ਬੰਗਲੌਰ ਜੇਲ੍ਹ ’ਚ ਕੈਦੀਆਂ ਨੂੰ ਕੱਟੜਪੰਥੀ ਬਣਾਉਣ ਦੇ ਮਾਮਲੇ ’ਚ ਐੱਨਆਈਏ ਨੇ 7 ਰਾਜਾਂ ’ਚ ਛਾਪੇ ਮਾਰੇ
ਨਵੀਂ ਦਿੱਲੀ, 5 ਮਾਰਚ
ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਵੱਲੋਂ ਬੰਗਲੌਰ ਦੀ ਜੇਲ੍ਹ ਵਿੱਚ ਕੈਦੀਆਂ ਨੂੰ ਕੱਟੜਪੰਥੀ ਬਣਾਉਣ ਦੇ ਮਾਮਲੇ ਵਿੱਚ ਅੱਜ ਕੌਮੀ ਜਾਂਚ ਏਜੰਸੀ ਵੱਲੋਂ ਸੱਤ ਰਾਜਾਂ ਵਿੱਚ 17 ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਬੰਗਲੌਰ ਸਿਟੀ ਪੁਲੀਸ ਨੇ ਪਿਛਲੇ ਸਾਲ ਜੁਲਾਈ ਵਿੱਚ ਸੱਤ ਪਿਸਤੌਲ, ਚਾਰ ਹੈਂਡ ਗ੍ਰਨੇਡ, ਇੱਕ ਮੈਗਜ਼ੀਨ ਅਤੇ ਹੋਰ ਗੋਲਾ ਬਾਰੂਦ ਜ਼ਬਤ ਕਰਨ ਤੋਂ ਬਾਅਦ ਕੇਸ ਦਰਜ ਕੀਤਾ ਸੀ। ਸ਼ੁਰੂਆਤ ’ਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਪੁੱਛ ਪੜਤਾਲ ਤੋਂ ਬਾਅਦ ਇੱਕ ਹੋਰ ਗ੍ਰਿਫਤਾਰੀ ਹੋਈ, ਜਿਸ ਨਾਲ ਇਸ ਮਾਮਲੇ ਵਿੱਚ ਕੁੱਲ ਛੇ ਗ੍ਰਿਫਤਾਰੀਆਂ ਹੋ ਗਈਆਂ। ਇਸ ਮਾਮਲੇ 'ਚ ਜੁਨੈਦ ਅਹਿਮਦ ਦੇ ਨਾਲ ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਟੀ. ਨਾਸਿਰ ਵੀ ਮੁਲਜ਼ਮ ਹੈ। ਨਾਸਿਰ ਨੇ ਬੰਗਲੌਰ ਕੇਂਦਰੀ ਜੇਲ੍ਹ ਵਿੱਚ ਪੰਜ ਵਿਅਕਤੀਆਂ ਨੂੰ ਕੱਟੜਪੰਥੀ ਬਣਾਇਆ ਸੀ। ਜੁਨੈਦ ਅਹਿਮਦ ਫ਼ਰਾਰ ਹੈ। ਐੱਨਆਈਏ ਨੇ ਪਿਛਲੇ ਸਾਲ ਅਕਤੂਬਰ 'ਚ ਇਸ ਮਾਮਲੇ ਨੂੰ ਆਪਣੇ ਹੱਥ 'ਚ ਲਿਆ ਸੀ ਅਤੇ ਫਿਰ ਜੁਨੈਦ ਅਹਿਮਦ ਦੇ ਘਰ ਸਮੇਤ ਕਈ ਥਾਵਾਂ 'ਤੇ ਤਲਾਸ਼ੀ ਲਈ ਸੀ।