ਐੱਨਆਈਏ ਅਧਿਕਾਰੀਆਂ ਨੇ ਪਿੰਡ ਵਾਸੀਆਂ ’ਤੇ ਹਮਲਾ ਕੀਤਾ: ਮਮਤਾ
ਬਾਲੂਰਘਾਟ (ਪੱਛਮੀ ਬੰਗਾਲ), 6 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਪੂਰਬੀ ਮੇਦਨੀਪੁਰ ਜ਼ਿਲ੍ਹੇ ਵਿੱਚ ਪੈਂਦੇ ਭੂਪਤੀਨਗਰ ਇਲਾਕੇ ਵਿੱਚ ਪਿੰਡ ਵਾਸੀਆਂ ਨੇ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਅਧਿਕਾਰੀਆਂ ’ਤੇ ਹਮਲਾ ਨਹੀਂ ਕੀਤਾ ਬਲਕਿ ਐੱਨਆਈਏ ਦੇ ਅਧਿਕਾਰੀਆਂ ਨੇ ਉਨ੍ਹਾਂ ਉੱਪਰ ਹਮਲਾ ਕੀਤਾ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਜਾਂਚ ਏਜੰਸੀ ਦੀ ਟੀਮ ‘2022 ਵਿੱਚ ਪਟਾਕੇ ਫੂਕਣ’ ਦੀ ਇਕ ਘਟਨਾ ਦੀ ਜਾਂਚ ਦੇ ਸਬੰਧ ਵਿੱਚ ਤੜਕੇ ਪਿੰਡ ਵਾਸੀਆਂ ਦੇ ਘਰਾਂ ਵਿੱਚ ਗਈ ਸੀ। ਉਨ੍ਹਾਂ ਪਿੰਡ ਵਾਸੀਆਂ ਵੱਲੋਂ ਟੀਮ ’ਤੇ ਹਮਲਾ ਕੀਤੇ ਜਾਣ ਦੀਆਂ ਖ਼ਬਰਾਂ ਤੋਂ ਇਨਕਾਰ ਕੀਤਾ।
ਬੈਨਰਜੀ ਨੇ ਦੱਖਣੀ ਦੀਨਾਜਪੁਰ ਜ਼ਿਲ੍ਹੇ ਦੇ ਬਾਲੂਰਘਾਟ ਵਿੱਚ ਇਕ ਚੋਣ ਰੈਲੀ ਦੌਰਾਨ ਕਿਹਾ, ‘‘ਹਮਲਾ ਭੂਪਤੀਨਗਰ ਦੀਆਂ ਔਰਤਾਂ ਨੇ ਨਹੀਂ ਕੀਤਾ ਸੀ ਬਲਕਿ ਐੱਨਆਈਏ ਦੀ ਟੀਮ ਨੇ ਕੀਤਾ ਸੀ।’’ ਉਨ੍ਹਾਂ ਕਿਹਾ, ‘‘ਜੇਕਰ ਔਰਤਾਂ ’ਤੇ ਹਮਲਾ ਹੋਵੇਗਾ ਤਾਂ ਕੀ ਔਰਤਾਂ ਸ਼ਾਂਤ ਬੈਠਣਗੀਆਂ?’’ ਉਨ੍ਹਾਂ ਕਿਹਾ ਕਿ ਦਸੰਬਰ 2022 ਦੀ ਘਟਨਾ ਨੂੰ ਲੈ ਕੇ ਐੱਨਆਈਏ ਅਧਿਕਾਰੀਆਂ ਦਾ ਉਨ੍ਹਾਂ ਦੇ ਘਰਾਂ ਵਿੱਚ ਜਾਣ ਦਾ ਸਿਰਫ਼ ਵਿਰੋਧ ਕੀਤਾ ਸੀ। ਐੱਨਆਈਏ ਦੀ ਕਾਰਵਾਈ ਪਿੱਛੇ ਇਕ ਸਿਆਸੀ ਮਕਸਦ ਹੋਣ ਦਾ ਦੋਸ਼ ਲਾਉਂਦਿਆਂ ਮਮਤਾ ਬੈਨਰਜੀ ਨੇ ਇਸ ਕਾਰਵਾਈ ਨੂੰ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੂੰ ਡਰਾਉਣ ਲਈ ਕੀਤੀ ਕਾਰਵਾਈ ਕਰਾਰ ਦਿੱਤਾ।
