For the best experience, open
https://m.punjabitribuneonline.com
on your mobile browser.
Advertisement

ਨਿਊਜ਼ਕਲਿੱਕ ਦਾ ਬਾਨੀ ਪੁਰਕਾਇਸਥ ਗ੍ਰਿਫ਼ਤਾਰ; ਦਫ਼ਤਰ ਸੀਲ

07:18 AM Oct 04, 2023 IST
ਨਿਊਜ਼ਕਲਿੱਕ ਦਾ ਬਾਨੀ ਪੁਰਕਾਇਸਥ ਗ੍ਰਿਫ਼ਤਾਰ  ਦਫ਼ਤਰ ਸੀਲ
ਦਿੱਲੀ ਪੁਲੀਸ ਸੀਨੀਅਰ ਪੱਤਰਕਾਰ ਪ੍ਰੰਜਯ ਗੁਹਾ ਠਾਕੁਰਤਾ ਤੇ ਉਰਮਿਲੇਸ਼ ਨੂੰ ਲੋਧੀ ਰੋਡ ਸਥਿਤ ਵਿਸ਼ੇਸ਼ ਸੈੱਲ ਦਫ਼ਤਰ ਲੈ ਕੇ ਆਉਂਦੀ ਹੋਈ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 3 ਅਕਤੂਬਰ
ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਅੱਜ ਆਨਲਾਈਨ ਨਿਊਜ਼ ਪੋਰਟਲ ‘ਨਿਊਜ਼ਕਲਿਕ’ ਤੇ ਇਸ ਦੇ ਪੱਤਰਕਾਰਾਂ ਦੇ 30 ਟਿਕਾਣਿਆਂ ’ਤੇ ਛਾਪੇ ਮਾਰੇ। ਇਹ ਛਾਪੇ ਅਤਵਿਾਦ ਵਿਰੋਧੀ ਕਾਨੂੰਨ ਯੂਏਪੀਏ (ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ) ਤਹਿਤ ਮਾਰੇ ਗਏ ਹਨ। ਪੁਲੀਸ ਨੇ ਮਗਰੋਂ ਨਿਊਜ਼ਕਲਿੱਕ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ। ਪੁਲੀਸ ਨੇ ਮਗਰੋਂ ਨਿਊਜ਼ਕਲਿੱਕ ਦੇ ਬਾਨੀ ਪ੍ਰਬੀਰ ਪੁਰਕਾਇਸਥ ਤੇ ਮਨੁੱਖੀ ਵਸੀਲਾ ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਨੂੰ ਵਿਦੇਸ਼ ਤੋਂ ਹੁੰਦੀ ਫੰਡਿੰਗ ਕੇਸ ਦੀ ਜਾਂਚ ਦੇ ਸਬੰਧ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਚੱਕਰਵਰਤੀ ਦੇ ਪੋਰਟਲ ਤੇ ਇਸ ਕੇਸ ਨਾਲ ਸਬੰਧ ਬਾਰੇ ਫੌਰੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪੁਲੀਸ ਨੇ ਕਿਹਾ ਕਿ ਉਸ ਨੇ 37 ਪੁਰਸ਼ ਮਸ਼ਕੂਕਾਂ ਤੋਂ ਵਿਸ਼ੇਸ਼ ਸੈੱਲ ਦੇ ਦਫ਼ਤਰ ਵਿਚ ਜਦੋਂਕਿ 9 ਮਹਿਲਾ ਮਸ਼ਕੂਕਾਂ ਤੋਂ ਉਨ੍ਹਾਂ ਦੀ ਠਹਿਰ ਵਾਲੀਆਂ ਥਾਵਾਂ ’ਤੇ ਪੁੱਛ-ਪੜਤਾਲ ਕੀਤੀ। ਪੁਲੀਸ ਨੇ ਛਾਪਿਆਂ ਦੌਰਾਨ ਡਿਜੀਟਲ ਯੰਤਰ, ਦਸਤਾਵੇਜ਼ ਤੇ ਹੋਰ ਆਈਟਮਾਂ ਕਬਜ਼ੇ ਵਿੱਚ ਲੈਣ ਦਾ ਦਾਅਵਾ ਕੀਤਾ ਹੈ। ਨਿਊਜ਼ ਪੋਰਟਲ ਖਿਲਾਫ਼ ਸ਼ਿਕਾਇਤ ਮਿਲੀ ਸੀ ਕਿ ਉਸ ਵੱੱਲੋਂ ਪੈਸੇ ਲੈ ਕੇ ਚੀਨ ਪੱਖੀ ਪ੍ਰਾਪੇਗੰਡਾ ਕੀਤਾ ਜਾਂਦਾ ਹੈ। ਉਰਮਿਲੇਸ਼ ਤੇ ਅਭਿਸ਼ਾਰ ਸ਼ਰਮਾ ਸਣੇ ਕੁਝ ਪੱਤਰਕਾਰਾਂ ਨੂੰ ਪੁੱਛ-ਪੜਤਾਲ ਲਈ ਲੋਧੀ ਰੋਡ ਸਥਿਤ ਵਿਸ਼ੇਸ਼ ਸੈੱਲ ਦਫ਼ਤਰ ਵੀ ਲਿਜਾਇਆ ਗਿਆ। ਪੱਤਰਕਾਰ ਔਨਨਿਦਿਓ ਚੱਕਰਬਰਤੀ, ਪ੍ਰੰਜਯ ਗੁਹਾ ਠਾਕੁਰਤਾ ਤੇ ਇਤਿਹਾਸਕਾਰ ਸੋਹੇਲ ਹਾਸ਼ਮੀ ਨੂੰ ਵੀ ਸਵਾਲ ਜਵਾਬ ਕੀਤੇ ਗਏ। ਸੂਤਰਾਂ ਮੁਤਾਬਕ ਪੱਤਰਕਾਰਾਂ ਕੋਲੋਂ 25 ਦੇ ਕਰੀਬ ਸੁਆਲ ਪੁੱਛੇ ਗਏ। ਇਕ ਸੂਤਰ ਨੇ ਕਿਹਾ ਕਿ ਇਹ ਸਵਾਲ ਵਿਦੇਸ਼ ਯਾਤਰਾ, ਸ਼ਾਹੀਨ ਬਾਗ਼ ਵਿੱਚ ਨਾਗਰਿਕਤਾ ਸੋਧ ਐਕਟ ਖਿਲਾਫ਼ ਮੁਜ਼ਾਹਰੇ, ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕੀਤੇ ਪ੍ਰਦਰਸ਼ਨ ਤੇ ਹੋਰ ਮਸਲਿਆਂ ਨਾਲ ਸਬੰਧਤ ਸਨ। ਸੂਤਰਾਂ ਨੇ ਕਿਹਾ ਕਿ ਪੁੱਛ-ਪੜਤਾਲ ਦੌਰਾਨ ਪੱਤਰਕਾਰਾਂ ਨੂੰ ਏ, ਬੀ ਤੇ ਸੀ- ਤਿੰਨ ਵਰਗਾਂ ਵਿਚ ਵੰਡਿਆ ਗਿਆ ਸੀ।
ਇਸ ਤੋਂ ਪਹਿਲਾਂ ਅੱਜ ਦਨਿੇਂ ਨਿਊਜ਼ ਪੋਰਟਲ ਦੇ ਬਾਨੀ ਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਇਸਥ ਨੂੰ ਨਿਊਜ਼ਕਲਿਕ ਦੇ ਦੱਖਣੀ ਦਿੱਲੀ ਵਿਚਲੇ ਦਫ਼ਤਰ ਲਿਜਾਇਆ ਗਿਆ। ਫੋਰੈਂਸਿਕ ਦੀ ਇਕ ਟੀਮ ਵੀ ਦਫਤਰ ਵਿਚ ਮੌਜੂਦ ਸੀ। ਉਰਮਿਲੇਸ਼ ਤੇ ਚੱਕਰਵਰਤੀ ਛੇ ਘੰਟਿਆਂ ਦੀ ਪੁੱਛ-ਪੜਤਾਲ ਤੋਂ ਬਾਅਦ ਲੋਧੀ ਰੋਡ ਸਥਿਤ ਸਪੈਸ਼ਲ ਸੈੱਲ ਦੇ ਦਫ਼ਤਰ ’ਚੋਂ ਬਾਹਰ ਆਏ। ਉਨ੍ਹਾਂ ਬਾਹਰ ਖੜ੍ਹੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਟਾਲਾ ਵੱਟਿਆ। ਉਰਮਿਲੇਸ਼ ਨੇ ਇਲੈਕਟ੍ਰਾਨਿਕ ਮੀਡੀਆ ਦੇ ਪੱਤਰਕਾਰਾਂ ਨੂੰ ਇੰਨਾ ਹੀ ਕਿਹਾ, ‘‘ਮੈਂ ਕੁਝ ਨਹੀਂ ਕਹਾਂਗਾ।’’ ਇਸ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨਿਊਜ਼ ਪੋਰਟਲ ਦੇ ਫੰਡਿੰਗ ਦੇ ਵਸੀਲਿਆ ਦੀ ਜਾਂਚ ਲਈ ਫਰਮ ਦੇ ਟਿਕਾਣਿਆਂ ’ਤੇ ਛਾਪੇ ਮਾਰ ਚੁੱਕਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸਪੈਸ਼ਲ ਸੈੱਲ ਹੁਣ ਕੇਂਦਰੀ ਏਜੰਸੀ ਵੱਲੋਂ ਮੁਹੱਈਆ ਜਾਣਕਾਰੀ ਦੇ ਆਧਾਰ ’ਤੇ ਛਾਪਿਆਂ ਦੇ ਅਮਲ ਨੂੰ ਜਾਰੀ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਸਪੈਸ਼ਲ ਸੈੱਲ ਨੇ ਅਤਵਿਾਦ ਵਿਰੋਧੀ ਕਾਨੂੰਨ, ਯੂਏਪੀਏ ਤਹਿਤ ਨਵਾਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਨੇ ਛਾਪਿਆਂ ਦੌਰਾਨ ਨਿਊਜ਼ਕਲਿੱਕ ਦੇ ਪੱਤਰਕਾਰਾਂ ਨਾਲ ਸਬੰਧਤ ਲੈਪਟਾਪ ਤੇ ਮੋਬਾਈਲ ਫੋਨ ਕਬਜ਼ੇ ਵਿਚ ਲਏ ਹਨ। ਸਪੈਸ਼ਲ ਸੈੱਲ ਦੀ ਟੀਮ ਪੱਤਰਕਾਰ ਅਭਿਸ਼ਾਰ ਸ਼ਰਮਾ ਨੂੰ ਉਨ੍ਹਾਂ ਦੀ ਨੌਇਡਾ ਐਕਸਟੈਨਸ਼ਨ ਵਿਚਲੀ ਰਿਹਾਇਸ਼ ’ਤੇ ਮਾਰੇ ਛਾਪੇ ਮਗਰੋਂ ਪੁੱਛ-ਪੜਤਾਲ ਲਈ ਆਪਣੇ ਨਾਲ ਲੈ ਗਈ। ਟੀਮ ਨੇ ਪੱਤਰਕਾਰ ਦੀ ਰਿਹਾਇਸ਼ ਤੋਂ ਮੋਬਾਈਲ ਫੋਨ ਤੇ ਲੈਪਟਾਪ ਜਿਹੇ ਗੈਜੇਟਸ ਕਬਜ਼ੇ ਵਿਚ ਲੈ ਲਏ।
ਦਿੱਲੀ ਪੁਲੀਸ ਵਿਚਲੇ ਸੂਤਰਾਂ ਨੇ ਕਿਹਾ ਕਿ ਛਾਪਿਆਂ, ਜੋ ਮੰਗਲਵਾਰ ਵੱਡੇ ਸਵੇਰੇ ਸ਼ੁਰੂ ਹੋ ਗਏ ਸਨ, ਦਾ ਆਧਾਰ ਅਗਸਤ ਵਿਚ ਯੂਏਪੀਏ ਤੇ ਆਈਪੀਸੀ ਦੀਆਂ ਹੋਰ ਧਾਰਾਵਾਂ, ਜਨਿ੍ਹਾਂ ਵਿੱਚ ਧਾਰਾ 153ਏ(ਜੋ ਧਿਰਾਂ ’ਚ ਦੁਸ਼ਮਣੀ ਦਾ ਪ੍ਰਚਾਰ ਪਾਸਾਰ) ਤੇ 120ਬੀ (ਅਪਰਾਧਿਕ ਸਾਜ਼ਿਸ਼) ਵੀ ਸ਼ਾਮਲ ਹਨ, ਤਹਿਤ ਦਰਜ ਕੇਸ ਹੈ। ਪੱਤਰਕਾਰ ਅਭਿਸ਼ਾਰ ਸ਼ਰਮਾ ਨੇ ਪੁਲੀਸ ਵੱਲੋਂ ਹਿਰਾਸਤ ਵਿਚ ਲਏ ਜਾਣ ਤੋਂ ਪਹਿਲਾਂ ਐਕਸ ’ਤੇ ਇਕ ਪੋਸਟ ਵਿੱਚ ਲਿਖਿਆ, ‘‘ਦਿੱਲੀ ਪੁਲੀਸ ਨੇ ਮੇਰੇੇ ਘਰ ਵਿਚ ਦਸਤਕ ਦਿੱਤੀ ਹੈ। ਮੇਰਾ ਲੈਪਟੌਪ ਤੇ ਫੋਨ ਲੈ ਲਿਆ ਗਿਆ ਹੈ।’’ ਇਕ ਹੋਰ ਪੱਤਰਕਾਰ ਭਾਸ਼ਾ ਸਿੰਘ ਨੇ ਵੀ ਐਕਸ ’ਤੇ ਲਿਖਿਆ, ‘‘ਆਖਿਰ ਨੂੰ ਇਸ ਫੋਨ ਤੋਂ ਆਖਰੀ ਟਵੀਟ। ਦਿੱਲੀ ਪੁਲੀਸ ਨੇ ਮੇਰਾ ਫੋਨ ਕਬਜ਼ੇ ਵਿੱਚ ਲੈ ਲਿਆ।’’ ਜਨਿ੍ਹਾਂ ਹੋਰ ਪੱਤਰਕਾਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ, ਉਨ੍ਹਾਂ ਵਿਚ ਇਤਿਹਾਸਕਾਰ ਸੋਹੇਲ ਹਾਸ਼ਮੀ ਵੀ ਸ਼ਾਮਲ ਹਨ। ਉਨ੍ਹਾਂ ਦੀ ਭੈਣ ਸ਼ਬਨਮ ਹਾਸ਼ਮੀ ਨੇ ਐਕਸ ’ਤੇ ਇਕ ਪੋਸਟ ਵਿੱਚ ਲਿਖਿਆ, ‘‘ਅੱਜ ਸਵੇਰੇ 6 ਵਜੇ ਦਿੱਲੀ ਪੁਲੀਸ ਨੇ ਸੋਹੇਲ ਹਾਸ਼ਮੀ ਦੀ ਰਿਹਾਇਸ਼ ’ਤੇ ਛਾਪਾ ਮਾਰਿਆ। ਛੇ ਲੋਕ ਘਰ ਤੇ ਬੈੱਡਰੂਮ ਵਿਚ ਘੁਸ ਆਏ।’’ ਸ਼ਬਨਮ ਨੇ ਦਾਅਵਾ ਕੀਤਾ ਕਿ ਟੀਮ ਨੇ ਸੋਹੇਲ ਕੋਲੋਂ ਦੋ ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ ਤੇ ਉਸ ਦਾ ਕੰਪਿਊਟਰ, ਫੋਨ, ਹਾਰਡ ਡਿਸਕ ਤੇ ਫਲੈਸ਼ ਡਰਾਈਵਜ਼ ਕਬਜ਼ੇ ਵਿਚ ਲੈ ਲਈਆਂ।
ਸਪੈਸ਼ਲ ਸੈੱਲ ਦਫ਼ਤਰ ਦੇ ਬਾਹਰ ਉਡੀਕ ਕਰ ਰਹੇ ਐਡਵੋਕੇਟ ਗੌਰਵ ਯਾਦਵ, ਜੋ ਨਿਊਜ਼ਕਲਿੱਕ ਦੇ ਪੱਤਰਕਾਰ ਉਰਮਿਲੇਸ਼ ਦੇ ਵਕੀਲ ਹਨ, ਨੇ ਕਿਹਾ, ‘‘ਸਾਨੂੰ ਨਾ ਹੀ ਕੋਈ ਦਸਤਾਵੇਜ਼ ਮੁਹੱਈਆ ਕਰਵਾਏ ਗਏ ਹਨ ਤੇ ਨਾ ਹੀ ਐੱਫਆਈਆਰ ਦੀ ਕਾਪੀ।’’ ਦਿੱਲੀ ਹਾਈ ਕੋਰਟ ਵਿਦੇਸ਼ਾਂ ਤੋਂ ਗੈਰਕਾਨੂੰਨੀ ਰੂਪ ਵਿੱਚ ਹੁੰਦੀ ਫੰਡਿੰਗ ਨਾਲ ਸਬੰਧਤ ਕੇਸ ਵਿਚ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ ਦੇ ਹੁਕਮਾਂ ਨੂੰ ਵਾਪਸ ਲੈਣ ਦੀ ਦਿੱਲੀ ਪੁਲੀਸ ਦੀ ਮੰਗ ’ਤੇ ਪੁਰਕਾਇਸਥ ਨੂੰ ਪਿਛਲੇ ਮਹੀਨੇ ਆਪਣਾ ਪੱਖ ਰੱਖਣ ਲਈ ਕਿਹਾ ਸੀ। ਚੇਤੇ ਰਹੇ ਕਿ ਵੈੱਬਸਾਈਟ ਨਿਊਜ਼ਕਲਿੱਕ ਭਾਰਤ ਵਿੱਚ ਚੀਨ ਪੱਖੀ ਪ੍ਰਾਪੇਗੰਡੇ ਲਈ ਅਮਰੀਕੀ ਕਰੋੜਪਤੀ ਨੈਵਿਲੇ ਰੌਏ ਸਿੰਘਮ ਕੋਲੋਂ ਕਥਿਤ ਮਿਲੀ ਰਾਸ਼ੀ ਨੂੰ ਲੈ ਕੇ ਸੁਰਖੀਆਂ ਵਿਚ ਆਈ ਸੀ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਾਲ ਹੀ ਵਿੱਚ ‘ਦਿ ਨਿਊ ਯਾਰਕ ਟਾਈਮਜ਼’ ਦੀ ਜਾਂਚ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਕਿ ਨਿਊਜ਼ਕਲਿੱਕ ਦੇ ਪੈਸਿਆਂ ਦੇ ਲੈਣ-ਦੇਣ ਤੋਂ ਇਸ ਦੇ ‘ਭਾਰਤ ਵਿਰੋਧੀ ਏਜੰਡੇ’ ਦਾ ਖੁਲਾਸਾ ਹੋਇਆ ਹੈ। -ਪੀਟੀਆਈ

