ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵੇਂ ਸਾਲ ਦਾ ਸੰਕਲਪ

09:14 AM Jan 07, 2024 IST

ਡਾ. ਪ੍ਰਦੀਪ ਉਪਾਧਿਆਏ

Advertisement

ਵਿਅੰਗ

‘‘ਕਿਉਂ ਪੰਡਤ ਜੀ, ਇਸ ਵਾਰ ਨਵੇਂ ਸਾਲ ਦੇ ਆਗਮਨ ’ਤੇ ਕਿਹੜਾ ਸੰਕਲਪ ਲੈ ਰਹੇ ਹੋ?’’ ਦਾਦਾ ਨੇ ਵਿਅੰਗ ਕਰਦਿਆਂ ਪੁੱਛਿਆ ਜਾਂ ਸਹਿਜਤਾ ਨਾਲ, ਪਰ ਮੈਂ ਉਨ੍ਹਾਂ ਦੇ ਇਸ ਭਾਵ ਨੂੰ ਸਾਧਾਰਨ ਰੂਪ ਵਿੱਚ ਹੀ ਲਿਆ ਅਤੇ ਕਿਹਾ, ‘‘ਸੋਚਦਾ ਹਾਂ ਕਿ ਐਤਕੀ ਵੀ ਨਵੇਂ ਸਾਲ ’ਤੇ ਕੁਝ ਸੰਕਲਪ ਲੈ ਹੀ ਲਵਾਂ! ਉਂਜ ਦਾਦਾ, ਤੁਹਾਨੂੰ ਯਾਦ ਕਰਵਾ ਦਿਆਂ ਕਿ ਸੰਕਲਪ ਤਾਂ ਮੈਂ ਹਰ ਸਾਲ ਹੀ ਲੈਂਦਾ ਆਇਆ ਹਾਂ।’’
‘‘ਕੀ ਇਸ ਸਾਲ ਕੁਝ ਚੰਗੀਆਂ ਆਦਤਾਂ ਅਪਨਾਉਣ ਦਾ ਇਰਾਦਾ ਹੈ ਜਾਂ ਫਿਰ ਕੁਝ ਬੁਰੀਆਂ ਆਦਤਾਂ, ਜਿਵੇਂ ਦਾਰੂ-ਸ਼ਾਰੂ, ਬੀੜੀ-ਸਿਗਰਟ ਛੱਡਣ ਦਾ ਸੰਕਲਪ?’’
‘‘ਨਹੀਂ ਦਾਦਾ, ਮੈਨੂੰ ਅਜਿਹੀਆਂ ਕੋਈ ਬੁਰੀਆਂ ਆਦਤਾਂ ਨਹੀਂ ਹਨ ਅਤੇ ਚੰਗੀਆਂ ਆਦਤਾਂ ਦੇ ਹਿਸਾਬ ਨਾਲ ਪਹਿਲਾਂ ਹੀ ਢਲਿਆ ਹੋਇਆ ਹਾਂ। ਹਾਂ, ਆਪਣੇ ਸ਼ੌਕ, ਲੇਖਨ ਬਾਰੇ ਹੀ ਹਰ ਸਾਲ ਸੰਕਲਪ ਲੈਂਦਾ ਰਹਿੰਦਾ ਹਾਂ।’’
‘‘ਚਲੋ, ਇਹ ਤਾਂ ਚੰਗੀ ਗੱਲ ਹੈ! ਪਰ ਇਹ ਦੱਸੋ ਕਿ ਹਰ ਵਾਰ ਆਪਣੇ ਸੰਕਲਪਾਂ ਨੂੰ ਪੂਰਾ ਕਰ ਲੈਂਦੇ ਹੋ ਜਾਂ ਐਵੇਂ ਹੀ ਚੁਹਲਬਾਜ਼ੀ ਕਰਦੇ ਰਹਿੰਦੇ ਹੋ?’’ ਉਨ੍ਹਾਂ ਨੇ ਫਿਰ ਤਨਜ਼ ਕਸਿਆ।
‘‘ਨਹੀਂ ਦਾਦਾ, ਇਸ ’ਚ ਮੇਰਾ ਕਸੂਰ ਨਹੀਂ ਹੈ। ਪਰ ਕੀ ਕਰਾਂ! ਹੁਣ ਲੇਖਨ ਵਿੱਚ ਬਦਾਮ-ਪਿਸਤੇ ਦਾ ਜੁਗਾੜ ਤਾਂ ਹੋ ਨਹੀਂ ਸਕਦਾ ਅਤੇ ਦਿਮਾਗ਼ ਕੁਪੋਸ਼ਿਤ ਰਹਿ ਜਾਣ ਨਾਲ ਭੁਲੱਕੜ ਹੋ ਗਿਆ ਹੈ। ਕਹਿਣ ਵਾਲੇ ਕਹਿੰਦੇ ਵੀ ਹਨ ਕਿ ਬਹੁਤ ਜ਼ਿਆਦਾ ਭੁਲੱਕੜ ਹੋ ਗਏ ਹੋ। ਹੁਣ ਇਹਨੂੰ ਆਪਣੀ ਬਦਕਿਸਮਤੀ ਹੀ ਕਹਾਂਗਾ ਕਿ ਨਵੇਂ ਸਾਲ ਦੇ ਆਗਮਨ ਦੇ ਨਾਲ ਹੀ ਸ਼ਾਇਦ ਮੈਂ ਡਾਕਟਰਾਂ ਦੀ ਭਾਸ਼ਾ ਵਿੱਚ ਅਲਜ਼ਾਈਮਰ ਦਾ ਸ਼ਿਕਾਰ ਹੋ ਜਾਂਦਾ ਹਾਂ ਅਤੇ ਪਿਛਲਾ ਕਿਹਾ-ਸੁਣਿਆ ਸਭ ਭੁੱਲ ਜਾਂਦਾ ਹਾਂ। ਇੱਥੋਂ ਤੱਕ ਕਿ ਨਵੇਂ ਸਾਲ ਵਿੱਚ ਨਵੇਂ ਲਕਸ਼, ਨਵੇਂ ਸੰਕਲਪ, ਨਵੀਆਂ ਯੋਜਨਾਵਾਂ ਸਾਰੀਆਂ ਹੀ ਭੁੱਲ ਜਾਂਦੀਆਂ ਹਨ। ਜਦ ਤੱਕ ਵਾਪਸ ਉਨ੍ਹਾਂ ਸੰਕਲਪਾਂ ਨੂੰ ਆਪਣੀ ਯਾਦ-ਪਟੜੀ ’ਤੇ ਲਿਆਉਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਪਤਾ ਲੱਗਦਾ ਹੈ ਕਿ ਹੈਂ, ਹੁਣ ਤਾਂ ਨਵਾਂ ਸਾਲ ਆਉਣ ਵਾਲਾ ਹੈ! ਅਤੇ ਫਿਰ ਨਵੇਂ ਸੰਕਲਪਾਂ ਨੂੰ ਬੁਣਨ-ਘੜਨ ਲੱਗ ਪੈਂਦਾ ਹਾਂ।’’
‘‘ਹਾਂ ਪੰਡਤ ਜੀ, ਇਹ ਤਾਂ ਠੀਕ ਕਰਦੇ ਹੋ! ਚੰਗਾ ਹੈ, ਪੁਰਾਣੇ ਨੂੰ ਰਾਜਨੀਤਕ ਦਲਾਂ ਦੇ ਘੋਸ਼ਣਾ-ਪੱਤਰਾਂ ਵਾਂਗ ਹੀ ਭੁਲਾ ਦੇਣਾ ਅਤੇ ਨਵੇਂ-ਨਵੇਂ ਲੋਕ-ਲੁਭਾਊ ਨਾਅਰਿਆਂ ਅਤੇ ਘੋਸ਼ਣਾਵਾਂ ਵਾਂਗ ਨਵੇਂ ਸੰਕਲਪ ਦੀ ਸਿਰਜਣਾ ਕਰਨੀ!’’
