For the best experience, open
https://m.punjabitribuneonline.com
on your mobile browser.
Advertisement

ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾਇਆ

08:26 AM Oct 06, 2023 IST
ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾਇਆ
ਨਿਊਜ਼ੀਲੈਂਡ ਦੇ ਰਚਨਿ ਰਵਿੰਦਰਾ ਅਤੇ ਡੈਵੋਨ ਕੌਨਵੇਅ ਮੈਚ ਦੌਰਾਨ ਇੱਕ-ਦੂਜੇ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਅਹਿਮਦਾਬਾਦ, 5 ਅਕਤੂਬਰ
ਡੈਵੋਨ ਕੌਨਵੇਅ ਤੇ ਰਚਨਿ ਰਵਿੰਦਰਾ ਦੇ ਨਾਬਾਦ ਸੈਂਕੜਿਆਂ ਤੇ ਦੂਜੀ ਵਿਕਟ ਲਈ 273 ਦੌੜਾਂ ਦੀ ਭਾਈਵਾਲੀ ਸਦਕਾ ਨਿਊਜ਼ੀਲੈਂਡ ਨੇ ਅੱਜ ਇਥੇ ਨਰਿੰਦਰ ਮੋਦੀ ਸਟੇਡੀਅਮ ਵਿਚ ਆਈਸੀਸੀ ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਉਦਘਾਟਨੀ ਮੁਕਾਬਲੇ ਵਿਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 9 ਵਿਕਟਾਂ ਦੀ ਕਰਾਰੀ ਸ਼ਿਕਸਤ ਦਿੱਤੀ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 282/9 ਦਾ ਸਕੋਰ ਬਣਾਇਆ ਸੀ।
ਨਿਊਜ਼ੀਲੈਂਡ ਦੀ ਟੀਮ ਨੇ 36.2 ਓਵਰਾਂ ਵਿੱਚ (82 ਗੇਂਦਾਂ ਬਾਕੀ ਰਹਿੰਦਿਆਂ) ਇਕ ਵਿਕਟ ਦੇ ਨੁਕਸਾਨ ਨਾਲ 283 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਨਿਊਜ਼ੀਲੈਂਡ ਨੇ ਵਿਲ ਯੰਗ ਦੇ ਰੂਪ ਵਿੱਚ ਆਪਣਾ ਇਕੋ-ਇਕ ਵਿਕਟ ਗੁਆਇਆ। ਯੰਗ ਆਪਣਾ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਿਹਾ ਤੇ ਸੈਮ ਕਰਨ ਦਾ ਸ਼ਿਕਾਰ ਬਣਿਆ। ਕੌਨਵੇ ਨੇ 152 ਦੌੜਾਂ ਦੀ ਨਾਬਾਦ ਪਾਰੀ ਵਿੱਚ 19 ਚੌਕੇ ਤੇ 3 ਛੱਕੇ ਜੜੇ ਜਦੋਂਕਿ ਭਾਰਤੀ ਮੂਲ ਦੇ ਰਚਨਿ ਨੇ 128.13 ਦੀ ਔਸਤ ਨਾਲ 96 ਗੇਂਦਾਂ ’ਤੇ 123 ਦੌੜਾਂ ਬਣਾਈਆਂ। ਰਚਨਿ ਨੇ 11 ਚੌਕੇ ਤੇ 5 ਛੱਕੇ ਲਾਏ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਇੰਗਲੈਂਡ ਦੇ ਸਾਰੇ ਹੀ ਗੇਂਦਬਾਜ਼ਾਂ ਨੂੰ ਜੰਮ ਕੇ ਕੁੱਟਿਆ। ਮਾਰਕ ਵੁੱਡ ਪੰਜ ਓਵਰਾਂ ਵਿਚ 55 ਦੌੜਾਂ ਨਾਲ ਸਭ ਤੋਂ ਮਹਿੰਗਾ ਸਾਬਤ ਹੋਇਆ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਸੱਦੇ ’ਤੇ ਬੱਲੇਬਾਜ਼ੀ ਲਈ ਮੈਦਾਨ ਵਿੱਚ ਉੱਤਰੀ ਮੌਜੂਦਾ ਚੈਂਪੀਅਨ ਇੰਗਲੈਂਡ ਨੇ ਜੋਅ ਰੂਟ ਦੀਆਂ 77 ਦੌੜਾਂ ਤੇ ਕਪਤਾਨ ਜੋਅ ਬਟਲਰ ਦੀਆਂ 43 ਦੌੜਾਂ ਵਾਲੀ ਪਾਰੀ ਸਦਕਾ ਨਿਰਧਾਰਿਤ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਨਾਲ 282 ਦੌੜਾਂ ਦਾ ਸਕੋਰ ਬਣਾਇਆ। ਜੌਹਨੀ ਬੇਅਰਸਟੋਅ ਤੇ ਡੈਵਿਡ ਮਲਾਨ ਦੀ ਸਲਾਮੀ ਜੋੜੀ ਨੇ ਪਹਿਲੇ ਵਿਕਟ ਲਈ 40 ਦੌੜਾਂ ਦੀ ਭਾਈਵਾਲੀ ਕੀਤੀ।
ਹੋਰਨਾਂ ਬੱਲੇਬਾਜ਼ਾਂ ਵਿੱਚ ਹੈਰੀ ਬਰੁਕ ਨੇ 25, ਮੋਈਨ ਅਲੀ 11, ਲਿਆਮ ਲਵਿਿੰਗਸਟੋਨ 20, ਸੈਮ ਕਰਨ 14 ਤੇ ਕ੍ਰਿਸ ਵੋਕਸ ਨੇ 11 ਦੌੜਾਂ ਦਾ ਯੋਗਦਾਨ ਪਾਇਆ। ਆਦਿਲ ਰਸ਼ੀਦ ਤੇ ਮਾਰਕ ਵੁੱਡ ਕ੍ਰਮਵਾਰ 15 ਤੇ 13 ਦੌੜਾਂ ਨਾਲ ਨਾਬਾਦ ਰਹੇ। ਨਿਊਜ਼ੀਲੈਂਡ ਲਈ ਮੈਟ ਹੈਨਰੀ ਨੇ 3, ਮਿਸ਼ੇਲ ਸੈਂਟਨਰ ਤੇ ਗਲੈੱਨ ਫਿਲਿਪਸ ਨੇ 2-2 ਤੇ ਇਕ ਇਕ ਵਿਕਟ ਟਰੈਂਟ ਬੋਲਟ ਤੇ ਰਚਨਿ ਰਵਿੰਦਰਾ ਦੇ ਹਿੱਸੇ ਆਈ। -ਪੀਟੀਆਈ

Advertisement

Advertisement
Advertisement
Author Image

Advertisement