Advertisement

ਜਾਂਚ ਏਜੰਸੀਆਂ ਸੁਤੰਤਰ ਤੇ ਕਾਨੂੰਨ ਮੁਤਾਬਕ ਕੰਮ ਕਰਨ ਲਈ ਪਾਬੰਦ: ਅਨੁਰਾਗ

ਭੁਬਨੇਸ਼ਵਰ: ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਨਿਊਜ਼ ਪੋਰਟਲ ‘ਨਿਊਜ਼ਕਲਿੱਕ’ ਉੱਤੇ ਛਾਪਿਆਂ ਦੇ ਹਵਾਲੇ ਨਾਲ ਕਿਹਾ ਕਿ ਜਾਂਚ ਏਜੰਸੀਆਂ ਪੂਰੀ ਤਰ੍ਹਾਂ ਸੁਤੰਤਰ ਤੇ ਕਾਨੂੰਨ ਮੁਤਾਬਕ ਕੰਮ ਕਰ ਰਹੀਆਂ ਹਨ। ਠਾਕੁਰ ਨੇ ਕਿਹਾ, ‘‘...ਜੇਕਰ ਕਿਸੇ ਨੇ ਕੁਝ ਗ਼ਲਤ ਕੀਤਾ ਹੈ ਤਾਂ ਜਾਂਚ ਏਜੰਸੀਆਂ ਇਸ ’ਤੇ ਕੰਮ ਕਰ ਰਹੀਆਂ ਹਨ...ਇਹ ਗੱਲ ਕਿਤੇ ਨਹੀਂ ਲਿਖੀ ਕਿ ਜੇਕਰ ਤੁਸੀਂ ਗੈਰਕਾਨੂੰਨੀ ਢੰਗ ਨਾਲ ਪੈਸਾ ਹਾਸਲ ਕਰਦੇ ਹੋ ਜਾਂ ਤੁਸੀਂ ਕੁਝ ਇਤਰਾਜ਼ਯੋਗ ਕੀਤਾ ਹੈ, ਤਾਂ ਤਫ਼ਤੀਸ਼ੀ ਏਜੰਸੀਆਂ ਇਸ ਦੀ ਜਾਂਚ ਨਹੀਂ ਕਰ ਸਕਦੀਆਂ।’’