‘‘ਨਹੀਂ ਦਾਦਾ, ਮੈਂ ਹਾਂ ਇੱਕ ਕਲਮਕਾਰ! ਮੈਂ ਕਿੱਥੇ ਝੂਠ-ਫ਼ਰੇਬ ਦੀ ਦੁਨੀਆ ਨਾਲ ਵਾਹ-ਵਾਸਤਾ ਰੱਖਣ ਵਾਲਾ! ਮੈਨੂੰ ਕੋਈ ਝੂਠਾ, ਬੇਵਫ਼ਾ ਸਾਬਤ ਕਰ ਦੇਵੇ, ਅਜਿਹਾ ਮੈਂ ਨਹੀਂ ਚਾਹਾਂਗਾ। ਅਤੇ ਫਿਰ ਮੈਂ ਦਾਰੂਬਾਜ਼ਾਂ ਵਰਗਾ ਵੀ ਨਹੀਂ ਕਿ ਰਾਤ ਨੂੰ ਦਾਰੂ ਪੀ ਕੇ ਦਾਰੂ ਛੱਡਣ ਦੀ ਸਹੁੰ ਖਾਧੀ ਅਤੇ ਸਵੇਰੇ ਦਾਰੂ ਉਤਰਨ ਨਾਲ ਹੀ ਸਹੁੰ ਤੋੜ ਦਿੱਤੀ।’’
‘‘ਅੱਛਾ, ਚਲੋ ਦੱਸੋ ਕਿ ਇਸ ਵਾਰ ਅਜਿਹੇ ਕਿਹੜੇ ਨਵੇਂ ਸੰਕਲਪ ਲੈਣ ਦਾ ਇਰਾਦਾ ਹੈ?’’ ਦਾਦਾ ਨੇ ਤਨਜ਼ੀਆ ਅੰਦਾਜ਼ ਵਿੱਚ ਪੁੱਛਿਆ।
‘‘ਦਾਦਾ, ਹੁਣ ਇਹ ਸਨਮਾਨ ਅਤੇ ਪੁਰਸਕਾਰ ਦੀ ਖਾਹਿਸ਼ ਮਰਨ ਲੱਗੀ ਹੈ। ਮੈਂ ਸੋਚ ਲਿਆ ਹੈ ਕਿ ਕਿਤੇ ਵੀ ਸਨਮਾਨ, ਪੁਰਸਕਾਰ ਲਈ ਅਰਜ਼ੀ, ਫ਼ਾਰਮ ਨਹੀਂ ਭੇਜਾਂਗਾ ਅਤੇ ਨਾ ਹੀ ਕਿਸੇ ਤੋਂ ਸਿਫ਼ਾਰਿਸ਼ ਹੀ ਕਰਵਾਵਾਂਗਾ। ਇਹ ਕੀ ਗੱਲ ਹੋਈ ਕਿ ਸਨਮਾਨ, ਪੁਰਸਕਾਰ ਲਈ ਹੱਥ ਅੱਡਿਆ ਜਾਵੇ!’’
