ਜਲੰਧਰ ਦੇ 380 ਟਨ ਕੂੜੇ ਦਾ ਨਿਬੇੜਾ ਨਾ ਕਰਨ ’ਤੇ ਐਨਜੀਟੀ ਸਖ਼ਤ
ਪਾਲ ਸਿੰਘ ਨੌਲੀ
ਜਲੰਧਰ, 27 ਅਗਸਤ
ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਜਲੰਧਰ ਸ਼ਹਿਰ ਦੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਰੋਜ਼ਾਨਾ 380 ਟਨ ਕੂੜੇ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਚਾਰ ਹਫਤਿਆਂ ਵਿੱਚ ਹਲਫਨਾਮਾ ਦਾਇਰ ਕਰਨ ਦਾ ਆਦੇਸ਼ ਦਿੱਤਾ ਹੈ ਕਿ ਦੱਸਿਆ ਜਾਵੇ ਕਿ ਇਸ ਕੂੜੇ ਨੂੰ ਸੰਭਾਲਣ ਲਈ ਨਗਰ ਨਿਗਮ ਕੋਲ ਕੀ ਐਕਸ਼ਨ ਪਲੈਨ ਹੋਵੇਗਾ। ਜ਼ਿਕਰਯੋਗ ਹੈ ਕਿ ਜਲੰਧਰ ਸ਼ਹਿਰ ਵਿੱਚ ਰੋਜ਼ਾਨਾ 500 ਟਨ ਕੂੜਾ ਇੱਕਠਾ ਹੁੰਦਾ ਹੈ ਤੇ ਇਸ ਵਿੱਚੋਂ ਸਿਰਫ 120 ਟਨ ਕੂੜੇ ਨੂੰ ਰੋਜ਼ਾਨਾ ਠੀਕ ਢੰਗ ਨਾਲ ਸੁਧਾਰਿਆ ਜਾ ਰਿਹਾ ਹੈ। ਜਲੰਧਰ ਸ਼ਹਿਰ ਦਾ ਸਾਰਾ ਕੂੜਾ ਵਰਿਆਣਾ ਡੰਪ ’ਤੇ ਜਾ ਰਿਹਾ ਹੈ ਜਿਸ ਕਾਰਨ ਆਲੇ-ਦੁਆਲੇ ਦੇ ਰਹਿਣ ਵਾਲੇ ਲੋਕ ਬਦਬੂ ਤੋਂ ਪ੍ਰੇਸ਼ਾਨ ਹਨ।
ਐਨਜੀਟੀ ਦੇ ਚੇਅਰਮੈਨ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਨਗਰ ਨਿਗਮ ਦੇ ਕਮਿਸ਼ਨਰ ਦਾ ਹਲਫਨਾਮਾ ਹੁਣ ਤੱਕ ਚੁੱਕੇ ਗਏ ਕਦਮਾਂ ਅਤੇ ਟੀਚੇ ਨੂੰ ਪ੍ਰਾਪਤ ਕਰਨ ਲਈ ਫੰਡ ਦੇ ਸਰੋਤ ਦਾ ਖੁਲਾਸਾ ਕਰੇਗਾ। ਵਰਿੰਦਰ ਮਲਿਕ ਅਤੇ ਤੇਜਸਵੀ ਮਿਨਹਾਸ ਦੀ ਅਰਜ਼ੀ ’ਤੇ ਸੁਣਵਾਈ ਕਰਦੇ ਹੋਏ ਇਹ ਹੁਕਮ ਸੁਣਾਇਆ ਹੈ। ਨਗਰ ਨਿਗਮ ਦੇ ਕਮਿਸ਼ਨਰ ਦੀ ਤਰਫੋਂ ਐਨਜੀਟੀ ਅੱਗੇ ਪੇਸ਼ ਹੋਏ ਜਲੰਧਰ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਦੀ ਮਿਉਂਸਿਪਲ ਸੀਮਾ ਦੇ ਅੰਦਰ 500 ਟਨ ਪ੍ਰਤੀ ਦਿਨ (ਟੀਪੀਡੀ) ਠੋਸ ਕੂੜਾ ਪੈਦਾ ਹੁੰਦਾ ਹੈ ਪਰ 120 ਟਨ ਗਿਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕੀਤਾ ਜਾ ਰਿਹਾ ਹੈ। ਜਲੰਧਰ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਦੇ ਸਾਹਮਣੇ ਕੇਵਲ ਵਿਹਾਰ ਦੇ ਪਿਛਲੇ ਪਾਸੇ ਗੈਰ-ਕਾਨੂੰਨੀ ਤੌਰ `ਤੇ ਕੂੜਾ ਡੰਪ ਬਣਾਇਆ ਹੋਇਆ ਹੈ। ਇਸ ਦੀ ਸ਼ਿਕਾਇਤ ਐਨਜੀਟੀ ਕੋਲ ਕੀਤੀ ਗਈ ਸੀ।