For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਲਈ ਅਗਲੇ ਢਾਈ ਸਾਲ ਹੋਣਗੇ ਚੁਣੌਤੀਪੂਰਨ: ਵੜਿੰਗ

11:33 AM Jun 16, 2024 IST
ਕਾਂਗਰਸ ਲਈ ਅਗਲੇ ਢਾਈ ਸਾਲ ਹੋਣਗੇ ਚੁਣੌਤੀਪੂਰਨ  ਵੜਿੰਗ
ਜਗਰਾਉਂ ’ਚ ਧੰਨਵਾਦੀ ਰੈਲੀ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਹੋਰ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 15 ਜੂਨ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਤੇ ਪਾਰਟੀ ਵਰਕਰਾਂ ਦੀ ਮਿਹਨਤ ਸਦਕਾ ਪੰਜਾਬ ਕਾਂਗਰਸ ਦੀ ਲੋਕ ਸਭਾ ਚੋਣਾਂ ’ਚ ਕਾਰਗੁਜ਼ਾਰੀ ਤਸੱਲੀਬਖਸ਼ ਰਹੀ ਹੈ। ਇਸ ਤੋਂ ਬਾਅਦ ਜ਼ਿਮਨੀ ਚੋਣਾਂ, ਪੰਚਾਇਤੀ ਤੇ ਹੋਰ ਚੋਣਾਂ ਆ ਰਹੀਆਂ ਹਨ ਜਿਸ ਤੋਂ ਬਾਅਦ 2027 ਦੀਆਂ ਆਮ ਚੋਣਾਂ ਹੋਣਗੀਆਂ। ਇਸ ਲਈ ਅਗਲੇ ਢਾਈ ਸਾਲ ਪੰਜਾਬ ਕਾਂਗਰਸ ਲਈ ਚੁਣੌਤੀਪੂਰਨ ਹਨ। ਅਸਲ ’ਚ ਇਹੋ ਸਮਾਂ ਸਹੀ ਅਰਥਾਂ ਵਿਚ ਪੰਜਾਬ ਕਾਂਗਰਸ ਲਈ ਪਰਖ ਦਾ ਸਮਾਂ ਹੋਵੇਗਾ। ਇਸ ਤੋਂ ਬਾਅਦ ਹੁਣ ਜ਼ਿੰਮੇਵਾਰੀ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਹੈ। ਜੇਕਰ ਸਾਰੇ ਅਨੁਸ਼ਾਸਨ ‘ਚ ਰਹਿ ਕੇ ਅਤੇ ਇਕਮੁੱਠ ਹੋ ਕੇ ਚੱਲਣਗੇ ਤਾਂ ਅਗਲੀ ਵਾਰ ਕਾਂਗਰਸ ਦੀ ਸਰਕਾਰ ਬਣਨੀ ਨਿਸ਼ਚਿਤ ਹੈ। ਉਨ੍ਹਾਂ ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੂੰ ਹਰਾਉਣ ਮਗਰੋਂ ਧੰਨਵਾਦੀ ਦੌਰਾ ਕੀਤਾ। ਸਥਾਨਕ ਰਿਜ਼ੋਰਟ ’ਚ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਨੇ ਅਨੁਸ਼ਾਸਨ ਤੇ ਇਕਜੁੱਟ ਹੋ ਕੇ ਚੱਲਣ ਦਾ ਪਾਠ ਵੀ ਪੜ੍ਹਾਇਆ। ਉਨ੍ਹਾਂ ਕਿਹਾ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਜਿਨ੍ਹਾਂ ਨੇ ਹੇਠਾਂ ਤਕ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤੀ ਬਖਸ਼ਣੀ ਹੈ ਅਤੇ ਜਿੱਤ ਦਿਵਾਉਣੀ ਹੈ। ਰਾਜਾ ਵੜਿੰਗ ਨੇ ਆਖਿਆ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਜਿੰਨੀ ਤੇਜ਼ੀ ਨਾਲ ਚੜ੍ਹਿਆ ਸੀ ਉਸ ਤੋਂ ਜ਼ਿਆਦਾ ਤੇਜ਼ੀ ਨਾਲ ਡਿੱਗ ਚੁੱਕਾ ਹੈ। ਭਾਜਪਾ ਨੂੰ ਪੰਜਾਬੀਆਂ ਵਲੋਂ ਨਕਾਰ ਦੇਣ ਕਰਕੇ ਉਨ੍ਹਾਂ ਦਾ ਭਰਮ ਵੀ ਟੁੱਟ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਦਰੂਨੀ ਸੰਕਟ ਨਾਲ ਹੀ ਜੂਝ ਰਿਹਾ ਹੈ। ਇਸ ਲਈ ਕਾਂਗਰਸੀ ਜੇ ਹੁਣ ਤੋਂ ਹੀ ਕਮਰ ਕੱਸੇ ਕਰਕੇ ਲੋਕਾਂ ਦਾ ਭਰੋਸਾ ਜਿੱਤ ਲੈਣ ਤਾਂ ਸਰਕਾਰ ਬਣਨੀ ਤੈਅ ਹੈ। ਰੈਲੀ ਨੂੰ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਭੈਣੀ, ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ, ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਪ੍ਰਸ਼ੋਤਮ ਲਾਲ ਖਲੀਫਾ, ਰਾਵਿੰਦਰਪਾਲ ਸਿੰਘ ਰਾਜੂ ਕਾਮਰੇਡ ਨੇ ਸੰਬੋਧਨ ਕੀਤਾ। ਇਸ ਮੌਕੇ ਸੀਨੀਅਰ ਆਗੂ ਪ੍ਰੀਤਮ ਸਿੰਘ ਅਖਾੜਾ, ਹੈਪੀ ਖੇੜਾ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਬਲਾਕ ਪ੍ਰਧਾਨ ਹਰਪ੍ਰੀਤ ਧਾਲੀਵਾਲ, ਨਵਦੀਪ ਗਰੇਵਾਲ, ਜਤਿੰਦਰਪਾਲ ਰਾਣਾ, ਮਨੀ ਗਰਗ ਤੋਂ ਇਲਾਵਾ ਗੋਪਾਲ ਸ਼ਰਮਾ, ਕੌਂਸਲਰ ਜਰਨੈਲ ਸਿੰਘ ਲੋਹਟ, ਮੇਸ਼ੀ ਸਹੋਤਾ, ਬੌਬੀ ਕਪੂਰ, ਸਤਿੰਦਰਜੀਤ ਤਤਲਾ, ਬਿਕਰਮ ਜੱਸੀ, ਅਜੀਤ ਸਿੰਘ ਠੁਕਰਾਲ, ਹਿਮਾਂਸ਼ੂ ਮਲਿਕ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×