For the best experience, open
https://m.punjabitribuneonline.com
on your mobile browser.
Advertisement

ਨਵੀਂ ਜੁਗਤ

07:11 AM Feb 18, 2024 IST
ਨਵੀਂ ਜੁਗਤ
Advertisement

ਅੰਮ੍ਰਿਤ ਕੌਰ 

Advertisement

‘‘ਊਂ ਜੇ ਮੈਂ ਬਿਰਧ ਆਸ਼ਰਮ ਵਿੱਚ ਵਗ ਜਾਂ ... ਉੱਥੇ ਵੱਧ ਸੇਵਾ ਹੋਇਆ ਕਰੂ।’’ ਸੱਸ ਦੇ ਇਹ ਬੋਲ ਸੁਣ ਕੇ ਰਸੋਈ ਵਿੱਚ ਕੰਮ ਕਰਦੀ ਪਸੀਨੇ ਨਾਲ ਗੜੁੱਚ ਹੋਈ ਨੂੰਹ ਜਿਵੇਂ ਕੁਝ ਸਮੇਂ ਲਈ ਸੁੰਨ ਹੋ ਗਈ। ਇੱਕ ਛੁਰੀ... ਨਹੀਂ... ਨਹੀਂ... ਸ਼ਾਇਦ ਇੱਕ ਬਲੇਡ ਜਾਂ ਉਸ ਤੋਂ ਵੀ ਬਰੀਕ ਤੇਜ਼ ਧਾਰ ਚੀਜ਼ ਉਸ ਦੇ ਕੰਨਾਂ ਵਿੱਚੋਂ ਹੁੰਦੀ ਹੋਈ ਗਲ਼ੇ ਅਤੇ ਛਾਤੀ ਦੀਆਂ ਨਾੜਾਂ ਨੂੰ ਚੀਰਦੀ ਹੋਈ ਸਾਰੇ ਪੇਟ ਵਿੱਚੋਂ ਚੀਰਾ ਲਾਉਂਦੀ ਖੱਬੀ ਵੱਖੀ ਵਿੱਚ ਪੱਸਲੀਆਂ ਦੇ ਹੇਠਾਂ ਜਾ ਰੁਕੀ ਜਿੱਥੇ ਉਸ ਦੇ ਹਮੇਸ਼ਾ ਹਲਕਾ ਜਿਹਾ ਦਰਦ ਰਹਿੰਦਾ ਸੀ। ਦਰਦ ਥੋੜ੍ਹਾ ਕੁ ਵਧਿਆ, ਮੋਢੇ ਵਿਚਦੀ ਹੁੰਦਾ ਹੋਇਆ ਗਰਦਨ ਦੇ ਪਿੱਛੇ ਦੀ ਸਿਰ ਵਿੱਚ ਖੱਬੇ ਪਾਸੇ ਜਾ ਕੇ ਰੁਕ ਗਿਆ। ਦੋ ਚਾਰ ਸਕਿੰਟਾਂ ਦੀ ਇਹ ਪ੍ਰਕਿਰਿਆ ਜਾਨ ਸੂਤ ਕੇ ਲੈ ਗਈ। ਵੀਹ ਪੱਚੀ ਸਾਲ ਦੀ ਮਿਹਨਤ ਰੁੜ੍ਹਦੀ ਜਾਪੀ। ਇਸ ਸਾਰੀ ਪ੍ਰਕਿਰਿਆ ਨਾਲ ਦਿਲ ਦਿਮਾਗ਼ ਨਪੀੜਿਆ ਗਿਆ। ਉਸ ਵਿੱਚੋਂ ਨਿਕਲਿਆ ਸਤ ਖਾਰੇ ਪਾਣੀ ਦਾ ਰੂਪ ਲੈ ਅੱਖਾਂ ਵਿੱਚ ਆ ਉੱਤਰਿਆ। ਰਸੋਈ ਵਿੱਚ ਪਈਆਂ ਵਸਤਾਂ ’ਤੇ ਧੁੰਦ ਜਿਹੀ ਛਾ ਗਈ। ਨਾ... ਨਾ ਵਸਤਾਂ ’ਤੇ ਧੁੰਦ ਨਹੀਂ ਸੀ। ਧੁੰਦ ਤਾਂ ਦ੍ਰਿਸ਼ਟੀ ਵਿੱਚ ਸੀ। ਸਿੱਲ੍ਹੀਆਂ ਅੱਖਾਂ ਵਾਲੀ ਵੱਡੀ ਸਾਰੀ ਵਿਅੰਗਮਈ ਮੁਸਕਰਾਹਟ ਬੁੱਲ੍ਹਾਂ ’ਤੇ ਫੈਲੀ। ਵੱਡਾ ਸਾਰਾ ਸਾਹ ਭਰ ਕੇ ਖਿੜਕੀ ਵਿੱਚੋਂ ਆਸਮਾਨ ਵੱਲ ਆਪਣੇ ਵਕੀਲ ਅਤੇ ਜੱਜ ਨੂੰ ਸਾਹਮਣੇ ਮਹਿਸੂਸ ਕੀਤਾ ਅਤੇ ਬੁੱਲ੍ਹਾਂ ਦਾ ਸੀਟੀ ਮਾਰਨ ਵਾਲਾ ਆਕਾਰ ਬਣਾ ਕੇ ਫੂ...ਊ...ਊ...ਊ...ਆ...ਆ... ਕਰ ਕੇ ਸਾਰੀ ਹਵਾ ਬਾਹਰ ਕੱਢ ਦਿੱਤੀ। ਦੋ ਤਿੰਨ ਵਾਰ ਏਦਾਂ ਕਰਨ ’ਤੇ ਥੋੜ੍ਹਾ ਚੈਨ ਆਇਆ। ਇਸ ਤਰ੍ਹਾਂ ਡੂੰਘੇ ਸਾਹ ਭਰਨ ਤੇ ਕੱਢਣ ਦੀ ਜੁਗਤ ਉਸ ਦੇ ਪਤੀ ਨੇ ਉਸ ਦਿਨ ਦੱਸੀ ਸੀ, ਜਦੋਂ ਇੱਕ ਦਿਨ ਉਹ ਬਹੁਤ ਜ਼ਿਆਦਾ ਬੇਚੈਨ ਸੀ। ਉਸ ਦਾ ਜੀਅ ਕਰ ਰਿਹਾ ਸੀ ਘਰ ਦਾ ਸਾਰਾ ਸਾਮਾਨ ਤੋੜ ਦੇਵੇ, ਭਾਂਡੇ ਗਲ਼ੀ ਵਿੱਚ ਵਗਾਹ ਵਗਾਹ ਮਾਰੇ। ਪਾਗਲਾਂ ਵਾਂਗ ਚੀਕਾਂ ਮਾਰੇ ਤੇ ਰੋਹੀਏਂ ਚੜ੍ਹ ਜਾਵੇ। ਮੁੜ ਕੇ ਨਾ ਥਿਆਵੇ ਕਿਸੇ ਨੂੰ। ਉਸ ਦਿਨ ਬੇਬੇ ਨੇ ਉਸ ਨੂੰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕਹੀਆਂ ਸਨ ਜਿਹੜੀਆਂ ਬਰਦਾਸ਼ਤ ਤੋਂ ਬਾਹਰ ਸਨ। ਭਾਵੇਂ ਉਹ ਕੁਝ ਨਾ ਬੋਲਦੀ। ਫਿਰ ਵੀ ਬੇਬੇ ਆਖ ਦਿੰਦੀ... ‘‘ਤੂੰ ਮੈਨੂੰ ਮਾਰ ਕੇ ਰਾਜੀ ਐਂ... ਮੈਨੂੰ ਘਰੋਂ ਕੱਢ ਕੇ ਰਾਜੀ ਐਂ।’’ ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸੁਣ ਕੇ ਉਸ ਦਾ ਜੀਅ ਕਰਦਾ ਘਰ ਛੱਡ ਕੇ ਚਲੀ ਜਾਵੇ ਕਿਧਰੇ। ਉਸ ਦੀ ਸ਼ਕਲ ਸੂਰਤ ਠੀਕ ਸੀ ਨਾ ਬਹੁਤੀ ਚੰਗੀ, ਨਾ ਬਹੁਤੀ ਮਾੜੀ। ਬੇਬੇ ਨੇ ਆਖਿਆ, ‘‘ਮੈਂ ਤਾਂ ਵਿਆਹ ਨੂੰ ਈ ਤੇਰੀ ਬੂਥੜੀ ਦੇਖ ਲੀ ਸੀ ਕਿ ਤੇਰੇ ਨੀ ਜਵਾਕ ਹੁੰਦਾ।’’ ਜਵਾਬ ਤਾਂ ਹੈ ਸੀ ਇਸ ਗੱਲ ਦਾ ਪਰ ਜ਼ਬਾਨ ’ਤੇ ਨਹੀਂ ਲਿਆਂਦਾ। ਕਈ ਵਾਰ ਮਨ ਨੇ ਉਬਾਲਾ ਖਾਧਾ ਕਿ ਆਖ ਦੇਵੇ, ‘‘ਜਦੋਂ ਮੈਨੂੰ ਦੇਖਣ ਗਏ ਸੀ ਬੂਥੜੀ ਤਾਂ ਉਦੋਂ ਵੀ ਇਹੀ ਸੀ। ਜੇ ਤੁਸੀਂ ਐਡੇ ਹੀ ਅੰਤਰਜਾਮੀ ਓ ਫਿਰ ਆਪਣੇ ਪੁੱਤ ਦੀ ਜ਼ਿੰਦਗੀ ਕਿਉਂ ਖ਼ਰਾਬ ਕੀਤੀ ਮੇਰੇ ਨਾਲ ਵਿਆਹ ਕੇ।’’ ਪਰ ਲੜਾਈ ਤੇ ਲੱਸੀ ਦਾ ਕੀ ਵਧਾਉਣਾ ਸੀ। ਇਹ ਸਭ ਹਜ਼ਮ ਕਰਨਾ ਸਹਿਜ ਤਾਂ ਨਹੀਂ ਸੀ। ਗੱਲ ਇੱਕ ਨਹੀਂ ਸੀ ਹੁੰਦੀ, ਪੂਰੀ ਲਿਸਟ ਤਿਆਰ ਹੁੰਦੀ ਸੀ। ਕੁਝ ਉਨ੍ਹਾਂ ਗੱਲਾਂ ਦੇ ਮਿਹਣੇ ਜਿਹੜੀਆਂ ਉਸੇ ਦੇ ਪੇਕੇ ਪਰਿਵਾਰ ਦੇ ਜੀਆਂ ਵੱਲੋਂ ਆਪਣੇ ਘਰ ਦੇ ਅੰਦਰੂਨੀ ਝਗੜੇ ਦੱਸੇ ਹੋਏ ਸਨ। ਉਹ ਸੋਚਦੀ... ਪਤਾ ਨਹੀਂ ਮੇਰੇ ਆਪਣਿਆਂ ਨੇ ਇਹ ਕਿਉਂ ਨਹੀਂ ਸੋਚਿਆ ਕਿ ਜਿਹੜੀਆਂ ਗੱਲਾਂ ਰਾਹੀਂ ਉਹ ਆਪਣੇ ਪਰਿਵਾਰ ਦੇ ਦੂਜੇ ਜੀਆਂ ਦੇ ਔਗੁਣ ਫਰੋਲ ਜਾਂਦੇ ਹਨ। ਉਹ ਸਾਰੀਆਂ ਗੱਲਾਂ ਦੇ ਬੰਬ ਬਣ ਕੇ ਉਨ੍ਹਾਂ ਦੀ ਧੀ ਭੈਣ ਦੇ ਸਿਰ ਹੀ ਫਟਣਗੇ। ਉਸ ਨੂੰ ਕੋਈ ਠਾਹਰ ਨਹੀਂ ਸੀ ਦੁੱਖੜੇ ਰੋਣ ਲਈ। ਉਸ ਦੇ ਪਤੀ ਨੇ ਉਸ ਨੂੰ ਬਾਂਹ ਤੋਂ ਫੜਿਆ ਸੀ ਅਤੇ ਬਾਹਰ ਰੁੱਖਾਂ ਹੇਠ ਲੈ ਗਿਆ। ਵਾਰ ਵਾਰ ਅੰਦਰ ਹਵਾ ਭਰਨ ਅਤੇ ਛੱਡਣ ਨੂੰ ਕਿਹਾ।
‘‘ਮੈਂ ਵੀ ਏਦਾਂ ਈ ਆਪਣੀ ਭਰੀ ਛਾਤੀ ਖਾਲੀ ਕਰਦਾ ਹੁੰਨਾ।’’ ਉਸ ਨੇ ਜਦੋਂ ਇਹ ਆਖਿਆ ਸੀ ਤਾਂ ਪਤਨੀ ਹੈਰਾਨੀ ਨਾਲ ਉਸ ਵੱਲ ਦੇਖਦੀ ਰਹੀ।
‘‘ਮੈਂ ਵੀ ਇਨਸਾਨ ਆਂ ਮੈਨੂੰ ਵੀ ਤਕਲੀਫ਼ ਹੁੰਦੀ ਐ। ਕਦੇ ਘਰੋਂ ਕਦੇ ਬਾਹਰੋਂ।’’
‘‘ਬਾਹਰੋਂ ਮਤਲਬ?’’ ਪਤਨੀ ਨੇ ਪੁੱਛਿਆ ਸੀ।
‘‘ਜਿੱਥੇ ਮੈਂ ਨੌਕਰੀ ਕਰ ਰਿਹਾ ਹਾਂ ਮੇਰੇ ਸਾਥੀ ਕਰਮਚਾਰੀ ਥੱਬਾ ਤਨਖ਼ਾਹਾਂ ਦਾ ਲੈ ਕੇ ਵੀ ਕੰਮ ਵਿੱਚ ਇਮਾਨਦਾਰ ਨਹੀਂ। ਮੈਂ ਕੁਸ਼ ਨਹੀਂ ਕਰ ਸਕਦਾ। ਬਸ ਮਨ ਕਲਪਦਾ ਮੇਰਾ।’’ ਪਤੀ ਦੀ ਇਸੇ ਇਮਾਨਦਾਰੀ ਅਤੇ ਨੇਕੀ ’ਤੇ ਉਹ ਫਿਦਾ ਸੀ। ਮਾਣ ਮਹਿਸੂਸ ਕਰਦੀ ਸੀ। ਹੋਰ ਵਿਚਾਰਾਂ ਵਿੱਚ ਮੱਤਭੇਦ ਹੁੰਦਿਆਂ ਵੀ ਇੱਕ ਦੂਜੇ ’ਤੇ ਅੰਤਾਂ ਦਾ ਭਰੋਸਾ ਕਰਦੇ ਸਨ। ਇਹੋ ਜਿਹੇ ਭਰੋਸੇ ਕਮਾਏ ਜਾਂਦੇ ਹਨ ਪਰ ਉਨ੍ਹਾਂ ਵਿੱਚ ਸਹਿਜੇ ਹੀ ਸਨ। ਇਸ ਲਈ ਬੇਔਲਾਦ ਹੋਣ ਕਰਕੇ ਵੀ ਸ਼ਾਂਤਮਈ ਤਰੀਕੇ ਨਾਲ ਇੱਕ ਦੂਜੇ ਦਾ ਸਾਥ ਨਿਭਾ ਰਹੇ ਹਨ। ਪਤੀ ਦੀ ਗੱਲ ਸੁਣ ਕੇ ਉਸ ਦਾ ਆਪਣੀ ਤਕਲੀਫ਼ ਵੱਲੋਂ ਧਿਆਨ ਹਟਿਆ। ‘‘ਘਰ ਵਿੱਚ ਮੈਂ ਸਾਰਾ ਕੁਝ ਅੱਖੀਂ ਦੇਖਦਾ ਹਾਂ, ਕੋਈ ਦੱਸੇ ਨਾ ਦੱਸੇ...। ਤੂੰ ਸਹੀ ਹੋਵੇਂ ਤਾਂ ਵੀ ਮੈਂ ਆਪਣੀ ਮਾਂ ਨੂੰ ਕੁਸ਼ ਨਹੀਂ ਆਖ ਸਕਦਾ। ਮੇਰੀ ਮਾਂ, ਮੇਰੀਆਂ ਭੈਣਾਂ, ਮੇਰੇ ਰਿਸ਼ਤੇਦਾਰ ਇਹੀ ਕਹਿਣਗੇ ਕਿ ਤੂੰ ਮੈਨੂੰ ਵਸ ਵਿੱਚ ਕਰ ਲਿਆ। ਤੇਰੇ ਲਈ ਹੋਰ ਔਖਾ ਹੋ ਜਾਣੈ। ਮੈਨੂੰ ਪਤੈ ਮੈਂ ਤੇਰੇ ਅੱਗੇ ਢਾਲ ਨਹੀਂ ਬਣ ਸਕਦਾ। ਇੱਕ ਰੱਬ ਤੋਂ ਡਰਨ ਵਾਲੇ ਬੰਦੇ ਲਈ ਆਪਣਿਆਂ ਨਾਲ ਲੜਨਾ ਸਭ ਤੋਂ ਵੱਧ ਔਖਾ ਹੁੰਦੈ। ਮਾਂ ਲਈ ਆਪਣੇ ਫ਼ਰਜ਼ ਨਿਭਾਉਣੇ ਜ਼ਰੂਰੀ ਨੇ।’’
