ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਵਾਸੀ ਪੰਜਾਬੀਆਂ ਲਈ ਨਵੀਂ ਵੈੱਬਸਾਈਟ ਜਾਰੀ

07:21 AM Dec 30, 2023 IST
ਪਰਵਾਸੀ ਭਾਰਤੀਆਂ ਸਬੰਧੀ ਵੈੱਬਸਾਈਟ ਲਾਂਚ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ। -ਫੋਟੋ: ਪੰਜਾਬੀ ਟ੍ਰਿਬਿਊਨ

ਗਗਨਦੀਪ ਅਰੋੜਾ
ਲੁਧਿਆਣਾ, 29 ਦਸੰਬਰ
ਪਰਵਾਸੀ ਪੰਜਾਬੀਆਂ (ਐੱਨਆਰਆਈਜ਼) ਦੀਆਂ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐੱਨਆਰਆਈ ਮਾਮਲਿਆਂ ਬਾਰੇ ਵਿਭਾਗ ਦੀ ਨਵੀਂ ਵੈੱਬਸਾਈਟ ‘nri.punjab.gov.in’ ਜਾਰੀ ਕੀਤੀ ਹੈ। ਵੈੱਬਸਾਈਟ ਸ਼ੁਰੂ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਣ ਅਤੇ ਉਨ੍ਹਾਂ ਦੀ ਸਹਾਇਤਾ ਲਈ ਇਹ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਐੱਨਆਈਸੀ ਦੀ ਮਦਦ ਨਾਲ ਅਤਿ ਆਧੁਨਿਕ ਵੈੱਬਸਾਈਟ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐੱਨਆਰਆਈਜ਼ ਦੇ ਬਕਾਇਆ ਮਸਲਿਆਂ ਦੇ ਹੱਲ ਲਈ 3 ਫਰਵਰੀ ਤੋਂ ਐੱਨਆਰਆਈ ਮਿਲਣੀਆਂ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਵੈੱਬਸਾਈਟ ’ਚ ਐੱਨਆਰਆਈ ਪੁਲੀਸ ਵਿੰਗ, ਕਮਿਸ਼ਨ ਅਤੇ ਐੱਨਆਰਆਈ ਸਭਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਪੰਜਾਬ ਸਰਕਾਰ ਵੱਲੋਂ ਪਰਵਾਸੀ ਪੰਜਾਬੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਜਾਣਕਾਰੀ ਵੀ ਇਕੋ ਕਲਿੱਕ ’ਤੇ ਹਾਸਲ ਹੋ ਜਾਵੇਗੀ। ਵੈੱਬਸਾਈਟ ਐੱਨਆਰਆਈਜ਼ ਨੂੰ ਆਪਣੇ ਦਸਤਾਵੇਜ਼ ਤਸਦੀਕ ਕਰਾਉਣ ’ਚ ਵੀ ਸਹਾਇਤਾ ਪ੍ਰਦਾਨ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਵੈੱਬਸਾਈਟ ’ਤੇ ਹੈਲਪਲਾਈਨ ਨੰਬਰ, ਈਮੇਲ ਪਤਿਆਂ ਅਤੇ ਵਟਸਐਪ ਸ਼ਿਕਾਇਤ ਨੰਬਰ ਦੀ ਜਾਣਕਾਰੀ ਵੀ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਵੈੱਬਸਾਈਟ ’ਤੇ ਸੂਬਾ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨਾਲ ਰਜਿਸਟਰਡ ਟਰੈਵਲ ਏਜੰਟਾਂ ਅਤੇ ਏਜੰਸੀਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਸੂਬਾ ਸਰਕਾਰ ਅੰਤਰਰਾਸ਼ਟਰੀ ਟਰਮੀਨਲ ਦੇ ਪਹੁੰਚ ਹਾਲ ਵਿਖੇ ‘ਪੰਜਾਬ ਸਹਾਇਤਾ ਕੇਂਦਰ’ ਦੀ ਸਥਾਪਨਾ ਕਰੇਗੀ। ਇਹ ਕੇਂਦਰ 24 ਘੰਟੇ ਕੰਮ ਕਰੇਗਾ ਤੇ ਟਰਮੀਨਲ ਵਿਖੇ ਐੱਨਆਰਆਈਜ਼ ਤੇ ਹੋਰ ਮੁਸਾਫ਼ਰਾਂ ਨੂੰ ਢੁੱਕਵੀਂ ਸਹਾਇਤਾ ਪ੍ਰਦਾਨ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਕੇਂਦਰ ਹਵਾਈ ਅੱਡੇ ਉੱਤੇ ਉਡਾਣਾਂ ਦੇ ਪਹੁੰਚਣ, ਹੋਰ ਉਡਾਣਾਂ, ਟੈਕਸੀ ਸੇਵਾਵਾਂ, ਸਾਮਾਨ ਗੁਆਚਣ ਬਾਰੇ ਸਹਾਇਤਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹੋਰ ਸਹੂਲਤਾਂ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ 15 ਫਰਵਰੀ ਤੋਂ ਹਲਵਾਰਾ ਟਰਮੀਨਲ ਤੋਂ ਵੀ ਉਡਾਣਾਂ ਸ਼ੁਰੂ ਹੋ ਜਾਣਗੀਆਂ। ਏਅਰਪੋਰਟ ਦਾ 90 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਦੇ ਨਾਲ ਉਡਾਣਾਂ ਲਈ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਹਨ।

