ਨਵੇਂ ਚੁਣੇ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ, ਸਾਥੀ ਜ਼ਖ਼ਮੀ
ਗੁਰਬਖਸ਼ਪੁਰੀ
ਤਰਨ ਤਾਰਨ, 17 ਨਵੰਬਰ
ਇਲਾਕੇ ਦੇ ਪਿੰਡ ਲਾਲੂ ਘੁੰਮਣ ਦੇ ਨਵੇਂ ਚੁਣੇ ਗਏ ਸਰਪੰਚ ਦੀ ਅੱਜ ਉਸ ਦੇ ਪਿੰਡ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਗੋਲੀਬਾਰੀ ਵਿੱਚ ਸਰਪੰਚ ਦਾ ਇਕ ਸਾਥੀ ਜ਼ਖ਼ਮੀ ਹੋ ਗਿਆ| ਹੱਤਿਆ ਦਾ ਕਾਰਨ ਪੁਰਾਣੀ ਰੰਜਿਸ਼ ਨੂੰ ਦੱਸਿਆ ਜਾ ਰਿਹਾ ਹੈ| ਮ੍ਰਿਤਕ ਹਾਕਮ ਧਿਰ ਆਮ ਆਦਮੀ ਪਾਰਟੀ ਦਾ ਆਗੂ ਸੀ| ਮ੍ਰਿਤਕ ਸਰਪੰਚ ਦੀ ਪਛਾਣ ਪ੍ਰਤਾਪ ਸਿੰਘ (65) ਵਜੋਂ ਕੀਤੀ ਗਈ ਹੈ|
ਐੱਸਪੀ (ਇਨਵੈਸਟੀਗੇਸ਼ਨ) ਅਜੈ ਰਾਜ ਸਿੰਘ ਨੇ ਦੱਸਿਆ ਕਿ ਪ੍ਰਤਾਪ ਸਿੰਘ ਪਿੰਡ ਦੇ ਗੁਰਦੁਆਰੇ ਤੋਂ ਭੋਗ ਵਿੱਚ ਹਾਜ਼ਰੀ ਭਰ ਕੇ ਆਪਣੇ ਸਾਥੀ ਬੁੱਧ ਸਿੰਘ ਨਾਲ ਬਾਹਰ ਆ ਕੇ ਆਪਣਾ ਮੋਟਰ ਸਾਈਕਲ ਲੈਣ ਜਾ ਰਿਹਾ ਸੀ ਤਾਂ ਉਸ ’ਤੇ ਪਿੱਛੋਂ ਕਿਸੇ ਨੇ ਛੇ-ਸੱਤ ਗੋਲੀਆਂ ਚਲਾ ਦਿੱਤੀਆਂ ਜਿਨ੍ਹਾਂ ’ਚੋਂ ਇਕ ਗੋਲੀ ਉਸ ਦੇ ਦੋਸਤ ਬੁੱਧ ਸਿੰਘ ਦੇ ਲੱਗੀ| ਆਸ ਪਾਸ ਦੇ ਲੋਕਾਂ ਨੇ ਹਮਲਾਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮਾਸਕ ਲਗਾ ਕੇ ਮੋਟਰਸਾਈਕਲ ’ਤੇ ਫਰਾਰ ਹੋ ਗਿਆ| ਦੋਹਾਂ ਜਣਿਆਂ ਨੂੰ ਤੁਰੰਤ ਤਰਨ ਤਾਰਨ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਪ੍ਰਤਾਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ| ਬੁੱਧ ਸਿੰਘ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ| ਐੱਸਪੀ ਨੇ ਦੱਸਿਆ ਕਿ ਪਰਿਵਾਰ ਨੂੰ ਚੋਣ ਜਿੱਤਣ ਤੋਂ ਤੁਰੰਤ ਬਾਅਦ ਹੀ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਮਿਲ ਰਹੀਆਂ ਸਨ|ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਝਬਾਲ ਦੇ ਐੱਸਐੱਚਓ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਮੌਕੇ ’ਤੇ ਪਹੁੰਚੀ| ਐੱਸਐੱਸਪੀ ਅਭਿਮੰਨਿਊ ਰਾਣਾ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਜਾਂਚ ਸਬੰਧੀ ਨਿਰਦੇਸ਼ ਦਿੱਤੇ| ਪਰਿਵਾਰ ਦੇ ਬਿਆਨਾਂ ’ਤੇ ਝਬਾਲ ਪੁਲੀਸ ਨੇ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ|