ਨਵੇਂ ਸਾਲ ਦੇ ਜਸ਼ਨ: ਪੰਜਾਬ ਪੁਲੀਸ ਨੇ ਹੁੜਦੰਗੀਆਂ ਨੂੰ ਖ਼ਬਰਦਾਰ ਕੀਤਾ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 31 ਦਸੰਬਰ
ਪੰਜਾਬ ਪੁਲੀਸ ਨੇ ਨਵੇਂ ਸਾਲ ਦੇ ਜਸ਼ਨਾਂ ਮੌਕੇ ਹੁੜਦੰਗ ਮਚਾਉਣ ਵਾਲਿਆਂ ਨੂੰ ਨਿਵੇਕਲੇ ਢੰਗ ਨਾਲ ਖ਼ਬਰਦਾਰ ਕੀਤਾ ਹੈ। ਪੰਜਾਬ ਪੁਲੀਸ ਨੇ ਨਵੇਂ ਸਾਲ ਦੇ ਮੱਦੇਨਜ਼ਰ ਇਕ ਗ੍ਰੀਟਿੰਗ ਕਾਰਡ ਜਾਰੀ ਕੀਤਾ ਹੈ, ਜਿਸ ਵਿਚ ਅਜਿਹੇ ਹੁੜਦੰਗੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਉਹ ਨਵੇਂ ਸਾਲ ਦੇ ਜਸ਼ਨਾਂ ਮੌਕੇ ਕਿਸੇ ਤਰ੍ਹਾਂ ਦਾ ਖਰੂਦ ਪਾਉਂਦੇ ਹਨ ਤਾਂ ਉਹ ਆਪਣੇ ਖਿਲਾਫ਼ ਕਾਰਵਾਈ ਲਈ ਤਿਆਰ ਰਹਿਣ। ਕਾਰਡ ਵਿਚ ਲਿਖਿਐ, ‘‘ਨਵਾਂ ਸਾਲ 2024 ਦੇ ਜਸ਼ਨ 31 ਦਸੰਬਰ ਨੂੰ...ਪੰਜਾਬ ਪੁਲੀਸ ਵੱਲੋਂ ਅਮਨ ਤੇ ਕਾਨੂੰਨ ਨੂੰ ਲੈ ਕੇ ਵਿਸ਼ੇਸ਼ ਪੇਸ਼ਕਾਰੀ। ਨਵੇਂ ਸਾਲ ਦੀ ਪੂਰਬਲੀ ਸੰਧਿਆ ਜੇ ਤੁਸੀਂ ਸ਼ਰਾਬ ਪੀ ਕੇ ਵਾਹਨ ਚਲਾਉਂਦੇ ਹੋ, ਸੜਕਾਂ ’ਤੇ ਲੜਾਈ ਝਗੜਾ ਕਰਦੇ ਹੋ ਜਾਂ ਅਮਨ ਤੇ ਕਾਨੂੰਨ ਦੀ ਉਲੰਘਣਾ ਕਰਦੇ ਹੋ ਤਾਂ ਪੰਜਾਬ ਪੁਲੀਸ ਵੱਲੋਂ ਤੁਹਾਡੇ ਲਈ ਵਿਸ਼ੇਸ਼ ਆਫ਼ਰ ਹੈ...ਸ਼ਹਿਰ ਦੇ ਪੁਲੀਸ ਥਾਣੇ ਵਿਚ ਫ੍ਰੀ ਐਂਟਰੀ ਤੇ ਕਾਨੂੰਨ ਤੋੜਨ ਵਾਲਿਆਂ ਲਈ ਵਿਸ਼ੇਸ਼ ਪ੍ਰਬੰਧ। ਜੇ ਕੋਈ ਤੁਹਾਡੀ ਨਵੇਂ ਸਾਲ ਦੀ ਰਾਤ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਸੀਂ 112 ਉੱਤੇ ਡਾਇਲ ਕਰਕੇ ਸਾਨੂੰ (ਪੁਲੀਸ) ਸੱਦ ਸਕਦੇ ਹੋੋ।’’