‘‘ਖਿਆਲ ਤਾਂ ਚੰਗਾ ਹੈ ਪਰ ਕੀ ਇਸ ਸੰਕਲਪ ’ਤੇ ਟਿਕ ਸਕੋਗੇ? ਅੱਜਕੱਲ੍ਹ ਤਾਂ ਸਨਮਾਨ, ਪੁਰਸਕਾਰ ਲਈ ਅਰਜ਼ੀ, ਫ਼ਾਰਮ ਹੀ ਮੰਗੇ ਜਾਂਦੇ ਹਨ ਜਾਂ ਫਿਰ ਵੱਡੀਆਂ ਹਸਤੀਆਂ ਦੀਆਂ ਸਿਫ਼ਾਰਿਸ਼ਾਂ। ਇਸ ਤੋਂ ਬਿਨਾਂ ਤਾਂ ਤੁਸੀਂ ਆਪਣੇ ਰਿਕਾਰਡ ਵਿੱਚ ਕੁਝ ਜ਼ਿਕਰਯੋਗ ਪ੍ਰਾਪਤੀਆਂ ਜੋੜ ਹੀ ਨਹੀਂ ਸਕੋਗੇ। ਤੁਹਾਡੀਆਂ ਪ੍ਰਾਪਤੀਆਂ ਤੁਹਾਡੀ ਲੇਖਣੀ ਨਾਲੋਂ ਜ਼ਿਆਦਾ ਤੁਹਾਡੇ ਵੱਲੋਂ ਲਏ ਗਏ ਸਨਮਾਨ, ਪੁਰਸਕਾਰ ਵਿੱਚ ਹੀ ਗਿਣੀਆਂ ਜਾਂਦੀਆਂ ਹਨ।’’
‘‘ਗੱਲ ਤਾਂ ਠੀਕ ਹੈ ਦਾਦਾ! ਪਰ ਅਜਿਹੇ ਪੁਰਸਕਾਰ ਨਕਲੀ ਗਹਿਣਿਆਂ ਤੋਂ ਵੱਧ ਕੁਝ ਨਹੀਂ ਹੁੰਦੇ! ਇਨ੍ਹਾਂ ਦੀ ਚਮਕ-ਦਮਕ ਜ਼ਰੂਰ ਜ਼ਿਆਦਾ ਵਿਖਾਈ ਦਿੰਦੀ ਹੈ ਪਰ ਪਹਿਨਣ ਵਾਲਾ ਹੀ ਜਾਣਦਾ ਹੈ ਕਿ ਇਹ ਖੋਟਾ ਮਾਲ ਹੈ!’’
‘‘ਓ ਬਈ, ਇਹਦੀ ਕੀਹਨੂੰ ਪ੍ਰਵਾਹ ਹੈ ਕਿ ਮਾਲ ਖਰਾ ਹੈ ਜਾਂ ਖੋਟਾ! ਗਹਿਣਿਆਂ ਨਾਲ ਲੱਦਿਆ ਸੁੰਦਰੀ ਦਾ ਗਲ਼ਾ ਉਹਦੀ ਅਮੀਰੀ ਦੀ ਨਿਸ਼ਾਨੀ ਹੈ। ਠੀਕ ਉਸੇ ਤਰ੍ਹਾਂ ਸਾਹਿਤਕਾਰਾਂ ਦੀ ਸੂਚੀ ਵਿੱਚ ਪ੍ਰਾਪਤ ਕੀਤੇ ਸਨਮਾਨ, ਪੁਰਸਕਾਰ ਹੀ ਉਹਦੇ ਸਤਿਕਾਰ ਨੂੰ ਚਾਰ ਚੰਨ ਲਾਉਂਦੇ ਹਨ। ਇਸ ਵਿੱਚ ਕੋਈ ਇਹ ਥੋੜ੍ਹੋ ਵੇਖਿਆ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਹਾਸਲ ਕੀਤੇ ਗਏ ਹਨ! ਤੇ ਹਾਂ, ਅੱਜਕੱਲ੍ਹ ਪੁਰਸਕਾਰ, ਸਨਮਾਨ ਤਾਂ ਡਿਸਕਾਉਂਟ ਰੇਟ ’ਤੇ ਵੀ ਆਫ਼ਰ ਕੀਤੇ ਜਾ ਰਹੇ ਹਨ! ਜ਼ਿਆਦਾ ਨਿਰਾਸ਼ ਹੋਣ ਦੀ ਲੋੜ ਨਹੀਂ! ਪਰ ਮੈਨੂੰ ਲੱਗਦਾ ਹੈ ਕਿ ਤੁਸੀਂ ਨਿਰਾਸ਼ਾ ਵਿੱਚ ਹੀ ਇਹ ਸੰਕਲਪ ਲੈਣ ਦਾ ਫ਼ੈਸਲਾ ਕੀਤਾ ਹੋਵੇਗਾ। ਅੱਜਕੱਲ੍ਹ ‘ਏਕਲਾ ਚਲੋ’ ਨਾਲ ਕੰਮ ਨਹੀਂ ਚੱਲਦਾ। ਮੈਂ ਤੁਹਾਨੂੰ ਓਬਲਾਈਜ਼ ਕਰਾਂ, ਤੁਸੀਂ ਮੈਨੂੰ। ਅਤੇ ਫਿਰ ਸਾਹਿਤ ਦੇ ਮੱਠਾਂ ਤੋਂ ਦੂਰੀ ਰੱਖੋਗੇ ਤਾਂ ਕੋਈ ਤੁਹਾਨੂੰ ਪੁੱਛੇਗਾ ਵੀ ਨਹੀਂ। ਤੁਹਾਨੂੰ ਪਤਾ ਹੋਵੇਗਾ ਕਿ ਲਾਸ ਏਂਜਲਸ ਤੋਂ ਲੈ ਕੇ ਹਾਲੀਵੁੱਡ ਪਾਰਕ ਵਿੱਚ ਪ੍ਰਸਿੱਧ ਚਿੱਤਰਕਾਰ ਵਿਨਸੈਂਟ ਵਾਨ ਗੌਗ ਦੇ ਸਨਮਾਨ ਵਿੱਚ ਉਨ੍ਹਾਂ ਦੇ ਪੋਰਟਰੇਟ ਵਾਲਾ 92 ਫੁੱਟ ਉੱਚਾ ਗਰਮ ਹਵਾ ਦਾ ਗੁਬਾਰਾ ਲਾਂਚ ਕੀਤਾ ਗਿਆ ਸੀ। ਅਤੇ ਇਹ ਵੀ ਉਦੋਂ ਜਦ ਕਿ ਵਾਨ ਗੌਗ ਦੇ ਜਿਉਂਦੇ ਜੀਅ ਉਹਨੂੰ ਕੋਈ ਸਨਮਾਨ ਨਹੀਂ ਮਿਲਿਆ। ਉਹ ਮਾਨਸਿਕ ਰੋਗ ਤੋਂ ਪੀੜਤ ਰਿਹਾ ਅਤੇ ਇਸ ਪੀੜ ਕਰਕੇ ਉਹਨੇ ਆਪਣਾ ਕੰਨ ਵੀ ਕੱਟ ਲਿਆ ਸੀ। ਉਹਨੇ ਸੈਂਤੀ ਸਾਲ ਦੀ ਉਮਰ ਵਿੱਚ ਹੀ ਖ਼ੁਦ ਨੂੰ ਗੋਲ਼ੀ ਮਾਰ ਕੇ ਆਤਮਹੱਤਿਆ ਕਰ ਲਈ ਸੀ। ਇਸ ਲਈ ਮੁਫ਼ਤ ਸਲਾਹ ਦੇ ਰਿਹਾ ਹਾਂ ਕਿ ਕਿਸੇ ਤਰ੍ਹਾਂ ਦੀ ਫ਼ਰੱਸਟ੍ਰੇਸ਼ਨ ਵਿੱਚ ਨਾ ਆਉਂਦੇ ਹੋਏ ਅਜਿਹੇ ਸੰਕਲਪਾਂ ਨੂੰ ਛੱਡੋ ਅਤੇ ਨਵੇਂ ਸਾਲ ਵਿੱਚ ਡਿਸਕਾਉਂਟ ਰੇਟ ’ਤੇ ਸਨਮਾਨ, ਪੁਰਸਕਾਰ ਹਾਸਲ ਕਰਨ ਦਾ ਸੰਕਲਪ ਕਰ ਲਓ!’’
ਦਾਦਾ ਦੀ ਸਲਾਹ ਪਿੱਛੋਂ ਹੁਣ ਮੈਂ ਦੁਬਿਧਾ ਦੀ ਸਥਿਤੀ ਵਿੱਚ ਹਾਂ ‍ਅਤੇ ਨਵੇਂ ਸਾਲ ਦੇ ਕਿਸੇ ਸੰਕਲਪ ਲਈ ਸਿੱਟੇ ’ਤੇ ਨਹੀਂ ਪਹੁੰਚ ਰਿਹਾ।
ਸੰਪਰਕ: 94250-30009
- ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ

Advertisement
Advertisement