜਾਇਜ਼ ਵਰਤੋਂ ਕਰਕੇ ਕਿਸਾਨਾਂ ਨੂੰ ਡਰਾਉਣ ਦੇ ਰਾਹ ਪੈ ਗਈ ਹੈ।

Advertisement

ਵੀਐੱਚਪੀ ਆਗੂ ਦੀ ਹੱਤਿਆ ਮਾਮਲੇ ’ਚ ਵੀ ਮਾਰੇ ਛਾਪੇ

ਨਵੀਂ ਦਿੱਲੀ: ਐੱਨਆਈਏ ਨੇ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਵਿਕਾਸ ਪ੍ਰਭਾਕਰ ਦੀ ਹੱਤਿਆ ਦੀ ਜਾਂਚ ਦੇ ਸਬੰਧ ’ਚ ਅੱਜ ਪੰਜਾਬ ’ਚ ਛਾਪੇ ਮਾਰੇ। ਵੀਐੱਚਪੀ ਦੀ ਨੰਗਲ ਇਕਾਈ ਦੇ ਪ੍ਰਧਾਨ ਪ੍ਰਭਾਕਰ ਉਰਫ਼ ਵਿਕਾਸ ਬੱਗਾ ਦਾ 13 ਅਪਰੈਲ ਨੂੰ ਉਸ ਦੀ ਕਨਫੈਕਸ਼ਨਰੀ ਦੀ ਦੁਕਾਨ ’ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਐੱਨਆਈਏ ਨੇ ਧਰਮਿੰਦਰ ਕੁਮਾਰ ਉਰਫ਼ ਕੁਨਾਲ (22) ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਸੀ ਜਿਸ ਨੇ ਖਾਲਿਸਤਾਨੀ ਦਹਿਸ਼ਤਗਰਦ ਹਰਵਿੰਦਰ ਕੁਮਾਰ ਉਰਫ਼ ਸੋਨੂ ਦੇ ਨਿਰਦੇਸ਼ਾਂ ’ਤੇ ਸ਼ੂਟਰਾਂ ਨੂੰ ਹਥਿਆਰ ਸਪਲਾਈ ਕੀਤੇ ਸਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement