ਐੱਨਆਈਏ ਨੂੰ ਹਾਲੇ ਨਹੀਂ ਮਿਲਿਆ ਨਿੱਝਰ ਦੀ ਮੌਤ ਦਾ ਸਰਟੀਫਿਕੇਟ
ਨਵੀਂ ਦਿੱਲੀ, 26 ਅਕਤੂਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਹਾਲੇ ਤੱਕ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੀ ਮੌਤ ਦਾ ਸਰਟੀਫਿਕੇਟ ਨਹੀਂ ਮਿਲਿਆ। ਐੱਨਆਈਏ ਦੇ ਸੂਤਰਾਂ ਨੇ ਦੱਸਿਆ ਕਿ ਕੈਨੇਡਾ ਸਰਕਾਰ ਨੇ ਐੱਨਆਈਏ ਤੋਂ ਨਿੱਝਰ ਦੀ ਮੌਤ ਦਾ ਸਰਟੀਫਿਕੇਟ ਮੰਗਣ ਦਾ ਕਾਰਨ ਪੁੱਛਿਆ ਹੈ। ਨਿੱਝਰ ਦੀ ਪਿਛਲੇ ਸਾਲ ਜੂਨ ’ਚ ਸਰੀ ਦੇ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡਾ ਦੀ ਨਾਗਰਿਕਤਾ ਰੱਖਣ ਵਾਲੇ ਨਿੱਝਰਨੂੰ 2020 ’ਚ ਕੌਮੀ ਜਾਂਚ ਏਜੰਸੀ ਵੱਲੋਂ ਅਤਿਵਾਦੀ ਐਲਾਨਿਆ ਗਿਆ ਸੀ। ਭਾਰਤ ਤੇ ਕੈਨੇਡਾ ਦੇ ਸਬੰਧਾਂ ਵਿਚਾਲੇ ਉਸ ਸਮੇਂ ਤਣਾਅ ਆ ਗਿਆ ਸੀ, ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਕੈਨੇਡਿਆਈ ਸੰਸਦ ’ਚ ਦੋਸ਼ ਲਾਇਆ ਕਿ ਨਿੱਝਰ ਦੀ ਹੱਤਿਆ ਪਿੱਛੇ ਭਾਰਤ ਦਾ ਹੱਥ ਹੈ। ਭਾਰਤ ਨੇ ਹਾਲਾਂਕਿ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਇਨ੍ਹਾਂ ਨੂੰ ਬੇਬੁਨਿਆਦ ਦੱਸਿਆ ਸੀ ਤੇ ਦੋਸ਼ ਲਾਇਆ ਸੀ ਕਿ ਕੈਨੇਡਾ ਆਪਣੇ ਮੁਲਕ ’ਚ ਕੱਟੜਪੰਥੀਆਂ ਤੇ ਭਾਰਤ ਵਿਰੋਧੀ ਤੱਤਾਂ ਨੂੰ ਪਨਾਹ ਦਿੰਦਾ ਹੈ। ਬਾਅਦ ਵਿੱਚ ਕੈਨੇਡਿਆਈ ਪ੍ਰਧਾਨ ਮੰਤਰੀ ਟਰੂਡੋ ਨੇ ਮੰਨਿਆ ਕਿ ਉਨ੍ਹਾਂ ਦੀ ਸਰਕਾਰ ਨੇ ਕੈਨੇਡਾ ਦੀ ਧਰਤੀ ’ਤੇ ਖਾਲਿਸਤਾਨੀ ਅਤਿਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਸਬੰਧ ’ਚ ਭਾਰਤ ਨੂੰ ਪੁਖਤਾ ਸਬੂਤ ਨਹੀਂ ਬਲਕਿ ਸਿਰਫ਼ ਖੁਫੀਆ ਜਾਣਕਾਰੀ ਮੁਹੱਈਆ ਕਰਵਾਈ ਸੀ। ਐੱਨਆਈਏ ਭਾਰਤ ਵੱਲੋਂ ਅਤਿਵਾਦੀ ਐਲਾਨੇ ਗੁਰਪਤਵੰਤ ਸਿੰਘ ਪੰਨੂ ਨਾਲ ਸਬੰਧਤ ਛੇ ਕੇਸਾਂ ਦੀ ਜਾਂਚ ਕਰ ਰਹੀ ਹੈ। ਪੰਨੂ ਖ਼ਿਲਾਫ਼ ਆਪਣੀ ਜਾਂਚ ’ਚ ਏਜੰਸੀ ਨੇ ਹੁਣ ਤੱਕ ਚੰਡੀਗੜ੍ਹ ’ਚ ਪੰਨੂ ਦੀ ਮਾਲਕੀ ਵਾਲੀਆਂ ਤਿੰਨ ਜਾਇਦਾਦਾਂ ਜ਼ਬਤ ਕੀਤੀਆਂ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ’ਚ ਉਸ ਨਾਲ ਸਬੰਧਤ ਜ਼ਮੀਨ ਵੀ ਜ਼ਬਤ ਕੀਤੀ ਹੈ। -ਪੀਟੀਆਈ