‘‘ਤੇ ਮੈਂ ਕਿੱਧਰ ਜਾਵਾਂ ਫੇਰ?’’ ਪਤਨੀ ਨੇ ਪਤੀ ਦੇ ਚਿਹਰੇ ਵੱਲ ਦੇਖਦਿਆਂ ਆਖਿਆ।
‘‘ਕਿਤੇ ਵੀ ਨਹੀਂ। ਬਸ ਇਸ ਤਰ੍ਹਾਂ ਸਮਝ ਲੈ ਬਈ ਆਪਣਾ ਜਨਮ ਈ ਮਾਂ ਕਰਕੇ ਹੋਇਆ... ਚੰਗਾ ਕਹੇ, ਮਾੜਾ ਕਹੇ ਸਭ ਸਿਰ ਮੱਥੇ।’’
‘‘ਆਹ ਤਾਂ ਕੋਈ ਗੱਲ ਨੀ ਬਣੀ, ਫੇਰ ਆਪਣਾ ਜੀਵਨ ਤਾਂ ਗਿਆ, ਵੀਹ ਬਾਈ ਸਾਲ ਲੰਘ ਗਏ ਮਾਂ ਦੀਆਂ ਗਲਤਫਹਿਮੀਆਂ ਦੀਆਂ ਸਫ਼ਾਈਆਂ ਦਿੰਦੇ ਦਿੰਦੇ।’’
‘‘ਕੀ ਕਰੀਏ ਫਿਰ? ਮਾਂ ਨੂੰ ਜੇ ਕੋਈ ਗੱਲ ਆਖੀਏ ਤਾਂ ਉਹਨੂੰ ਇਸ ਤਰ੍ਹਾਂ ਲੱਗਦਾ ਐ ਕਿ ਉਸ ਦੀ ਕੋਈ ਕਦਰ ਨਹੀਂ ਕਰਦਾ। ਪਿੰਡ ਵਾਲੀ ਭਰਜਾਈ ਨਾਲ ਮਾਂ ਦੀ ਬਣਦੀ ਨਹੀਂ। ਇਸ ਲਈ ਉਨ੍ਹਾਂ ਕੋਲ ਭੇਜਣ ਦਾ ਤਾਂ ਵਰਕਾ ਈ ਪਾੜ ਦੇ।’’ ਉਹ ਥੋੜ੍ਹੀ ਦੇਰ ਚੁੱਪ ਕਰ ਗਿਆ। ਪਤਨੀ ਸੁੰਨੀਆਂ ਜਿਹੀਆਂ ਅੱਖਾਂ ਨਾਲ ਆਸਮਾਨ ਵੱਲ ਦੇਖ ਰਹੀ ਸੀ।
ਉਹ ਫਿਰ ਬੋਲਿਆ, ‘‘ਬੇਬੇ ਭੈਣ ਹੁਰਾਂ ਕੋਲ ਵੀ ਮਹੀਨਾ ਵੀਹ ਦਿਨ ਇਸ ਕਰਕੇ ਲਾ ਆਉਂਦੀ ਹੈ ਕਿਉਂਕਿ ਭੈਣਾਂ ਦੇ ਘਰ ਉਨ੍ਹਾਂ ਦੇ ਆਪਣੇ ਬਜ਼ੁਰਗ ਨਹੀਂ। ਉਹ ਬੇਬੇ ਨਾਲ ਲੱਗੀਆਂ ਰਹਿੰਦੀਆਂ ਨੇ। ਬੇਬੇ ਉਨ੍ਹਾਂ ਨੂੰ ਜੋ ਗੱਲਾਂ ਝੂਠੀਆਂ ਸੱਚੀਆਂ ਦੱਸਦੀ ਹੈ ਉਹ ਉਸੇ ਨੂੰ ਸੱਚ ਮੰਨ ਲੈਂਦੀਆਂ ਨੇ।’’
‘‘ਕਿਉਂ ਮੰਨ ਲੈਂਦੀਆਂ ਨੇ ਸੱਚ?’’ ਪਤਨੀ ਦੇ ਸਵਾਲ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ।
‘‘ਕਿਉਂਕਿ ਬੇਬੇ ਉਨ੍ਹਾਂ ਦੀ ਮਾਂ ਐ। ਬੇਬੇ ਆਵਦੀ ਹਾਲਤ ਤਰਸਯੋਗ ਬਣਾ ਕੇ ਦੱਸ ਦਿੰਦੀ ਐ।’’
‘‘ਤੁਸੀਂ ਵੀ ਤਾਂ ਉਨ੍ਹਾਂ ਦੇ ਭਰਾ ਓ। ਉਹ ਬੇਬੇ ਨੂੰ ਇਹ ਗੱਲ ਤਾਂ ਸਮਝਾ ਸਕਦੀਆਂ ਨੇ ਕਿ ਉਸ ਦੇ ਬਿਨਾਂ ਵਜ੍ਹਾ ਦੇ ਕੀਤੇ ਕਲੇਸ਼ ਨਾਲ ਉਨ੍ਹਾਂ ਦਾ ਭਰਾ ਵੀ ਔਖਾ ਹੁੰਦਾ ਐ।’’
‘‘ਸਿੱਧੀ ਜਿਹੀ ਗੱਲ ਐ ਬੇਬੇ ਨੂੰ ਕੋਈ ਨਹੀਂ ਸਮਝਾ ਸਕਦਾ।’’
‘‘ਵੈਸੇ ਇਨ੍ਹਾਂ ਗੱਲਾਂ ਦਾ ਕੋਈ ਇਲਾਜ?’’ ਉਦਾਸੀ ਜਿਹੀ ਆਵਾਜ਼ ਵਿੱਚ ਉਸ ਨੇ ਪੁੱਛਿਆ ਸੀ।
