ਸੁਖਨਾ ਚੋਅ ਤੇ ਘੱਗਰ ਦੇ ਪਲੀਤ ਹੋਣ ’ਤੇ ਐੱਨਜੀਟੀ ਸਖਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਅਕਤੂਬਰ
ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਵੱਲੋਂ ਸੁਖਨਾ ਚੋਅ ਤੇ ਘੱਗਰ ਦੇ ਪਲੀਨ ਹੋਣ ’ਤੇ ਨਾਰਾਜ਼ਗੀ ਜਾਹਿਰ ਕੀਤੀ ਹੈ। ਇਸ ਦੇ ਨਾਲ ਹੀ ਐੱਨਜੀਟੀ ਨੇ ਇਕ ਕਮੇਟੀ ਬਣਾ ਕੇ ਪਲੀਤ ਹੋਣ ਦੇ ਅਸਲ ਕਾਰਨਾਂ ਦੀ ਭਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਕਤ ਕਮੇਟੀ ਨੇ ਸਰਵੇਖਣ ਕਰਨ ’ਤੇ ਪਾਇਆ ਕਿ ਜ਼ੀਰਕਪੁਰ ਮਿਉਂਸੀਪਲ ਕੌਂਸਲ ਤੇ ਪੰਚਕੂਲਾ ਨਗਰ ਨਿਗਮ ਦੀ ਅਣਦੇਖੀ ਕਰਕੇ ਸੁਖਨਾ ਚੋਅ ਤੇ ਘੱਗਰ ਪਲੀਤ ਹੋ ਰਿਹਾ ਹੈ, ਜਿਸ ਨੂੰ ਰੋਕਣ ਲਈ ਉਕਤ ਕਮੇਟੀ ਨੇ ਜ਼ੀਰਕਪੁਰ ਮਿਉਂਸਿਪਲ ਕੌਂਸਲ ਤੇ ਪੰਚਕੂਲਾ ਨਗਰ ਨਿਗਮ ਨੂੰ ਨਿਰੇਦਸ਼ ਜਾਰੀ ਕੀਤੇ ਹਨ।
ਜ਼ਿਕਰਯੋਗ ਹੈ ਕਿ ਐੱਨਜੀਟੀ ਵੱਲੋਂ ਜ਼ੀਰਕਪੁਰ ਤੇ ਪੰਚਕੂਲਾ ਵਿੱਚ ਅਣਸੋਧਿਆ ਪਾਣੀ ਘੱਗਰ ਤੇ ਸੁਖਨਾ ਚੋਅ ਵਿੱਚ ਜਾਣ ਬਾਰੇ ਜਾਣਕਾਰੀ ਮਿਲਦੇ ਹੀ 11 ਜੁਲਾਈ ਨੂੰ ਕਮੇਟੀ ਬਣਾਈ ਗਈ ਸੀ। ਇਸ ਵਿੱਚ ਚੰਡੀਗੜ੍ਹ ਦੇ ਡਿਪਟੀ ਕਮਿਸ਼ਰ ਵਿਨੈ ਪ੍ਰਤਾਪ ਸਿੰਘ, ਐੱਸਡੀਐੱਮ ਡੇਰਾਬੱਸੀ ਅਮਿਤ ਗੁਪਤਾ ਤੇ ਹੋਰਨਾਂ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਕਮੇਟੀ ਨੇ 26 ਸਤੰਬਰ ਨੂੰ ਸੁਖਨਾ ਚੋਅ ਦੇ ਮੂਲ ਤੋਂ ਘੱਗਰ ਦਰਿਆ ਤੱਕ ਸਰਵੇਖਣ ਕਰਨ ਤੋਂ ਬਾਅਦ ਰਿਪੋਰਟ ਤਿਆਰ ਕੀਤੀ ਹੈ।
