ਐੱਨਆਈਏ ਵੱਲੋਂ ਬਠਿੰਡਾ ਦੇ ਪ੍ਰਤਾਪ ਨਗਰ ’ਚ ਛਾਪਾ
ਮਨੋਜ ਸ਼ਰਮਾ
ਬਠਿੰਡਾ, 22 ਜਨਵਰੀ
ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਨੇ ਅੱਜ ਸਵੇਰੇ ਕਰੀਬ ਚਾਰ ਵਜੇ ਬਠਿੰਡਾ ਦੇ ਕਨਾਲ ਕਲੋਨੀ ਥਾਣੇ ਦੇ ਅਧੀਨ ਪੈਂਦੇ ਪ੍ਰਤਾਪ ਨਗਰ ਵਿੱਚ ਛਾਪਾ ਮਾਰਿਆ। ਇੱਥੇ ਗਲੀ ਨੰਬਰ-19 ਵਿੱਚ ਸਥਿਤ ਇਹ ਘਰ ਗੁਰਪ੍ਰੀਤ ਸਿੰਘ ਜੌੜਾ ਉਰਫ਼ ਸਨੀ ਅਤੇ ਮੋਨੂ ਜੌੜਾ ਦਾ ਦੱਸਿਆ ਜਾ ਰਿਹਾ ਹੈ। ਐੱਨਆਈਏ ਟੀਮ ਗੁਆਂਢੀਆਂ ਦੇ ਦਰਵਾਜ਼ਿਆਂ ਰਾਹੀਂ ਦਾਖ਼ਲ ਹੋ ਕੇ ਛੱਤ ਰਾਹੀਂ ਹੁੰਦੀ ਹੋਈ ਸਬੰਧਤ ਮਕਾਨ ਵਿੱਚ ਪੁੱਜੀ। ਟੀਮ ਵੱਲੋਂ ਪੂਰੇ ਘਰ ਦੀ ਤਲਾਸ਼ੀ ਲਈ ਗਈ ਤੇ ਚਾਰ ਘੰਟਿਆਂ ਤਕ ਪੁੱਛ-ਪੜਤਾਲ ਕੀਤੀ। ਜਾਣਕਾਰੀ ਅਨੁਸਾਰ ਤਲਾਸ਼ੀ ਦੌਰਾਨ ਟੀਮ ਨੇ ਕਈ ਦਸਤਾਵੇਜ਼ ਅਤੇ ਜ਼ਰੂਰੀ ਕਾਗਜ਼ਾਤ ਸਣੇ ਮੋਬਾਈਲ ਫੋਨ ਵੀ ਜ਼ਬਤ ਕੀਤੇ ਹਨ। ਪੁਲੀਸ ਸੂਤਰਾਂ ਮੁਤਾਬਕ ਦੋਵੇਂ ਵਿਅਕਤੀ ਮਾਡਲਿੰਗ ਅਤੇ ਇਮੀਗ੍ਰੇਸ਼ਨ ਦੇ ਕੰਮ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਕਿਸੇ ਗੈਂਗਸਟਰ ਨਾਲ ਸਬੰਧ ਹੋਣ ਦੇ ਸ਼ੱਕ ਹੇਠ ਇਹ ਕਾਰਵਾਈ ਕੀਤੀ ਗਈ। ਐੱਨਏਆਈ ਨੇ ਗੁਰਪ੍ਰੀਤ ਸਿੰਘ ਨੂੰ 27 ਜਨਵਰੀ ਨੂੰ ਪੜਤਾਲ ਲਈ ਚੰਡੀਗੜ੍ਹ ਬੁਲਾਇਆ ਹੈ। ਕਨਾਲ ਕਲੋਨੀ ਥਾਣੇ ਦੇ ਐੱਸਐੱਚਓ ਹਰਜੀਵਨ ਸਿੰਘ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ ਦੀ ਟੀਮ ਨੇ ਸੋਨੂ ਜੌੜਾ ਅਤੇ ਮੋਨੂ ਜੌੜਾ ਦੇ ਘਰ ਵਿੱਚ ਸਵੇਰੇ ਕਰੀਬ 4 ਵਜੇ ਛਾਪਾ ਮਾਰਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲੀਸ ਨੇ ਸਿਰਫ਼ ਜਾਂਚ ਟੀਮ ਨੂੰ ਸੁਰੱਖਿਆ ਮੁਹੱਈਆ ਕਰਵਾਈ ਸੀ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਨੂੰ ਘਰ ਦੇ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਐੱਨਆਈਏ ਦੀ ਟੀਮ ਨੇ ਉਨ੍ਹਾਂ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਪ੍ਰਤਾਪ ਨਗਰ ਵਿੱਚ ਐੱਨਆਈਏ ਦੀ ਇਸ ਅਚਨਚੇਤ ਕਾਰਵਾਈ ਕਾਰਨ ਇਲਾਕੇ ਦੇ ਦੁਕਾਨਦਾਰਾਂ, ਵਪਾਰੀਆਂ ਅਤੇ ਸਿਆਸੀ ਆਗੂਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।