ਨਿਊਜ਼ੀਲੈਂਡ ਨੇ ਪਹਿਲਾ ਟੈਸਟ ਮੈਚ 8 ਵਿਕਟਾਂ ਨਾਲ ਜਿੱਤਿਆ; 36 ਸਾਲਾਂ ਵਿਚ ਭਾਰਤ ’ਚ ਪਹਿਲੀ ਟੈਸਟ ਜਿੱਤ
ਬੰਗਲੂਰੂ, 20 ਅਕਤੂਬਰ
ਨਿਊਜ਼ੀਲੈਂਡ ਨੇ ਭਾਰਤ ਖਿਲਾਫ਼ ਪਹਿਲਾ ਟੈਸਟ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ ਹੈ। ਮਹਿਮਾਨ ਟੀਮ ਦੀ ਪਿਛਲੇ 36 ਸਾਲਾਂ ਵਿਚ ਭਾਰਤ ’ਚ ਇਹ ਪਹਿਲੀ ਟੈਸਟ ਜਿੱਤ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ 1988 ਵਿਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਜੌਹਨ ਰਾਈਟ ਦੀ ਕਪਤਾਨੀ ਵਿਚ ਭਾਰਤੀ ਸਰਜ਼ਮੀਨ ’ਤੇ 136 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਨਿਊਜ਼ੀਲੈਂਡ ਨੇ ਪਹਿਲੇ ਟੈਸਟ ਮੈਚ ਦੇ ਪੰਜਵੇਂ ਦਿਨ ਭਾਰਤ ਵੱਲੋਂ ਦਿੱਤੇ 107 ਦੌੜਾਂ ਦੇ ਟੀਚੇ ਨੂੰ ਦੋ ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਕਪਤਾਨ ਵਿਲ ਯੰਗ (ਨਾਬਾਦ 48) ਤੇ ਰਚਿਨ ਰਵਿੰਦਰਾ (ਨਾਬਾਦ 39) ਨੇ ਤੀਜੇ ਵਿਕਟ ਲਈ 75 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 29 ਦੌੜਾਂ ਬਦਲੇੇ 2 ਵਿਕਟ ਲਏ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਤਿੰਨ ਟੈਸਟ ਮੈਚਾਂ ਦੀ ਲੜੀ ਵਿਚ 1-0 ਦੀ ਲੀਡ ਲੈ ਲਈ ਹੈ। ਲੜੀ ਦਾ ਦੂਜਾ ਟੈਸਟ ਮੈਚ 24 ਅਕਤੂਬਰ ਤੋਂ ਪੁਣੇ ਵਿਚ ਖੇਡਿਆ ਜਾਵੇਗਾ। ਤੀਜਾ ਤੇ ਆਖਰੀ ਟੈਸਟ ਮੈਚ ਮੁੰਬਈ ਵਿਚ 1 ਨਵੰਬਰ ਤੋਂ ਖੇਡਿਆ ਜਾਣਾ ਹੈ। ਉਂਝ ਪਹਿਲਾ ਟੈਸਟ ਹਾਰਨ ਦੇ ਬਾਵਜੁਦ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਰਜਾਬੰਦੀ ਵਿਚ ਸਿਖਰ ’ਤੇ ਬਰਕਰਾਰ ਹੈ। -ਪੀਟੀਆਈ