Advertisement

ਪ੍ਰੈੱਸ ਦੀ ‘ਜ਼ੁਬਾਨਬੰਦੀ’ ਦਾ ਯਤਨ: ਐਡੀਟਰਜ਼ ਗਿਲਡ

ਨਵੀਂ ਦਿੱਲੀ: ਭਾਰਤੀ ਐਡੀਟਰਜ਼ ਗਿਲਡ (ਈਜੀਆਈ) ਸਣੇ ਵੱਖ ਵੱਖ ਜਥੇਬੰਦੀਆਂ ਨੇ ਵੀ ਨਿਊਜ਼ ਪੋਰਟਲ ਤੇ ਇਸ ਦੇ ਪੱਤਰਕਾਰਾਂ ’ਤੇ ਛਾਪਿਆਂ ਲਈ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਗਿਲਡ ਨੇ ਦਾਅਵਾ ਕੀਤਾ ਕਿ ਇਹ ਪ੍ਰੈੱਸ ਦੀ ‘ਜ਼ੁਬਾਨਬੰਦੀ’ ਦਾ ਯਤਨ ਹੈ। ਗਿਲਡ ਨੇ ਕਿਹਾ, ‘‘ਅਸੀਂ ਸਰਕਾਰ ਨੂੰ ਜਮਹੂਰੀ ਪ੍ਰਬੰਧ ਵਿੱਚ ਸੁਤੰਤਰ ਮੀਡੀਆ ਦੀ ਅਹਿਮੀਅਤ ਬਾਰੇ ਯਾਦ ਕਰਵਾਉਣਾ ਚਾਹੁੰਦੇ ਹਾਂ, ਅਤੇ ਅਪੀਲ ਕਰਦੇ ਹਾਂ ਕਿ ਉਹ ਚੌਥੇ ਸਤੰਭ ਦਾ ਸਤਿਕਾਰ, ਪਾਲਣ-ਪੋਸ਼ਣ ਤੇ ਸੁਰੱਖਿਆ ਯਕੀਨੀ ਬਣਾਏ।’’ ਗਿਲਡ ਨੇ ਕਿਹਾ, ‘‘ਜੇਕਰ ਅਪਰਾਧ ਕੀਤਾ ਗਿਆ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਕਾਨੂੰਨ ਮੁਤਾਬਕ ਕਾਰਵਾਈ ਹੋਵੇ, ਪਰ ਇਸ ਲਈ ਬਣਦੇ ਅਮਲ ਦੀ ਪਾਲਣਾ ਯਕੀਨੀ ਬਣਾਈ ਜਾਵੇ। ਸਖ਼ਤ ਕਾਨੂੰਨਾਂ ਦੀ ਆੜ ਹੇਠ ਕੁਝ ਵਿਸ਼ੇਸ਼ ਅਪਰਾਧਾਂ ਦੀ ਜਾਂਚ ਦੌਰਾਨ ਡਰਾਉਣ ਧਮਕਾਉਣ ਵਾਲਾ ਮਾਹੌਲ ਨਾ ਸਿਰਜਿਆ ਜਾਵੇ, ਜੋ ਪ੍ਰਗਟਾਵੇ ਦੀ ਆਜ਼ਾਦੀ ਅਤੇ ਅਸਹਿਮਤੀ ਅਤੇ ਆਲੋਚਨਾਤਮਕ ਆਵਾਜ਼ਾਂ ਦੇ ਉਭਾਰ ਨੂੰ ਰੋਕੇ।’’ ਉਧਰ ਪ੍ਰੈੱਸ ਕਲੱਬ ਆਫ਼ ਇੰਡੀਆ ਨੇ ਐਕਸ ’ਤੇ ਕਿਹਾ ਕਿ ਉਹ ਨਿਊਜ਼ ਪੋਰਟਲ ਤੇ ਇਸ ਨਾਲ ਜੁੜੇ ਪੱਤਰਕਾਰਾਂ ਤੇ ਲੇਖਕਾਂ ਦੇ ਘਰਾਂ ’ਤੇ ਛਾਪਿਆਂ ਤੋਂ ਵੱਡਾ ਫਿਕਰਮੰਦ ਹੈ। ਪੀਸੀਆਈ ਨੇ ਕਿਹਾ, ‘‘ਅਸੀਂ ਇਸ ਪੂਰੇ ਘਟਨਾਕ੍ਰਮ ’ਤੇ ਨਜ਼ਰ ਬਣਾਈ ਹੋਈ ਹੈ ਤੇ ਜਲਦੀ ਹੀ ਤਫ਼ਸੀਲੀ ਬਿਆਨ ਜਾਰੀ ਕਰਾਂਗੇ। ਉਧਰ ਇੰਡੀਅਨ ਵਿਮੈੱਨ ਪ੍ਰੈਸ ਕੋਰਪਸ (ਆਈਡਬਲਿਊਪੀਸੀ) ਨੇ ਕਿਹਾ ਕਿ ਸਰਕਾਰੀ ਏਜੰਸੀਆਂ ਨੂੰ ਮੀਡੀਆ ਕਰਮੀਆਂ ਨੂੰ ‘ਤੰਗ ਪ੍ਰੇਸ਼ਾਨ’ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਹੈ। ਕੋਰਪਸ ਨੇ ਇਕ ਬਿਆਨ ਵਿਚ ਕਿਹਾ, ‘‘ਵੰਨ-ਸੁਵੰਨੀ ਜਮਹੂਰੀਅਤ ਵਿੱਚੋਂ ਵੰਨ-ਸੁਵੰਨਤਾ ਖ਼ਤਮ ਹੋ ਜਾਵੇਗੀ, ਜੇਕਰ ਮੀਡੀਆ ਨੂੰ ਸਰਕਾਰੀ ਨੀਤੀਆਂ ਦੀ ਨਿਰਪੱਖ ਤੌਰ ’ਤੇ ਸਮੀਖਿਆ ਕਰਨ ਦੀ ਖੁੱਲ੍ਹ ਨਾ ਦਿੱਤੀ ਗਈ। ਚੁਣੀਆਂ ਹੋਈਆਂ ਜਮਹੂਰੀਅਤਾਂ ਦੀ ਇਹ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਮੀਡੀਆ ਪੂਰੇ ਨਿਰਪੱਖ ਤਰੀਕੇ ਨਾਲ ਕੰਮ ਕਰੇ।’’ -ਪੀਟੀਆਈ

