ਐੱਨਆਈਏ ਵੱਲੋਂ ਖ਼ਾਲਸਾ ਏਡ ਦੇ ਦਫ਼ਤਰਾਂ ’ਤੇ ਛਾਪੇ ਦੀ ਨਿੰਦਾ
ਪੱਤਰ ਪ੍ਰੇਰਕ
ਗੁਰੂਸਰ ਸੁਧਾਰ / ਮੁੱਲਾਂਪੁਰ, 3 ਅਗਸਤ
ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਚਰਚਾ ਦੌਰਾਨ ਖ਼ਾਲਸਾ ਏਡ ਦੇ ਪਟਿਆਲਾ ਸਥਿਤ ਦਫ਼ਤਰ ਵਿੱਚ ਐੱਨਆਈਏ ਦੀ ਛਾਪੇਮਾਰੀ ਅਤੇ ਸੰਮਨ ਕਰਨ ਦੀ ਨਿੰਦਾ ਕੀਤੀ ਗਈ। ਜਨਰਲ ਸਕੱਤਰ ਜਸਦੇਵ ਸਿੰਘ ਲਲਤੋਂ ਅਤੇ ਮੀਤ ਪ੍ਰਧਾਨ ਬਲਜੀਤ ਸਿੰਘ ਨੇ ਫ਼ਿਰਕੂ-ਫਾਸੀਵਾਦੀ ਸਰਕਾਰ ਦੀ ਇਸ ਕਾਰਵਾਈ ਨੂੰ ਪੱਖਪਾਤੀ ਦੱਸਦਿਆਂ ਇਸ ਦਾ ਗੰਭੀਰ ਨੋਟਿਸ ਲਿਆ। ਆਗੂਆਂ ਨੇ ਕਰੋਨਾ ਕਾਲ, ਦਿੱਲੀ ਕਿਸਾਨ ਮੋਰਚੇ, ਹੜ੍ਹਾਂ ਅਤੇ ਹੋਰ ਕੁਦਰਤੀ ਆਫ਼ਤਾਂ ਸਮੇਂ ਖ਼ਾਲਸਾ ਏਡ ਵਰਗੀਆਂ ਜਥੇਬੰਦੀਆਂ ਦੇ ਸ਼ਲਾਘਾਯੋਗ ਉੱਦਮ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨ ਅੰਦੋਲਨ ਦੌਰਾਨ ਖ਼ਾਲਸਾ ਏਡ ਦੀ ਭੂਮਿਕਾ ਕਾਰਨ ਬਦਲਾਲਊ ਕਾਰਵਾਈ ਕਰ ਰਹੀ ਹੈ। ਆਗੂਆਂ ਨੇ ਕੌਮਾਂਤਰੀ ਪੱਧਰ ਦੀ ਸਨਮਾਨਯੋਗ ਸਵੈ-ਸੇਵੀ ਸੰਸਥਾ ਵਿਰੁੱਧ ਕਿਸੇ ਕਿਸਮ ਦੀ ਬਦਲਾਲਊ ਕਾਰਵਾਈ ਵਿਰੁੱਧ ਸੁਚੇਤ ਕੀਤਾ ਅਤੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਮੀਟਿੰਗ ਵਿੱਚ 4 ਅਗਸਤ ਨੂੰ ਮੁਹਾਲੀ ਵਿੱਚ ਕੌਮੀ ਇਨਸਾਫ਼ ਮੋਰਚੇ ਲਈ ਚੌਕੀਮਾਨ ਟੌਲ ਪਲਾਜ਼ਾ ਤੋਂ ਜਥਾ ਭੇਜਣ ਦਾ ਐਲਾਨ ਕੀਤਾ ਗਿਆ।