NGT FINE: ਐੱਨਜੀਟੀ ਵੱਲੋਂ ਨੇਮਾਂ ਦੀ ਉਲੰਘਣਾ ’ਤੇ ਪੰਜਾਬ ਦੀ ਫਾਰਮਾ ਯੂਨਿਟ ਨੂੰ 5 ਕਰੋੜ ਰੁਪਏ ਜੁਰਮਾਨਾ
ਨਵੀਂ ਦਿੱਲੀ, 22 ਨਵੰਬਰ
ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਪੰਜਾਬ ਦੀ ਇਕ ਫਾਰਮਾਸਿਊਟੀਕਲ ਯੂਨਿਟ ’ਤੇ ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 5 ਕਰੋੜ ਰੁਪਏ ਦਾ ਅੰਤਰਿਮ ਜੁਰਮਾਨਾ ਲਗਾਇਆ ਹੈ। ਐਨਜੀਟੀ ਨੇ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (ਪੀਐੱਸਪੀਸੀਬੀ) ਦੀ ਇਸ ਮਾਮਲੇ ਵਿਚ ਕਾਰਜਪ੍ਰਣਾਲੀ ’ਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਬੋਰਡ ਦੇ ਵਿਧਾਨਕ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਵਿਚ ਅਸਫਲ ਰਹਿਣ ’ਤੇ ਨਿਖੇਧੀ ਵੀ ਕੀਤੀ ਹੈ। ਐਨਜੀਟੀ ਨੇ ਬੋਰਡ ਨੂੰ ਅੰਤਮ ਮੁਆਵਜ਼ੇ ਦੀ ਰਕਮ ਨਿਰਧਾਰਤ ਕਰਨ ਦੇ ਨਾਲ-ਨਾਲ ਬਲਕ ਡਰੱਗ ਮੈਨੂਫੈਕਚਰਿੰਗ ਯੂਨਿਟ ਖਿਲਾਫ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਐਨਜੀਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਹੈਬਤਪੁਰ ਵਿਚ ਸਥਿਤ ਨੈਕਟਰ ਲਾਈਫ ਸਾਇੰਸਿਜ਼ ਲਿਮਟਿਡ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜੋ ਕਥਿਤ ਤੌਰ ’ਤੇ ਕਿਸਾਨਾਂ ਦੇ ਖੇਤਾਂ ਵਿੱਚ ਬਹੁਤ ਜ਼ਿਆਦਾ ਪ੍ਰਦੂਸ਼ਿਤ ਰਸਾਇਣਕ ਗੰਦਗੀ ਸੁੱਟ ਰਹੀ ਹੈ, ਜਿਸ ਨਾਲ ਫਸਲਾਂ ਅਤੇ ਜ਼ਮੀਨਾਂ ਨੂੰ ਨੁਕਸਾਨ ਪੁੱਜ ਰਿਹਾ ਹੈ। ਐਨਜੀਟੀ ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਦੇ ਬੈਂਚ ਨੇ ਕਿਹਾ, ‘ਪੂਰੇ ਰਿਕਾਰਡ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਸਪੱਸ਼ਟ ਤੌਰ ’ਤੇ ਇਹ ਨਤੀਜੇ ’ਤੇ ਪੁੱਜੇ ਹਾਂ ਕਿ ਉਦਯੋਗ ਵਾਤਾਵਰਣ ਕਾਨੂੰਨਾਂ ਖਾਸ ਕਰਕੇ ਜਲ ਐਕਟ ਅਤੇ ਉਸ ਦੇ ਨਿਯਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ ਹੈ ਤੇ ਇਸ ਨੇ ਜ਼ੀਰੋ ਲਿਕੁਇਡ ਡਿਸਚਾਰਜ ਦਾ ਦਰਜਾ ਅੱਜ ਤੱਕ ਹਾਸਲ ਨਹੀਂ ਕੀਤਾ। ਇਸ ਬੈਂਚ ਦੇ ਨਿਆਂਇਕ ਮੈਂਬਰ ਜਸਟਿਸ ਸੁਧੀਰ ਅਗਰਵਾਲ ਅਤੇ ਮਾਹਰ ਮੈਂਬਰ ਅਫਰੋਜ਼ ਅਹਿਮਦ ਨੇ ਕਿਹਾ ਕਿ ਪੀਐਸਪੀਸੀਬੀ ਆਪਣੇ ਕੰਮ ਨੂੰ ਢੁਕਵੇਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿਚ ਲਿਆਉਣ ਵਿੱਚ ਅਸਫਲ ਰਿਹਾ, ਇਸ ਕਰ ਕੇ ਇਹ ਯੂਨਿਟ ਖ਼ਿਲਾਫ਼ ਬਣਦੀ ਕਾਰਵਾਈ ਕਰੇ।