ਮਨੁੱਖੀ ਹੱਕਾਂ ਬਾਰੇ ਆਲਮੀ ਸੰਸਥਾਵਾਂ ਵੱਲੋਂ ਛਾਪਿਆਂ ਦੀ ਨਿਖੇਧੀ

ਨਵੀਂ ਦਿੱਲੀ (ਟ੍ਰਿਬਿਊਨ ਨਿਊਜ਼ ਸਰਵਿਸ): ਨਿਊਜ਼ਕਲਿੱਕ ਨਾਲ ਸਬੰਧਤ ਪੱਤਰਕਾਰਾਂ ਦੇ ਘਰਾਂ ’ਤੇ ਛਾਪਿਆਂ ਦੀ ਮਨੁੱਖੀ ਹੱਕਾਂ ਬਾਰੇ ਆਲਮੀ ਸੰਸਥਾ ਨੇ ਵੀ ਨਿਖੇਧੀ ਕੀਤੀ ਹੈ। ਇੰਡੀਅਨ ਅਮੈਰੀਕਨ ਮੁਸਲਿਮ ਕੌਂਸਲ (ਆਈਏਐੱਮਸੀ), ਜੋ ਪਰਵਾਸੀ ਭਾਰਤੀ ਮੁਸਲਿਮ ਭਾਈਚਾਰੇ ਦੀ ਵਕਾਲਤ ਕਰਨ ਵਾਲੀ ਸਭ ਤੋਂ ਵੱਡੀ ਜਥੇਬੰਦੀ ਹੈ, ਦੇ ਕਾਰਜਕਾਰੀ ਡਾਇਰੈਕਟਰ ਰਸ਼ੀਦ ਅਹਿਮਦ ਨੇ ਕਿਹਾ, ‘‘ਨਿਊਜ਼ਕਲਿੱਕ ਤੇ ਹੋਰ ਕਈ ਸੁਤੰਤਰ ਮੀਡੀਆ ਅਦਾਰਿਆਂ ਦੀ ਪੱਤਰਕਾਰੀ ਸੱਚ ਦੁਆਲੇ ਕੇਂਦਰਤ ਰਹੀ ਹੈ ਜਦੋਂਕਿ ਕਾਰਪੋਰੇਟਾਂ ਵੱਲੋਂ ਚੱਲਦਾ ਮੁੱਖ ਧਾਰਾ ਵਾਲਾ ਮੀਡੀਆ ਮੋਦੀ-ਪੱਖੀ ਤੇ ਮੁਸਲਿਮ ਵਿਰੋਧੀ ਪ੍ਰਾਪੇਗੰਡੇ ਦਾ ਸਪੀਕਰ ਬਣ ਗਿਆ ਹੈ। ਉਸ ਲਿਹਾਜ਼ ਨਾਲ ਇਸ ਵਿੱਚ ਕੋਈ ਅਚੰਭਾ ਨਹੀਂ ਕਿ ਦੇਸ਼ ਵਿਚ ਬੋਲਣ ਦੀ ਆਜ਼ਾਦੀ ’ਤੇ ਕੀਤੇ ਜਾ ਰਹੇ ਹਮਲਿਆਂ ਦਰਮਿਆਨ ਬੇਕਸੂਰ ਪੱਤਰਕਾਰਾਂ ਨੂੰ ਧਮਕਾਇਆ ਤੇ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ।’’ ਉਧਰ ਅਮਰੀਕਾ ਅਧਾਰਿਤ ਹਿੰਦੂਜ਼ ਫਾਰ ਹਿਊਮਨ ਰਾਈਟਜ਼ ਨੇ ਕਿਹਾ, ‘‘ਦਿੱਲੀ ਤੇ ਮੁੰਬਈ ਵਿਚ ਮੋਦੀ ਦੀ ਆਲੋਚਨਾ ਕਰਨ ਵਾਲਿਆਂ ’ਤੇ ਪੁਲੀਸ ਵੱਲੋਂ ਛਾਪੇ ਮਾਰਨ ਦੀਆਂ ਖ਼ਬਰਾਂ ਮਿਲੀਆਂ ਹੈ। ਅਸੀਂ ਬੇਬਾਕ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨ ਵਾਲਿਆਂ ਦੇ ਨਾਲ ਖੜ੍ਹੇ ਹਾਂ। ਭਾਰਤ ਸਰਕਾਰ ਪੱਤਰਕਾਰਾਂ ਨੂੰ ਡਰਾਉਣਾ ਧਮਕਾਉਣਾ ਬੰਦ ਕਰੇ ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦਾ ਸਤਿਕਾਰ ਯਕੀਨੀ ਬਣਾਏ।’’

