ਸਿੱਧੂ ਮੂਸੇਵਾਲਾ ’ਤੇ ਬਣੀ ਦਸਤਾਵੇਜ਼ੀ ਨੂੰ ਲੈ ਕੇ ਅਗਲੀ ਸੁਣਵਾਈ 23 ਨੂੰ
08:03 PM Jun 16, 2025 IST
Advertisement
ਜੋਗਿੰਦਰ ਸਿੰਘ ਮਾਨ
ਮਾਨਸਾ, 16 ਜੂਨ
ਦਸਤਾਵੇਜ਼ੀ ‘ਦਾ ਕਿਲਿੰਗ ਕਾਲ’ ਦੀ ਰਿਲੀਜ਼ ਨੂੰ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਲੋਂ ਅਦਾਲਤ ਵਿਚ ਚੁਣੌਤੀ ਦੇਣ ਤੋਂ ਬਾਅਦ ਅੱਜ ਬੀਬੀਸੀ ਨੇ ਮਾਨਸਾ ਦੀ ਅਦਾਲਤ ਵਿਚ ਆਪਣਾ ਪੱਖ ਰੱਖਦੇ ਹੋਏ ਗਾਇਕ ਦੇ ਪਿਤਾ ਬਲਕੌਰ ਸਿੰਘ ਵੱਲੋਂ ਕੀਤੇ ਦਾਅਵੇ ਨੂੰ ਅਯੋਗ ਠਹਿਰਾਇਆ ਹੈ। ਬੀਬੀਸੀ ਵਲੋਂ ਪੇਸ਼ ਐਡਵੋਕੇਟ ਬਲਵੰਤ ਸਿੰਘ ਭਾਟੀਆ ਨੇ ਅਦਾਲਤ ਵਿਚ ਕਿਹਾ ਕਿ ਮੂਸੇਵਾਲਾ ’ਤੇ ਬਣੀ ਦਸਤਾਵੇਜ਼ੀ ਬਾਰੇ ਗਾਇਕ ਦੇ ਪਰਿਵਾਰ ਵਲੋਂ ਜਤਾਏ ਇਤਰਾਜ਼ ਕਿਸੇ ਵੀ ਤਰ੍ਹਾਂ ਯੋਗ ਨਹੀਂ ਹੈ। ਇਸ ’ਤੇ ਅਦਾਲਤ ਨੇ ਅਗਲੀ ਸੁਣਵਾਈ 23 ਜੂਨ ਲਈ ਨਿਰਧਾਰਿਤ ਕੀਤੀ ਹੈ।
ਉਧਰ ਮੂਸੇਵਾਲਾ ਪਰਿਵਾਰ ਵੱਲੋਂ ਪੇਸ਼ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਕਿਹਾ ਉਹ ਅਗਲੀ ਸੁਣਵਾਈ ਮੌਕੇ ਮਾਣਯੋਗ ਅਦਾਲਤ ਵਿਚ ਆਪਣਾ ਜਵਾਬ ਦਾਖਲ ਕਰਨਗੇ। ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਬਣੀ ਦਸਤਾਵੇਜ਼ੀ ਬਾਰੇ ਮੂਸੇਵਾਲਾ ਪਰਿਵਾਰ ਅਤੇ ਬੀਬੀਸੀ ਵਿਚਕਾਰ ਵਿਵਾਦ ਚੱਲਦਾ ਆ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਇਸ ਦਸਤਾਵੇਜ਼ੀ ਦੀ ਰਿਲੀਜ਼ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ, ਪਰ ਬੀਬੀਸੀ ਨੇ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ 11 ਜੂਨ ਦੀ ਸਵੇਰ ਨੂੰ ਦਸਤਾਵੇਜ਼ੀ ਯੂਟਿਊਬ ’ਤੇ ਦੋ ਹਿੱਸਿਆਂ ਵਿਚ ਰਿਲੀਜ਼ ਕਰ ਦਿੱਤੀ। ਹਾਲਾਂਕਿ ਪਹਿਲਾਂ ਇਹ ਦਸਤਾਵੇਜ਼ੀ ਉਸੇ ਦਿਨ ਬਾਅਦ ਦੁਪਹਿਰ ਮੁੰਬਈ ਵਿਚ ਰਿਲੀਜ਼ ਕੀਤੀ ਜਾਣੀ ਸੀ।
ਦੱਸ ਦੇਈੲੈ ਕਿ ਬਲਕੌਰ ਸਿੰਘ ਨੇ ਦਸਤਾਵੇਜ਼ੀ ਵਿਚ ਕੀਤੇ ਦਾਅਵਿਆਂ ਨੂੰ ਇਸ ਦੀ ਰਿਲੀਜ਼ ਤੋਂ ਪਹਿਲਾਂ ਹੀ ਰੱਦ ਕਰ ਦਿੱਤਾ ਸੀ। ਉਧਰ ਗੈਂਗਸਟਰ ਗੋਲਡੀ ਬਰਾੜ ਨੇ ਦਸਤਾਵੇਜ਼ੀ ਵਿਚ ਦਿੱਤੇ ਇਕ ਇੰਟਰਵਿਉ ਵਿਚ ਦਾਅਵਾ ਕੀਤਾ ਸੀ ਕਿ ਸਿੱਧੂ ਮੂਸੇਵਾਲਾ (ਹੁਣ ਜੇਲ੍ਹ ਵਿਚ ਬੰਦ) ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿਚ ਸੀ ਤੇ ਉਸ ਨੂੰ ਕਥਿਤ ਵਟਸਐਪ ’ਤੇ ਸੁਨੇਹੇ ਭੇਜਦਾ ਸੀ।
Advertisement
Advertisement