ਉਨ੍ਹਾਂ ਸਵਾਲ ਕੀਤਾ ਕਿ ਜਾਂਚ ਏਜੰਸੀ ਦਸੰਬਰ 2022 ਦੇ ਇਸ ਮਾਮਲੇ ਵਿੱਚ ਹੁਣ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਗ੍ਰਿਫ਼ਤਾਰ ਕਿਉਂ ਕਰ ਰਹੀ ਹੈ। ਟੀਐੱਮਸੀ ਮੁਖੀ ਨੇ ਦੋਸ਼ ਲਾਇਆ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਚੋਣਾਂ ਜਿੱਤਣ ਲਈ ਕੇਂਦਰੀ ਏਜੰਸੀਆਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਚੋਣ ਕਮਿਸ਼ਨ ਪਾਰਦਰਸ਼ੀ ਢੰਗ ਨਾਲ ਕੰਮ ਕਰੇ, ਨਾ ਕਿ ਭਾਜਪਾ ਵੱਲੋਂ ਚਲਾਈ ਜਾਂਦੇ ਕਮਿਸ਼ਨ ਵਾਂਗ।’’ ਉਨ੍ਹਾਂ ਕਿਹਾ, ‘‘ਐੱਨਆਈਏ ਤੇ ਸੀਬੀਆਈ ਭਾਜਪਾ ਦੇ ਭਰਾ ਹਨ ਜਦਕਿ ਐਨਫੋਰਸਮੈਂਟ ਡਾਇਰੈਕਟੋਰੇਟ ਤੇ ਆਮਦਨ ਕਰ ਵਿਭਾਗ ਭਾਜਪਾ ਦੇ ਫੰਡਿੰਗ ਬਾਕਸ ਹਨ। -ਪੀਟੀਆਈ
ਤ੍ਰਿਣਮੂਲ ਕਾਂਗਰਸ ਦੀ ਦੋ ਮੈਂਬਰੀ ਟੀਮ ਅੱਜ ਜਾਵੇਗੀ ਭੂਪਤੀਨਗਰ
ਕੋਲਕਾਤਾ: ਪੱਛਮੀ ਬੰਗਾਲ ਵਿੱਚ ਸੱਤਾ ਧਿਰ ਤ੍ਰਿਣਮੂਲ ਕਾਂਗਰਸ ਦਾ ਦੋ ਮੈਂਬਰੀ ਵਫ਼ਦ ਐਤਵਾਰ ਨੂੰ ਪੂਰਬੀ ਮੇਦਨੀਪੁਰ ਜ਼ਿਲ੍ਹੇ ਦੇ ਭੂਪਤੀਨਗਰ ਦਾ ਦੌਰਾ ਕਰੇਗਾ। ਤ੍ਰਿਣਮੂਲ ਕਾਂਗਰਸ ਮੁਤਾਬਕ ਪਾਰਟੀ ਆਗੂ ਕੁਨਾਲ ਘੋਸ਼, ਸੂਬੇ ਦੀ ਸੀਨੀਅਰ ਮੰਤਰੀ ਚੰਦਰਿਮਾ ਭੱਟਾਚਾਰੀਆ ਦੇ ਨਾਲ ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਆਗੂਆਂ ਦੇ ਪਰਿਵਾਰਾਂ ਸਣੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਲਈ ਇਲਾਕੇ ਦਾ ਦੌਰਾ ਕਰਨਗੇ ਅਤੇ ਫਿਰ ਭੂਪਤੀਨਗਰ ਅਧੀਨ ਪੈਂਦੇ ਭਗਵਾਨਪੁਰ ਵਿੱਚ ਇਕ ਜਨ ਸਭਾ ਕਰਨਗੇ। ਘੋਸ਼ ਨੇ ਦੱਸਿਆ ਕਿ ਉਹ ਬਾਅਦ ਵਿੱਚ ਆਪਣੀ ਰਿਪੋਰਟ ਪਾਰਟੀ ਨੂੰ ਸੌਂਪਣਗੇ। -ਪੀਟੀਆਈ