ਯਾਦਵ ਤੇ ਮਹਬਿੂਬਾ ਵੱਲੋਂ ਕਾਰਵਾਈ ਪੱਤਰਕਾਰੀ ’ਤੇ ਹਮਲਾ ਕਰਾਰ

ਚੋਣ ਵਿਸ਼ਲੇਸ਼ਕ ਤੇ ਕਾਰਕੁਨ ਯੋਗੇਂਦਰ ਯਾਦਵ ਨੇ ਵੀ ਨਿਊਜ਼ ਪੋਰਟਲ ਤੇ ਇਸ ਦੇ ਪੱਤਰਕਾਰਾਂ ਦੀਆਂ ਸੰਪਤੀਆਂ ’ਤੇ ਮਾਰੇ ਛਾਪਿਆਂ ਨੂੰ ਪੱਤਰਕਾਰੀ ਤੇ ਬੋਲਣ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ ਹੈ। ਉਧਰ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਮਹਬਿੂੁੁਬਾ ਮੁਫ਼ਤੀ ਨੇ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਵੱਲੋਂ ਨਿਊਜ਼ਕਲਿੱਕ ਦੇ ਪੱਤਰਕਾਰਾਂ ਦੇ ਘਰਾਂ ’ਤੇ ਛਾਪਿਆਂ ਨੂੰ ‘ਡਰਾਉਣ ਧਮਕਾਉਣ’ ਵਾਲੀ ਕਾਰਵਾਈ ਕਰਾਰ ਦਿੱਤਾ ਹੈ।

