ਐੱਨਜੀਟੀ ਨੇ ਦਵਾਰਕਾ ’ਚ ਦੂਸ਼ਿਤ ਜ਼ਮੀਨੀ ਪਾਣੀ ਬਾਰੇ ਡੀਪੀਸੀਸੀ ਤੋਂ ਰਿਪੋਰਟ ਮੰਗੀ
ਨਵੀਂ ਦਿੱਲੀ, 22 ਅਕਤੂਬਰ
ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਨੂੰ ਇੱਥੇ ਦਵਾਰਕਾ ਵਿੱਚ ਵੱਖ-ਵੱਖ ਹਾਊਸਿੰਗ ਸੁਸਾਇਟੀਆਂ ਵਿੱਚ ਸਥਾਪਤ ਰੇਨ ਵਾਟਰ ਹਾਰਵੈਸਟਿੰਗ ਪ੍ਰਣਾਲੀਆਂ ਵਿੱਚ ਜ਼ਮੀਨੀ ਪਾਣੀ ਦੇ ਪ੍ਰਦੂਸ਼ਣ ਬਾਰੇ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤਾ ਹੈ। ਟ੍ਰਿਬਿਊਨਲ ਨੇ ਡੀਪੀਸੀਸੀ ਨੂੰ ਹੁਣ ਤੱਕ ਕੀਤੀ ਗਈ ਕਾਰਵਾਈ ਬਾਰੇ ਇੱਕ ਵੱਖਰੀ ਰਿਪੋਰਟ ਸੌਂਪਣ ਦਾ ਵੀ ਨਿਰਦੇਸ਼ ਦਿੱਤਾ ਹੈ। ਐੱਨਜੀਟੀ ਦਵਾਰਕਾ ਵਿੱਚ ਹਾਊਸਿੰਗ ਸੁਸਾਇਟੀ ’ਚ ਸਥਾਪਿਤ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਵਿੱਚ ਪਾਣੀ ਦੇ ਦੂਸ਼ਿਤ ਹੋਣ ਦੇ ਮਾਮਲੇ ਦੀ ਸੁਣਵਾਈ ਕਰ ਰਿਹਾ ਸੀ। ਇਸ ਤੋਂ ਪਹਿਲਾਂ ਇਸ ਨੇ ਡੀਪੀਸੀਸੀ ਨੂੰ ਤੱਥਾਂ ਦੀ ਪੜਤਾਲ, ਤਕਨੀਕੀ ਜਾਣਕਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਨੂੰ ਰੋਕਣ ਸਮੇਤ ਕਈ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਸਨ। ਗ੍ਰੀਨ ਯੂਨਿਟ ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਦੀ ਬੈਂਚ ਨੇ ਕਿਹਾ ਕਿ ਟ੍ਰਿਬਿਊਨਲ ਦੇ ਪਿਛਲੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਦਿੱਲੀ ਸਰਕਾਰ ਨੇ ਰਿਪੋਰਟ ਦਾਇਰ ਕੀਤੀ ਸੀ, ਜਿਸ ਅਨੁਸਾਰ ਦਵਾਰਕਾ ਦੀਆਂ 54 ਹਾਊਸਿੰਗ ਸੁਸਾਇਟੀਆਂ ’ਚੋਂ ਅੱਠ ਨੇ ਨਿਰੀਖਣ ਟੀਮ ਨੂੰ ਅੰਦਰ ਜਾਣ ਨਹੀਂ ਦਿੱਤਾ। ਬੈਂਚ ਨੇ ਕਿਹਾ, “ਰਿਪੋਰਟ ਦਾ ਚਿੰਤਾਜਨਕ ਪਹਿਲੂ ਇਹ ਹੈ ਕਿ 180 ਸੁਸਾਇਟੀਆਂ ਵਿੱਚ ਪਾਣੀ ਦੇ ਨਮੂਨੇ ਅਮੋਨੀਆਕਲ ਨਾਈਟ੍ਰੋਜਨ ਅਤੇ ਘੁਲਣਸ਼ੀਲ ਠੋਸ ਪਦਾਰਥਾਂ ਦੀ ਕਾਰਨ ਦੂਸ਼ਿਤ ਪਾਏ ਗਏ ਹਨ। ਇਕੱਤਰ ਕੀਤੇ ਨਮੂਨਿਆਂ ਵਿੱਚ ਐਮੋਨੀਕਲ ਨਾਈਟ੍ਰੋਜਨ ਪਾਏ ਜਾਣ ਬਾਰੇ ਰਿਪੋਰਟ ’ਚ ਤਸੱਲੀਬਖਸ਼ ਸਪੱਸ਼ਟੀਕਰਨ ਨਹੀਂ ਹੈ। ਅਦਾਲਤ ਨੇ ਕੇਸ ਦੀ ਸੁਣਵਾਈ 5 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। -ਪੀਟੀਆਈ