‘‘ਕੋਈ ਇਲਾਜ ਨਹੀਂ, ਬਸ ਇਹ ਸਮਝ ਲੈ ਬਈ ਆਪਣੇ ਵਰਗਿਆਂ ਦੀ ਜ਼ਿੰਦਗੀ ਇਹੋ ਜਿਹੀ ਹੀ ਹੁੰਦੀ ਐ।’’ ਉਸ ਨੇ ਕੌੜੀ ਸਚਾਈ ਆਖ ਦਿੱਤੀ ਸੀ। ਇਸ ਗੱਲ ਵਿੱਚ ਸਿਰੇ ਦੀ ਬੇਵਸੀ ਵੀ ਸੀ। ਏਨਾ ਆਖਣ ਤੋਂ ਬਾਅਦ ਉਹ ਕਿੰਨੀ ਦੇਰ ਚੁੱਪਚਾਪ ਉੱਡਦੇ ਪਰਿੰਦਿਆਂ ਵੱਲ ਅਤੇ ਹਵਾ ਨਾਲ ਰੁੱਖਾਂ ਦੇ ਝੂੰਮਦੇ ਪੱਤਿਆਂ ਵੱਲ ਦੇਖਦੇ ਰਹੇ ਸਨ। ਪਤਾ ਨਹੀਂ ਕੁਝ ਔੜ ਨਹੀਂ ਸੀ ਰਿਹਾ ਗੱਲ ਕਰਨ ਲਈ ਜਾਂ ਫਿਰ ਕਹਿਣ ਲਈ ਬਹੁਤ ਕੁਝ ਸੀ ਉਹ ਕਹਿਣਾ ਨਹੀਂ ਸੀ ਚਾਹੁੰਦੇ। ਕਈ ਉਲਝਣਾਂ ਦਾ ਕੋਈ ਸਿਰਾ ਨਹੀਂ ਲੱਭਦਾ ਹੁੰਦਾ। ਬਸ ਉਨ੍ਹਾਂ ਦੀ ਉਲਝਣ ਵੀ ਇਸੇ ਤਰ੍ਹਾਂ ਸੀ। ਏਦਾਂ ਦੀਆਂ ਗੱਲਾਂ ਤਾਂ ਕੁਝ ਕੁ ਦਿਨਾਂ ਬਾਅਦ ਹੁੰਦੀਆਂ ਹੀ ਰਹਿੰਦੀਆਂ ਸਨ। ਪਰ ਅੱਜ ਤਾਂ ਮਾਂ ਦੇ ਮੂੰਹੋਂ ਬਿਰਧ ਆਸ਼ਰਮ ਵਾਲੀ ਗੱਲ ਸੁਣ ਕੇ ਪਤਾ ਨਹੀਂ ਕੁਝ ਹੋਰ ਹੀ ਤਰ੍ਹਾਂ ਦਾ ਮਹਿਸੂਸ ਹੋਣ ਲੱਗ ਪਿਆ। ਲੱਗਦਾ ਸੀ ਗ਼ਲਤੀ ਨਾਲ ਕਹਿ ਬੈਠੀ ਬੇਬੇ। ਪੁੱਤ ਨੇ ਕਿਹਾ, ‘‘ਬੇਬੇ ਬਿਰਧ ਆਸ਼ਰਮ ਵਾਲੇ ਏਦਾਂ ਨਹੀਂ ਰੱਖਦੇ। ਉਹ ਪਤਾ ਕਰਦੇ ਨੇ ਆਲੇ-ਦੁਆਲਿਓਂ ਕਿ ਬਜ਼ੁਰਗ ਨੂੰ ਪਰਿਵਾਰ ਵੱਲੋਂ ਸੱਚੀਂ ਕੋਈ ਤਕਲੀਫ਼ ਹੈ ਜਾਂ ਨਹੀਂ।’’
‘‘ਉਨ੍ਹਾਂ ਨੂੰ ਮੈਂ ਦੱਸੂੰ... ਮੇਰੀ ਕਿੰਨੀ ਕੁ ਪੁੱਛ ਕਰਦੇ ਓਂ... ਮੇਰੀ ਜਾਤ ਨੀ ਪੁੱਛਦੇ ਕਿਸੇ ਕੰਮ ਵਿੱਚ। ਆਪੇ ਨਿਕਲੂ ਜਲੂਸ ਜਦੋਂ ਨੈੱਟ ’ਤੇ ਪਾਇਆ।’’ ਬੇਬੇ ਬੁੜ੍ਹਕ ਬੁੜ੍ਹਕ ਬੋਲ ਰਹੀ ਸੀ। ਉਹ ਤਾਂ ਜਿਵੇਂ ਪੂਰੀ ਯੋਜਨਾ ਤਿਆਰ ਕਰੀ ਬੈਠੀ ਸੀ। ਮਨ ਨਹੀਂ ਸੀ ਮੰਨ ਰਿਹਾ ਕਿ ਇਹ ਸਭ ਕੁਝ ਬੇਬੇ ਆਖ ਰਹੀ ਹੈ ਜਿਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਰਹਿਣ ਦਿੱਤੀ। ਮਨਮਰਜ਼ੀ ਦਾ ਖਾਂਦੀ ਪਹਿਨਦੀ, ਮਨਮਰਜ਼ੀ ਦੇ ਰਿਸ਼ਤੇਦਾਰੀਆਂ ਵਿੱਚ ਜਾਂਦੀ ਆਉਂਦੀ, ਮਨਮਰਜ਼ੀ ਨਾਲ ਸੌਂਦੀ ਜਾਗਦੀ। ਕਮੀ ਸੀ ਤਾਂ ਇੱਕ ਗੱਲ ਦੀ ਕਿ ਬੇਬੇ ਨਾਲ ਵਿਚਾਰ ਮੇਲ ਨਹੀਂ ਸਨ ਖਾਂਦੇ। ਜੇ ਬੇਬੇ ਦੀ ਗੱਲ ਨੂੰ ਗ਼ਲਤ ਆਖਿਆ ਜਾਂਦਾ ਤਾਂ ਉਹ ਹਰਖ ਜਾਂਦੀ ਅਤੇ ਬੁੜਬੁੜ ਕਰੀ ਜਾਂਦੀ। ਇਸ ਲਈ ਚੁੱਪ ਹੀ ਭਲੀ ਸਮਝਦੇ। ਬੇਬੇ ਨੇ ਉਨ੍ਹਨਾਂ ਦੀ ਜਵਾਬ ਦੇਣ ਵਾਲੀ ਗੱਲ ’ਤੇ ਤਾਂ ਖਿਝਣਾ ਹੀ ਸੀ, ਚੁੱਪ ’ਤੇ ਵੀ ਖਿਝਦੀ। ਬਦਦੁਆਵਾਂ ਦੇਣ ਲੱਗੀ ਵੀ ਨਾ ਧੀ ਵੇਖਦੀ ਨਾ ਪੁੱਤ... ਜਿਹੜਾ ਵੀ ਉਸ ਦੀ ਹਾਂ ਵਿੱਚ ਹਾਂ ਨਾ ਮਿਲਾਉਂਦਾ ਉਸੇ ਨੂੰ ਸਰਾਪ ਦੇਣ ਲੱਗਿਆਂ ਦੇਰ ਨਾ ਲਾਉਂਦੀ। ਮਾਂ ਦੀਆਂ ਗੱਲਾਂ ਤੋਂ ਬਹੁਤ ਵਾਰ ਪੁੱਤ ਨੂੰ ਸ਼ਰਮਸਾਰ ਹੋਣਾ ਪੈਂਦਾ। ਕੰਮਵਾਲੀ ਕਈ ਵਾਰ ਜਦੋਂ ਚਾਹ ਪੀਂਦੀ ਜਾਂ ਰੋਟੀ ਖਾਂਦੀ ਤਾਂ ਉਹਨੂੰ ਆਖਦੀ, ‘‘ਖਾ ਪੀ ਕੇ ਵਗ ਜਿਆ ਕਰ, ਕੰਮ ਕਰਨ ਦੀ ਕੀ ਜ਼ਰੂਰਤ ਐ।’’ ਪੁੱਤ ਨੂੰਹ ਜੇ ਕਿਸੇ ਗ਼ਰੀਬ ਗੁਰਬੇ ਨੂੰ ਗਰਮੀ ਸਰਦੀ ਲੋੜ ਮੁਤਾਬਿਕ ਕੋਈ ਕੱਪੜਾ ਲੀੜਾ ਲੈ ਦਿੰਦੇ ਤਾਂ ਵੀ ਕਲੇਸ਼ ਕਰਦੀ ਆਖਦੀ, ‘‘ਮੈਨੂੰ ਪੁੱਛੇ ਬਿਨਾਂ ਫੈਸਲੇ ਲੈਂਦੇ ਨੇ।’’ ਧੀਆਂ ਕੋਲ ਰੋਂਦੀ ਕੁਰਲਾਉਂਦੀ ਕਿ ਉਸ ਦੀ ਘਰ ਵਿੱਚ ਕੋਈ ਪੁੱਛ ਨਹੀਂ ਕਰਦਾ। ਜੇ ਕਿਤੇ ਪਤਾ ਲੱਗ ਜਾਂਦਾ ਕਿ ਇਨ੍ਹਾਂ ਨੇ ਕਿਸੇ ਗ਼ਰੀਬ ਨੂੰ ਕੁਝ ਦਿੱਤਾ ਹੈ ਤਾਂ ਆਖਦੀ, ‘‘ਅਗਲੇ ਜਨਮ ਵਿੱਚ ਥੋਨੂੰ ਵੀ ਇਨ੍ਹਾਂ ਵਰਗੇ ਮੰਗਤੇ ਬਣਨਾ ਪਊ, ਇਹ ਸਾਰਾ ਕੁਸ਼ ਲੈਣ ਵਾਸਤੇ।’’ ਉਹ ਦੋਵੇਂ ਜੀਅ ਲੋੜਵੰਦ ਦੀ ਮੱਦਦ ਕਰਨ ਵਾਲੇ ਸਨ। ਬੇਬੇ ਨੂੰ ਇਹ ਸਭ ਪਸੰਦ ਨਹੀਂ ਸੀ। ਬੇਬੇ ਦੀ ਸਾਂਭ ਸੰਭਾਲ ਵੱਲੋਂ ਦੋਵੇਂ ਜੀਆਂ ਵੱਲੋਂ ਕੋਈ ਕਮੀ ਨਹੀਂ ਸੀ ਪਰ ਬੇਬੇ ਦਾ ਮਨ ਨੂੰਹ ’ਤੇ ਕਦੇ ਨਾ ਧਿਜਦਾ। ਪੁੱਤ ਪੂਰਾ ਤੜਫ਼ ਤੜਫ਼ ਕੇ ਜਮ੍ਹਾਂ ਬਿਮਾਰਾਂ ਵਾਂਗ ਹੋ ਜਾਂਦਾ ਪਰ ਬੇਬੇ ਨੂੰ ਸਿਰਫ਼ ਆਵਦੀ ਫ਼ਿਕਰ ਰਹਿੰਦੀ ਸੀ।
ਨੂੰਹ ਦੇ ਪੇਕਿਆਂ ਦਾ ਕੋਈ ਆ ਜਾਂਦਾ ਤਾਂ ਉਸ ਦੀ ਬੁੜਬੁੜ ਸ਼ੁਰੂ ਹੋ ਜਾਂਦੀ। ਗੱਲਾਂ ਬਾਤਾਂ ਵਿੱਚ ਤਾਂ ਬੇਬੇ ਬਥੇਰੀ ਚੰਗੀ ਸੀ ਪਰ ਜਦੋਂ ਕਿਸੇ ਦੇ ਬਾਦ ਪੈ ਜਾਂਦੀ ਤਾਂ ਕਈ ਕਈ ਦਿਨ ਖਹਿੜਾ ਨਾ ਛੱਡਦੀ। ਧੀਆਂ ਕੋਲ ਸਾਰਾ ਇਲਜ਼ਾਮ ਨੂੰਹ ਪੁੱਤ ’ਤੇ ਲਾ ਦਿੰਦੀ। ਅੱਗੋਂ ਨੂੰਹ ਪੁੱਤ ਭਾਵੇਂ ਹੱਥ ਜੋੜ ਜੋੜ ਸ਼ਾਂਤੀ ਦੀ ਭੀਖ ਮੰਗਣ ਪਰ ਉਸ ਨੂੰ ਕੋਈ ਫ਼ਰਕ ਨਾ ਪੈਂਦਾ। ਸੱਸ ਨੂੰਹ ਦੀ ਬੋਲਚਾਲ ਬੰਦ ਹੋ ਜਾਂਦੀ। ਪੁੱਤ ਵਿਚਾਰਾ ਆਪਣੀਆਂ ਤਕਲੀਫ਼ਾਂ ਲੁਕੋਂਦਾ ਮਾਂ ਨੂੰ ਡਾਕਟਰਾਂ ਕੋਲ ਚੁੱਕੀ ਫਿਰਦਾ। ਟੈਸਟ ਕਰਵਾਏ ਜਾਂਦੇ, ਬਿਮਾਰੀ ਕੋਈ ਨਾ ਆਉਂਦੀ। ਸਾਰਾ ਦਿਨ ਆਪਣੇ ਅੰਦਰ ਗੁੱਸਾ ਵਧਾਈ ਰੱਖਦੀ। ਉਸੇ ਕਾਰਨ ਸਰੀਰ ਨੂੰ ਤਕਲੀਫ਼ ਹੋਣ ਲੱਗ ਪੈਂਦੀ। ਘਰ ਵਿੱਚ ਸੁੰਨ ਪਸਰੀ ਰਹਿੰਦੀ। ਪਤੀ ਪਤਨੀ ਆਪਸ ਵਿੱਚ ਵੀ ਕੋਈ ਗੱਲਬਾਤ ਨਾ ਕਰਦੇ। ਹੱਸਣਾ ਖੇਡਣਾ ਤਾਂ ਬੜੀ ਦੂਰ ਦੀ ਗੱਲ ਹੈ। ਘਰ ਦਾ ਮਾਹੌਲ ਦੇਖ ਕੇ ਗੁਆਂਢ ਵਿੱਚੋਂ ਆਉਂਦੇ ਬੱਚੇ ਵੀ ਖੇਡਣ ਨਾ ਆਉਂਦੇ। ਕਈ ਵਾਰ ਮਨ ਭਰ ਭਰ ਆਉਂਦਾ... ਕਿੰਨੀ ਕੁ ਮਾੜੀ ਕਿਸਮਤ ਲਿਖਾ ਕੇ ਲਿਆਏ ਹਾਂ। ਫਿਰ ਰੱਬ ਨਾਲ ਝਗੜੇ ਝੇੜੇ ਚਲਦੇ।
ਉਹ ਬੇਬੇ ਦੀ ਮਾਨਸਿਕ ਸਥਿਤੀ ਸਮਝਣ ਦੀ ਕੋਸ਼ਿਸ਼ ਕਰਦੇ। ਇਹੀ ਕਾਰਨ ਸੀ ਕਿ ਉਹ ਹਰ ਵਾਰ ਕਲੇਸ਼ ਦੇ ਸੰਤਾਪ ਵਿੱਚੋਂ ਨਿਕਲਣ ਲਈ ਕੋਈ ਢੰਗ ਤਰੀਕਾ ਸੋਚ ਲੈਂਦੇ। ਕਈ ਵਾਰ ਬੇਬੇ ਕਦੇ ਕਦਾਈਂ ਆਉਣ ਵਾਲੇ ਰਿਸ਼ਤੇਦਾਰਾਂ ਕੋਲ ਰੋਣ ਲੱਗ ਜਾਂਦੀ ਆਖਦੀ, ‘‘ਮੈਨੂੰ ਤਾਂ ਇਨ੍ਹਾਂ ਦਾ ਫ਼ਿਕਰ ਮਾਰਦੈ।’’ ਉਹ ਸੋਚਦੇ... ਇਹ ਕਿਹੋ ਜਿਹਾ ਫ਼ਿਕਰ ਐ ਬੇਬੇ ਦਾ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਨ੍ਹਾਂ ਨੂੰ ਹੀ ਸੂਲੀ ’ਤੇ ਟੰਗ ਦਿੰਦਾ ਹੈ। ਜਿੱਥੋਂ ਜਿੱਥੋਂ ਵੀ ਉਨ੍ਹਾਂ ਇਲਾਜ ਕਰਵਾਇਆ ਤਾਂ ਡਾਕਟਰ ਉਨ੍ਹਾਂ ਨੂੰ ਆਖਦੇ ‘‘ਨੁਕਸ ਤਾਂ ਕੋਈ ਨਹੀਂ ਰਿਪੋਰਟਾਂ ਵਿੱਚ, ਪਰ ਖ਼ੁਸ਼ ਰਹਿਣਾ ਜ਼ਰੂਰੀ ਐ ਤੁਹਾਡੇ ਲਈ।’’ ਪਰ ਰਿਸ਼ਤੇਦਾਰਾਂ ਅਤੇ ਬੇਬੇ ਦੇ ਫ਼ਿਕਰ ਨੇ ਉਨ੍ਹਾਂ ਨੂੰ ਕਦੇ ਖ਼ੁਸ਼ ਨਹੀਂ ਰਹਿਣ ਦਿੱਤਾ।
ਇੱਕ ਦਿਨ ਰਾਤ ਦੇ ਸਾਢੇ ਕੁ ਅੱਠ ਵਜੇ ਬੇਬੇ ਨੇ ਆਪਣੇ ਬਿਲਕੁਲ ਨਾਲ ਲੱਗਦੇ ਕਮਰੇ ਵਿੱਚੋਂ ਫੋਨ ਕੀਤਾ। ਪੁੱਤ ਉੱਠ ਕੇ ਮਾਂ ਕੋਲ ਚਲਿਆ ਗਿਆ। ਮਾਤਾ ਫਿਰ ਭਰੀ ਪੀਤੀ ਨੇ ਬਹੁਤ ਸੁਣਾਈਆਂ। ਪਤਨੀ ਰੱਬ ਅੱਗੇ ਹੱਥ ਜੋੜਦੀ ਰਹੀ, ‘‘ਮਾਲਕਾ! ਤਾਕਤ ਬਖ਼ਸ਼ ਸਭ ਕੁਝ ਸਹਿਣ ਦੀ।’’ ਪਤੀ ਘੰਟੇ ਕੁ ਬਾਅਦ ਆਇਆ। ਕੰਬਲ ਖਿੱਚ ਕੇ ਉੱਪਰ ਲੈਂਦਿਆਂ ਹਉਕਾ ਜਿਹਾ ਲੈ ਕੇ ਬੋਲਿਆ, ‘‘ਆਪਣੀ ਤਾਂ ਜ਼ਿੰਦਗੀ ਖ਼ਰਾਬ ਈ ਐ ਬਸ।’’ ਦੋਵੇਂ ਬਿਨਾਂ ਬੋਲਿਆਂ ਚੁੱਪ ਕਰ ਕੇ ਸੌਣ ਦੀ ਕੋਸ਼ਿਸ਼ ਕਰਦੇ ਰਹੇ।
