ਐੱਨਐੱਚਐੱਮ ਮੁਲਾਜ਼ਮਾਂ ਵੱਲੋਂ ਬਰਨਾਲਾ ਵਿੱਚ ‘ਪੋਲ ਖੋਲ੍ਹ ਪ੍ਰਚਾਰ’ ਦਾ ਐਲਾਨ
ਪੱਤਰ ਪ੍ਰੇਰਕ
ਮਾਨਸਾ, 4 ਨਵੰਬਰ
ਸਿਹਤ ਵਿਭਾਗ ਅਧੀਨ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੇ 9 ਨਵੰਬਰ ਨੂੰ ਪੰਜਾਬ ਸਰਕਾਰ ਖਿਲਾਫ਼ ਬਰਨਾਲਾ ਵਿੱਚ ਪੋਲ ਖੋਲ੍ਹ ਪ੍ਰਚਾਰ ਕਰਨ ਦਾ ਐਲਾਨ ਕੀਤਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ, ਪ੍ਰੰਤੂ ਉਨ੍ਹਾਂ ਦੀਆਂ ਮੰਗਾਂ ਦਾ ਅੱਜ ਤੱਕ ਹੱਲ ਨਹੀਂ ਕੀਤਾ ਗਿਆ। ਮੁਲਾਜ਼ਮ ਆਗੂਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਐੱਨਐੱਚਐੱਮ ਐਂਪਲਾਈਜ਼ ਯੂਨੀਅਨ ਦੇ ਸੂਬਾਈ ਆਗੂ ਅਵਤਾਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਪਿਛਲੇ 18 ਸਾਲਾਂ ਤੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਉੱਤੇ ਕੰਮ ਕਰਦੇ 9200 ਦੇ ਕਰੀਬ ਮੈਡੀਕਲ, ਪੈਰਾ-ਮੈਡੀਕਲ ਅਤੇ ਦਫ਼ਤਰੀ ਸਿਹਤ ਕਾਮੇ ਠੇਕਾ ਪ੍ਰਥਾ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਸੂਬਾ ਕਮੇਟੀ ਦੀ ਮਿਸ਼ਨ ਡਾਇਰੈਕਟਰ ਨਾਲ ਹੋਈ ਮੀਟਿੰਗ ਹੋਈ ਵੀ ਪਹਿਲੀਆਂ 25-26 ਮੀਟਿੰਗਾਂ ਦੀ ਤਰ੍ਹਾਂ ਜੁਬਾਨੀ ਭਰੋਸਾ ਸਾਬਤ ਹੋਈ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਲਗਭਗ ਢਾਈ ਸਾਲ ਦਾ ਸਮਾਂ ਬੀਤ ਜਾਣ ’ਤੇ ਵੀ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੁਲਾਜ਼ਮਾਂ ਦੀ ਕੋਈ ਵੀ ਜਾਇਜ਼ ਮੰਗ ਪੂਰੀ ਨਹੀਂ ਕੀਤੀ ਗਈ ਜਿਸ ਕਰਕੇ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ 9 ਨਵੰਬਰ ਨੂੰ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਪੋਲ ਖੋਲ੍ਹ ਪ੍ਰਚਾਰ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਜਗਦੇਵ ਸਿੰਘ, ਰਾਜਵੀਰ ਕੌਰ, ਲਲਿਤ ਕੁਮਾਰ, ਹੈਰੀ ਗੋਇਲ, ਮਨਦੀਪ ਸਿੰਘ ਅਤੇ ਹਰਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।