ਪੁਲ ਦੀ ਉਸਾਰੀ ਲਈ ਪੁੱਟੇ ਦਰੱਖ਼ਤ ਲਾਉਣੇ ਭੁੱਲਿਆ ਐੱਨਐੱਚਏਆਈ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਫਰਵਰੀ
ਫਿਰੋਜ਼ਪੁਰ ਰੋਡ ਚੁੰਗੀ ਤੋਂ ਲੈ ਕੇ ਭਾਰਤ ਨਗਰ ਚੌਕ ਤੱਕ ਐਲੀਵੇਟਿਡ ਪੁਲ ਦੀ ਉਸਾਰੀ ਲਈ 1825 ਦਰੱਖ਼ਤ ਵੱਢੇ ਗਏ ਸਨ। ਇਨ੍ਹਾਂ ਦਰੱਖ਼ਤਾਂ ਦੀ ਕਟਾਈ ਵੇਲੇ ਇਹ ਗੱਲ ਤੈਅ ਹੋਈ ਸੀ ਕਿ ਪੁਲ ਦੀ ਉਸਾਰੀ ਪੂਰੀ ਹੋਣ ਤੋਂ ਬਾਅਦ ਵਾਪਸ ਦੋਵੇਂ ਕਿਨਾਰਿਆਂ ’ਤੇ ਜਿਹੜੀ ਜਗ੍ਹਾ ਮਿਲੇਗੀ, ਉਸ ’ਤੇ ਵਾਤਾਵਰਨ ਨੂੰ ਸੁਰੱਖਿਅਤ ਕਰਦੇ ਹੋਏ ਦਰੱਖਤ ਲਾਏ ਜਾਣਗੇ, ਪਰ ਅਜਿਹਾ ਨਹੀਂ ਕੀਤਾ ਜਾ ਰਿਹਾ। ਐਲੀਵੇਟਿਡ ਪੁਲ ਦੇ ਦੋਵੇਂ ਪਾਸੇ ਵਾਤਾਵਰਨ ਨੂੰ ਅਣਦੇਖਿਆ ਕਰਦੇ ਹੋਏ ਦਰੱਖ਼ਤ ਲਾਉਣ ਦੀ ਥਾਂ ’ਤੇ ਐੱਨਐੱਚਏਆਈ ਵੱਲੋਂ ਖੁੱਲ੍ਹੀ ਥਾਂ ’ਤੇ ਬੂਟੇ ਲਾਉਣ ਦੀ ਥਾਂ ਇੰਟਰਲੌਕਿੰਗ ਟਾਈਲਾਂ ਲਾ ਕੇ ਪਾਰਕਿੰਗ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਧਰ, ਵਾਤਾਵਰਨ ਦਾ ਨੁਕਸਾਨ ਹੁੰਦਾ ਦੇਖ ਕੇ ਕੌਂਸਲ ਆਫ਼ ਇੰਜਨੀਅਰਜ਼ ਵੱਲੋਂ ਕੌਮੀ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਸਥਾਨਕ ਪ੍ਰਾਜੈਕਟ ਡਾਇਰੈਕਟਰ, ਰਿਜ਼ਨਲ ਡਾਇਰੈਕਟਰ ਚੰਡੀਗੜ੍ਹ ਅਤੇ ਨਗਰ ਨਿਗਮ ਲੁਧਿਆਣਾ ਨੂੰ ਨੋਟਿਸ ਜਾਰੀ ਕੀਤਾ ਹੈ।
ਕੌਂਸਲ ਦੇ ਇੰਜਨੀਅਰ ਕਪਿਲ ਅਰੋੜਾ ਨੇ ਦੱਸਿਆ ਕਿ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਸਰਕਟ ਹਾਊਸ ਦੇ ਬਾਹਰ ਐੱਨਐੱਚਏਆਈ ਨੇ ਐਲੀਵੇਟਿਡ ਪੁਲ ਥੱਲੇ ਮੁੱਖ ਸੜਕ ਅਤੇ ਸਰਵਿਸ ਲੇਨ ਵਿੱਚ ਦੀ ਥਾਂ ਇੰਟਰਲੌਕਿੰਗ ਟਾਈਲਾਂ ਲਾ ਦਿੱਤੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਐੱਨਐੱਚਏਆਈ ਕੋਲ 1825 ਦਰੱਖਤਾਂ ਦੀ ਕਟਾਈ ਨਾਲ ਵਾਤਾਵਰਨ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਬਾਰੇ ਕੋਈ ਵਿਚਾਰ ਨਹੀਂ ਹੈ। ਇਸ ਐਲੀਵੇਟਿਡ ਪੁਲ ਦੇ ਥੱਲੇ ਵੀ ਕਈ ਸਥਾਨਾਂ ’ਤੇ ਇਸੇ ਤਰ੍ਹਾਂ ਦੀਆਂ ਗਤੀਵਿਧੀਆਂ ਦੇਖੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਾਤਾਵਰਨ ਕਾਨੂੰਨਾਂ ਅਤੇ ਸੜਕ ਸੁਰੱਖਿਆ ਇੰਜਨੀਅਰਿੰਗ ਨਿਯਮਾਂ ਨੂੰ ਧਿਆਨ ’ਚ ਰੱਖਦੇ ਹੋਏ, ਸੜਕਾਂ ਦੇ ਕਿਨਾਰੇ ਖੁੱਲ੍ਹੇ ਸਥਾਨਾਂ ’ਤੇ ਬਦਲਾਅ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਪੈਦਲ ਯਾਤਰੀ ਲਈ ਫੁੱਟਪਾਥ ’ਤੇ ਸਾਈਕਲ ਟਰੈਕ ਨੂੰ ਛੱਡ ਕੇ ਅਗਰ ਹਰਿਆਲੀ ਵਾਲੀ ਥਾਂ ’ਤੇ ਪਾਰਕਿੰਗ ਬਣਾਈ ਜਾ ਰਹੀ ਹੈ ਤਾਂ ਉਸ ਨੂੰ ਰਕਿਆ ਜਾਣਾ ਚਾਹੀਦਾ ਹੈ। ਜੇਕਰ ਐੱਨਐੱਚਏਆਈ ਜਾਂ ਨਗਰ ਨਿਗਮ ਵੱਲੋਂ 7 ਦਿਨਾਂ ’ਚ ਯੋਗ ਕਦਮ ਨਾ ਚੁੱਕੇ ਗਏ ਤਾਂ ਉਸ ਸਥਿਤੀ ’ਚ ਕੌਂਸਲ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ’ਚ ਜਨਹਿੱਤ ਪਟੀਸ਼ਨ ਪਾਈ ਜਾਵੇਗੀ ਅਤੇ ਵਾਤਾਵਰਨ ਬਚਾਉਣ ਲਈ ਅਪੀਲ ਲਾਈ ਜਾਵੇਗੀ।
ਫਿਰੋਜ਼ਪੁਰ ਰੋਡ ਚੁੰਗੀ ਤੋਂ ਵੇਰਕਾ ਪਲਾਂਟ ਤੱਕ ਇੱਕ ਸਾਲ ਪਹਿਲਾਂ ਪੂਰਾ ਹੋ ਗਿਆ ਸੀ ਪੁਲ
ਨੋਟਿਸ ’ਚ ਆਖਿਆ ਗਿਆ ਹੈ ਕਿ ਫਿਰੋਜ਼ਪੁਰ ਰੋਡ ਚੁੰਗੀ ਤੋਂ ਲੈ ਕੇ ਸਮਰਾਲਾ ਚੌਕ ਤੱਕ ਐਲੀਵੇਟਿਡ ਰੋਡ ਪ੍ਰਾਜੈਕਟ ਦੀ ਉਸਾਰੀ ਐੱਨਐੱਚਏਆਈ ਵੱਲੋਂ ਕੀਤੀ ਜਾ ਰਹੀ ਹੈ। ਇਸ ਯੋਜਨਾ ਦੀ ਉਸਾਰੀ ਲਈ ਐੱਨਐੱਚਏਆਈ ਵੱਲੋਂ ਕਰੀਬ 1825 ਦਰੱਖ਼ਤਾਂ ਦੀ ਬਲੀ ਲਈ ਗਈ ਸੀ। ਵੇਰਕਾ ਮਿਲਕ ਪਲਾਂਟ ਤੋਂ ਫਿਰੋਜ਼ਪੁਰ ਰੋਡ ਚੁੰਗੀ ਤੱਕ ਇਸ ਯੋਜਨਾ ਦਾ ਹਿੱਸਾ ਇੱਕ ਸਾਲ ਪਹਿਲਾਂ ਪੂਰਾ ਹੋ ਗਿਆ ਸੀ, ਪਰ ਐੱਨਐੱਚਏਆਈ ਨੇ ਗ੍ਰੀਨਰੀ ਵਧਾਉਣ ਦੀ ਥਾਂ ਪੁਲ ਦੇ ਥੱਲੇ ਵਾਹਨਾਂ ਦੀ ਪਾਰਕਿੰਗ ਲਈ ਜਗ੍ਹਾਂ ਬਣਾਉਣੀ ਸ਼ੁਰੂ ਕਰ ਦਿੱਤੀ। ਐੱਨਐੱਚਏਆਈ ਜਾਂ ਹੋਰ ਵਿਭਾਗਾਂ ਵੱਲੋਂ ਕੁਝ ਦਰੱਖਤਾਂ ਲਈ ਕੋਈ ਸਹੀ ਯੋਜਨਾ ਅਤੇ ਦੇਖਬਾਲ ਨਹੀਂ ਕੀਤੀ ਜਾ ਰਹੀ ਹੈ।