ਨਿਊਜ਼ੀਲੈਂਡ ਦੀ ਸੈਮੀਫਾਈਨਲ ਲਈ ਉਮੀਦ ਕਾਇਮ
ਬੰਗਲੂਰੂ, 9 ਨਵੰਬਰ
ਨਿਊਜ਼ੀਲੈਂਡ ਨੇ ਅੱਜ ਇੱਥੇ ਕ੍ਰਿਕਟ ਵਿਸ਼ਵ ਕੱਪ ਮੁਕਾਬਲੇ ਵਿੱਚ ਟਰੈਂਟ ਬੋਲਟ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਬੋਲਟ ਤੇ ਮਿਸ਼ੇਲ ਸੈਂਟਨਰ ਨੇ ਸ੍ਰੀਲੰਕਾ ਦੀ ਟੀਮ ਨੂੰ 171 ਦੌੜਾਂ ’ਤੇ ਸਮੇਟਣ ’ਚ ਅਹਿਮ ਭੂਮਿਕਾ ਨਿਭਾਈ। ਇਸ ਮਗਰੋਂ ਟੀਮ ਨੇ 172 ਦੌੜਾਂ ਦਾ ਟੀਚਾ 23.2 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ’ਤੇ ਹਾਸਲ ਕਰ ਲਿਆ। ਟੀਮ ਦੇ ਬੱਲੇਬਾਜ਼ ਡੈਵੋਨ ਕਾਨਵੇ ਨੇ 42 ਗੇਂਦਾਂ ’ਚ 45 ਦੌੜਾਂ, ਡੈਰਿਲ ਮਿਸ਼ੈਲ ਨੇ 31 ਗੇਂਦਾਂ ਵਿੱਚ 43 ਅਤੇ ਰਚਿਨ ਰਵਿੰਦਰ ਨੇ 34 ਗੇਂਦਾਂ ਵਿੱਚ 42 ਦੌੜਾਂ ਦਾ ਯੋਗਦਾਨ ਦਿੱਤਾ। ਨਿਊਜ਼ੀਲੈਂਡ ਲਈ ਇਹ ਮੁਕਾਬਲਾ ਕਾਫੀ ਅਹਿਮ ਸੀ ਕਿਉਂਕਿ ਭਾਰਤ, ਦੱਖਣੀ ਅਫਰੀਕਾ ਅਤੇ ਆਸਟਰੇਲੀਆ ਦੇ ਨਾਲ ਸੈਮੀਫਾਈਨਲ ਵਿੱਚ ਪਹੁੰਚਣ ਲਈ ਸ੍ਰੀਲੰਕਾ ਖ਼ਿਲਾਫ਼ ਜਿੱਤ ਹਾਸਲ ਕਰਨੀ ਲਾਜ਼ਮੀ ਸੀ। ਇਸ ਤਰ੍ਹਾਂ ਨਿਊਜ਼ੀਲੈਂਡ ਦਾ ਰਨ ਰੇਟ 9 ਮੈਚਾਂ ਵਿੱਚ 10 ਅੰਕਾਂ ਨਾਲ ਪਲਸ 0.743 ਹੈ ਅਤੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਅੱਠ-ਅੱਠ ਅੰਕ ਹਨ ਤੇ ਦੋਹਾਂ ਦੇਸ਼ਾਂ ਦੀਆਂ ਟੀਮਾਂ ਨੂੰ ਨਿਊਜ਼ੀਲੈਂਡ ਦੇ ਕਰੀਬ ਪਹੁੰਚਣ ਲਈ ਚਮਤਕਾਰ ਹੀ ਕਰਨੇ ਪੈਣਗੇ। ਇਸ ਤਰ੍ਹਾਂ ਨਿਊਜ਼ੀਲੈਂਡ ਦੇ ਅੰਤਿਮ ਚਾਰ ’ਚ ਪਹੁੰਚਣ ਦੀ ਉਮੀਦ ਬਰਕਰਾਰ ਹੈ। -ਪੀਟੀਆਈ