ਕਮੇਟੀ ਨੇ ਐੱਨਜੀਟੀ ਨੂੰ ਕਿਹਾ ਕਿ ਜ਼ੀਰਕਪੁਰ ਖੇਤਰ ਦਾ ਸੀਵਰੇਜ ਦਾ 17.3 ਐੱਮਐੱਲਡੀ ਸਮਰੱਥਾ ਦਾ ਸੀਵਰੇਟ ਟ੍ਰੀਟਮੈਂਟ ਪਲਾਂਟ ਗੈਰ-ਕਾਰਜਸ਼ੀਲ ਪਾਇਆ ਗਿਆ ਹੈ। ਇਸ ਕਰਕੇ ਜ਼ੀਰਕਪੁਰ ਵਿੱਚ 3.5 ਕਿਲੋਮੀਟਰ ਲੰਬੀ ਜ਼ਮੀਨਦੋਜ਼ ਪਾਈਪਲਾਈਨ ਰਾਹੀਂ ਅਣਸੋਧਿਆ ਪਾਣੀ ਘੱਗਰ ਦਰਿਆਣਾ ਵਿੱਚ ਛੱਡਿਆ ਜਾ ਰਿਹਾ ਹੈ। ਕਮੇਟੀ ਨੇ ਦੌਰੇ ਦੌਰਾਨ ਦੇਖਿਆ ਕਿ ਬਲਟਾਣਾ ਵਿਖੇ ਸੁਖਨਾ ਚੋਅ ਦੇ ਨਜ਼ਦੀਕ ਠੋਸ ਰਹਿੰਦ-ਖੂੰਹਦ ਦੇ ਢੇਰ ਲੱਗੇ ਹੋਏ ਹਨ। ਇਸੇ ਤਰ੍ਹਾਂ ਪਿੰਡ ਗਾਜ਼ੀਪੁਰ ਵਿਖੇ ਸੁਖਨਾ ਚੋਅ ਕੰਢੇ ਪਸ਼ੂਆਂ ਦਾ ਗੋਹਾ ਡੰਪ ਕੀਤਾ ਗਿਆ ਹੈ। ਪੰਚਕੂਲਾ ਵਿੱਚ ਮਾਨਸਾ ਦੇਵੀ ਖੇਤਰ ਵਿੱਚ ਨਾਲੀਆਂ ਦਾ ਪਾਣੀ ਸੁਖਨਾ ਚੋਅ ਵਿੱਚ ਸੁੱਟਿਆ ਜਾ ਰਿਹਾ ਹੈ।
ਕਮੇਟੀ ਨੇ ਜ਼ੀਰਕਪੁਰ ਨਗਰ ਕੌਂਸਲ ਨੂੰ ਸੁਖਨਾ ਚੋਅ ਦੇ ਨਜ਼ਦੀਕ ਡੰਪ ਕੀਤੇ ਗਏ ਕੂੜੇ ਨੂੰ ਸਾਫ ਕਰਨ ਅਤੇ ਚੋਅ ਦੇ ਆਲੇ ਦੁਆਲੇ ‘ਲੋਹੇ ਦਾ ਜਾਲ’ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਘੱਗਰ ਵਿੱਚ ਅਣਸੋਧੇ ਪਾਣੀ ਸੁੱਟਣ ਦੀ ਥਾਂ ਪਾਣੀ ਸੋਧਣ ਲਈ ਵੀ ਲੋੜੀਂਦੇ ਪ੍ਰਬੰਧ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਕਮੇਟੀ ਨੇ ਪੰਚਕੂਲਾ ਨਗਰ ਨਿਗਮ ਨੂੰ ਗੰਦਾ ਪਾਣੀ ਸੁਖਨਾ ਚੋਅ ਵਿੱਚ ਨਾ ਸੁੱਚਣ ਦੇ ਨਿਰਦੇਸ਼ ਦਿੱਤੇ ਹਨ। ਕਮੇਟੀ ਨੇ ਐੱਨਜੀਟੀ ਨੂੰ ਕਿਹਾ ਕਿ ਉਹ ਤਿੰਨ ਮਹੀਨੇ ਬਾਅਦ ਮੁੜ ਤੋਂ ਸਰਵੇਖਣ ਕਰਕੇ ਆਪਣੀ ਰਿਪੋਰਟ ਸੌਂਪੇਗੀ।