ਛਾਪੇ ‘ਜਾਤੀ ਜਨਗਣਨਾ’ ਦੀਆਂ ਲੱਭਤਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਦੇ ਮੀਡੀਆ ਤੇ ਪਬਲਿਸਿਟੀ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਨਿਊਜ਼ਕਲਿੱਕ ਦੇ ਪੱਤਰਕਾਰਾਂ ’ਤੇ ਅੱਜ ਵੱਡੇ ਤੜਕੇ ਮਾਰੇ ਛਾਪੇ ‘ਬਿਹਾਰ ਦੇ ਜਾਤੀ ਸਰਵੇਖਣ ਦੀਆਂ ਧਮਾਕੇਦਾਰ ਲੱਭਤਾਂ ਤੇ ਦੇਸ਼ ਭਰ ਵਿੱਚ ਜਾਤੀ ਜਨਗਣਨਾ ਦੀ ਵਧਦੀ ਮੰਗ ਤੋਂ ਧਿਆਨ ਭਟਕਾਉਣ ਦੀ ਸੱਜਰੀ ਕੋਸ਼ਿਸ਼ ਹੈ। ਖੇੜਾ ਨੇ ਐਕਸ ’ਤੇ ਕਿਹਾ, ‘‘ਜਦੋਂ ਉਸ ਨੂੰ ਸਿਲੇਬਸ ਤੋਂ ਬਾਹਰਲੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਹ ਆਪਣੇ ਅਨੁਮਾਨਿਤ ਸਿਲੇਬਸ ਵਿੱਚ ਮੌਜੂਦ ਇਕੋ-ਇਕ ਕਾਊਂਟਰ ਦਾ ਸਹਾਰਾ ਲੈਂਦਾ ਹੈ- ਡਿਸਟਰੈਕਸ਼ਨ।’’ ਸੀਨੀਅਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਪੋਰਟਲ ਵਿਰੁੱਧ ਕਾਰਵਾਈ ’ਤੇ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ‘ਜਮਹੂਰੀਅਤ ਦੀ ਜਨਨੀ’ ਦੀਆਂ ਕਾਰਵਾਈਆਂ ਨਹੀਂ ਹਨ, ਸਗੋਂ ‘ਅਸੁਰੱਖਿਅਤ ਅਤੇ ਤਾਨਾਸ਼ਾਹੀ ਸਰਕਾਰ’ ਦੀਆਂ ਕਾਰਵਾਈਆਂ ਹਨ। ਬਸਪਾ ਦੇ ਸੰਸਦ ਮੈਂਬਰ ਦਾਨਿਸ਼ ਅਲੀ ਨੇ ਕਿਹਾ ਕਿ ‘ਲੋਕਤੰਤਰ ਦੀ ਜਨਨੀ’ ਦੀ ‘ਤਰਸਯੋਗ ਹਾਲਤ’ ਦੇਖ ਕੇ ਦੁਨੀਆ ਹੈਰਾਨ ਹੈ, ਜਿੱਥੇ ‘ਗੋਦੀ ਮੀਡੀਆ’ ਦਾ ਹਿੱਸਾ ਬਣਨ ਤੋਂ ਇਨਕਾਰ ਕਰਨ ਵਾਲੇ ਪੱਤਰਕਾਰਾਂ ’ਤੇ ਛਾਪੇ ਮਾਰੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਛਾਪਿਆਂ ਦੀ ਨੁਕਤਾਚੀਨੀ ਕਰਦਿਆਂ ਇਸ ਨੂੰ ‘ਭਾਜਪਾ ਦੀ ਹਾਰ’ ਦਾ ਸੰਕੇਤ ਦੱਸਿਆ। ਯਾਦਵ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਇਹ ਛਾਪੇ ਸੰਕੇਤ ਹਨ ਕਿ ਭਾਜਪਾ ਹਾਰ ਰਹੀ ਹੈ। ਇਹ ਕੋਈ ਨਵੀਂ ਚੀਜ਼ ਨਹੀਂ, ਭਾਜਪਾ ਸ਼ਾਸਕਾਂ ਨੇ ਹਮੇਸ਼ਾ ਇਮਾਨਦਾਰ ਪੱਤਰਕਾਰਾਂ ’ਤੇ ਛਾਪੇ ਮਾਰੇ ਹਨ। ਪਰ ਸਰਕਾਰ ਦੇ ‘ਪ੍ਰਚਾਰ-ਪ੍ਰਸਾਰ’ (ਇਸ਼ਤਿਹਾਰਬਾਜ਼ੀ) ਦੇ ਨਾਂ ’ਤੇ ਹਰ ਮਹੀਨੇ ‘ਮਿੱਤਰ ਚੈਨਲਾਂ’ ਨੂੰ ਕਿੰਨੇ ਕਰੋੜਾਂ ਰੁਪਏ ਦਿੱਤੇ ਜਾਂਦੇ ਹਨ। ਕਿਸੇ ਨੂੰ ਤਾਂ ਇਹ ਵੀ ਛਾਪਣਾ ਚਾਹੀਦਾ ਹੈ।’’ ‘ਆਪ’ ਨੇ ਛਾਪਿਆਂ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਉਹ ਪੱਤਰਕਾਰਾਂ ਤੋਂ ‘ਡਰਨ’ ਲੱਗੀ ਹੈ। ‘ਆਪ’ ਦੀ ਮੁੱਖ ਕੌਮੀ ਤਰਜਮਾਨ ਪ੍ਰਿਯੰਕਾ ਕੱਕੜ ਨੇ ਕਿਹਾ ਕਿ ਮੋਦੀ ਸਰਕਾਰ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰਕੇ ਚੀਨ ਨਾਲ ਲੜਨ ਦਾ ਢੌਂਗ ਕਰ ਰਹੀ ਹੈ ਕਿਉਂਕਿ ਇਸ ਕੋਲ ਗੁਆਂਢੀ ਮੁਲਕ ਨਾਲ ਸਿੱਧਾ ਆਢਾ ਲਾਉਣ ਦੀ ਦਲੇਰੀ ਨਹੀਂ ਹੈ। ਪ੍ਰੈੱਸ ਕਲੱਬ ਆਫ਼ ਇੰਡੀਆ ਨੇ ਐਕਸ ’ਤੇ ਕਿਹਾ ਕਿ ਉਹ ਨਿਊਜ਼ਕਲਿੱਕ ਦੇ ਪੱਤਰਕਾਰਾਂ ਤੇ ਇਸ ਨਾਲ ਜੁੜੇ ਲੇਖਕਾਂ ਦੇ ਘਰਾਂ ’ਤੇ ਛਾਪਿਆਂ ਤੋਂ ਵੱਡਾ ਫਿਕਰਮੰਦ ਹੈ। ਪੀਸੀਆਈ ਨੇ ਕਿਹਾ, ‘‘ਅਸੀਂ ਇਸ ਪੂਰੇ ਘਟਨਾਕ੍ਰਮ ’ਤੇ ਨਜ਼ਰ ਬਣਾਈ ਹੋਈ ਹੈ ਤੇ ਜਲਦੀ ਹੀ ਤਫ਼ਸੀਲੀ ਬਿਆਨ ਜਾਰੀ ਕਰਾਂਗੇ। ਪੀਸੀਆਈ ਪੱਤਰਕਾਰਾਂ ਨਾਲ ਖੜ੍ਹੀ ਹੈ ਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਵੇਰਵੇ ਜਾਰੀ ਕਰੇ।’’ -ਪੀਟੀਆਈ

Advertisement
Author Image

sukhwinder singh

View all posts

Advertisement