Advertisement

ਜਾਖੜ ਝਾਕੀ ’ਤੇ ਸਾਡੀ ਫੋਟੋ ਦਿਖਾ ਦੇਣ, ਮੈਂ ਸਿਆਸਤ ਛੱਡ ਦੇਵਾਂਗਾ: ਮੁੱਖ ਮੰਤਰੀ

ਲੁਧਿਆਣਾ (ਟਨਸ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਸੂਬੇ ਦੀਆਂ ਪ੍ਰਸਤਾਵਿਤ ਝਾਕੀਆਂ ’ਤੇ ਉਹ ਉਨ੍ਹਾਂ ਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੋਟੋ ਸਾਬਤ ਕਰ ਦੇਣ ਤਾਂ ਉਹ ਸਿਆਸਤ ਛੱਡ ਦੇਣਗੇ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ਨੇ ਦੋਸ਼ ਲਗਾਏ ਸਨ ਕਿ ‘ਆਪ’ ਸਰਕਾਰ ਝਾਕੀ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਦੀਆਂ ਫੋਟੋਆਂ ਲਾਉਣ ’ਤੇ ਅੜੀ ਹੋਈ ਸੀ ਜਿਸ ਕਾਰਨ ਸਬੰਧਤ ਕਮੇਟੀ ਨੇ ਝਾਕੀ ਨੂੰ ਰੱਦ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਾਖੜ ਹਾਲ ਹੀ ’ਚ ਭਾਜਪਾ ਵਿੱਚ ਸ਼ਾਮਲ ਹੋਏ ਹਨ, ਇਸ ਲਈ ਉਨ੍ਹਾਂ ਨੂੰ ਭਾਜਪਾ ਦੇ ਹੋਰ ਤਜਰਬੇਕਾਰ ਆਗੂਆਂ ਵਾਂਗ ਝੂਠ ਬੋਲਣ ਦੀ ਕਲਾ ’ਚ ਅਜੇ ਪੂਰੀ ਮੁਹਾਰਤ ਹਾਸਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਅਸਲ ਤੱਥਾਂ ਨੂੰ ਛੁਪਾਉਣ ਲਈ ਹਮੇਸ਼ਾ ਹਾਈਕਮਾਂਡ ਤੋਂ ਤਿਆਰ-ਬਰ-ਤਿਆਰ ਸਕ੍ਰਿਪਟਾਂ ਪ੍ਰਾਪਤ ਕਰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ 26 ਜਨਵਰੀ ਨੂੰ ਪੰਜਾਬ ਭਰ ਵਿੱਚ ਹੋਣ ਵਾਲੇ ਸਾਰੇ ਸਮਾਗਮਾਂ ਵਿੱਚ ਇਨ੍ਹਾਂ ਝਾਕੀਆਂ ਨੂੰ ਸ਼ਾਮਲ ਕਰਕੇ ਸੂਬੇ ਦੀ ਅਮੀਰ ਵਿਰਾਸਤ ਨੂੰ ਲੋਕਾਂ ਅੱਗੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ 20 ਜਨਵਰੀ ਤੋਂ ਰਾਸ਼ਟਰੀ ਰਾਜਧਾਨੀ ਦੇ ਪੰਜਾਬ ਭਵਨ ਵਿਖੇ ਇਨ੍ਹਾਂ ਝਾਕੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

Advertisement
Advertisement