ਪਤਨੀ ਨੇ ਕਿਹਾ, ‘‘ਇਹੋ ਜਿਹੇ ਮਾਹੌਲ ਵਿੱਚ ਰਹਿਣਾ ਆਪਾਂ ਨੂੰ ਮਾਰ ਦੇਊ। ਕਿਉਂ ਨਾ ਆਪਾਂ ਵੱਖਰੇ ਵੱਖਰੇ ਹੋ ਜਾਈਏ। ਮੈਨੂੰ ਕੁਝ ਨੀ ਚਾਹੀਦਾ... ਨਾ ਖਰਚਾ... ਨਾ ਜਾਇਦਾਦ ਵਿੱਚੋਂ ਹਿੱਸਾ।’’
‘‘ਤੇਰਾ ਦਿਮਾਗ਼ ਠੀਕ ਐ?’’ ਪਤੀ ਬੋਲਿਆ।
‘‘ਬੇਬੇ ਥੋਨੂੰ ਤਾਂ ਪਿਆਰ ਕਰਦੀ ਹੋਊ... ਪਰ ਮੇਰੇ ਕਰਕੇ ਥੋਡੇ ਨਾਲ ਵੀ ਲੜਦੀ ਰਹਿੰਦੀ ਐ। ਇਸੇ ਕਾਰਨ ਥੋਡੀ ਸਿਹਤ ਦਿਨੋ ਦਿਨ ਨਿਘਰਦੀ ਜਾਂਦੀ ਐ। ਮੈਂ ਨਾ ਹੋਊਂਗੀ ਸਭ ਠੀਕ ਹੋ ਜਾਊ। ਫਿਰ ਬੇਬੇ ਨੇ ਕਿਹੜੀ ਗੱਲੋਂ ਹਰਖਣੈ?’’ ਪਤੀ ਦੀ ਚਿੰਤਾ ਦੂਰ ਕਰਨ ਦਾ ਉਸ ਨੂੰ ਹੋਰ ਕੋਈ ਹੱਲ ਨਹੀਂ ਸੀ ਲੱਭਿਆ।
ਹੁਣ ਇਸ ਚਿੰਤਾ ਵਿੱਚ ਨੀਂਦ ਨਹੀਂ ਸੀ ਆ ਰਹੀ... ਜੇ ਭਲਾ ਸੱਚੀਂ ਅੱਡ ਹੋਣਾ ਪੈ ਗਿਆ ਫੇਰ ਕੀ ਬਣੂੰ? ਬੇਬੇ ਫੇਰ ਰਿਸ਼ਤੇਦਾਰਾਂ ਨੂੰ ’ਕੱਠੇ ਕਰੂ ਜਿਹੜਿਆਂ ਨੇ ਆਪਣੇ ਮਾਪਿਆਂ ਦਾ ਕਦੇ ਪੱਚੀ ਦਿਨ ਵੀ ਧਿਆਨ ਨਹੀਂ ਰੱਖਿਆ ਹੋਣਾ ਉਹ ਪੱਚੀ ਸਾਲ ਧਿਆਨ ਰੱਖਣ ਵਾਲਿਆਂ ਵਿੱਚ ਨੁਕਸ ਕੱਢਣਗੇ, ਉਨ੍ਹਾਂ ਨੂੰ ਸਮਝਾਉਣਗੇ। ਕਲੇਸ਼ ਵਧਣ ਦੇ ਡਰੋਂ ਉਹ ਫਿਰ ਸਿਰ ਨੀਵਾਂ ਕਰਕੇ ਜ਼ਿੰਦਗੀ ਨਾਲ ਸਮਝੌਤੇ ਕਰਨਗੇ। ਮਨ ਨੂੰ ਸ਼ਾਂਤ ਕਰਨ ਲਈ ਜੁਗਤਾਂ ਸੋਚਣਗੇ। ਉਨ੍ਹਾਂ ਸੋਚਿਆ ਜੇ ਇਹੀ ਕੁਝ ਕਰਨਾ ਹੈ ਤਾਂ ਫਿਰ ਆਪੇ ਹੀ ਆਵਦੇ ਮਨ ਨੂੰ ਸਮਝਾ ਲੈਣਾ ਚਾਹੀਦਾ ਹੈ।
ਕਈ ਵਾਰ ਉਹ ਆਪਣੇ ਆਪ ਨੂੰ ਦੋ ਸਿਫ਼ਰਾਂ ਆਖਦੇ ਜਿਨ੍ਹਾਂ ਨਾਲ ਕੋਈ ਹੋਰ ਅੰਕ ਲੱਗਿਆ ਹੀ ਨਹੀਂ। ਆਪਣੀ ਮਰਜ਼ੀ ਦਾ ਨਾ ਕਦੇ ਖਾਇਆ ਨਾ ਹੰਢਾਇਆ। ਫਿਰ ਵੀ ਮਿਹਣੇ ਤਾਅਨਿਆਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ। ਨੀਂਦ ਅੱਖਾਂ ਤੋਂ ਕੋਹਾਂ ਦੂਰ ਸੀ। ਪਤਨੀ ਦੇ ਮੂੰਹੋਂ ਅੱਡ ਹੋਣ ਵਾਲੀ ਗੱਲ ਸੁਣ ਕੇ ਤਾਂ ਤਾਣਾ ਹੋਰ ਵੀ ਉਲਝਦਾ ਜਾਪਿਆ। ਪਤੀ ਨੇ ਉੱਠ ਕੇ ਬੱਤੀ ਜਲਾ ਦਿੱਤੀ। ਇੱਕ ਕਾਗਜ਼ ਅਤੇ ਪੈੱਨ ਲਿਆ।
‘‘ਆਹ ਦੇਖ।’’ ਆਖਦਿਆਂ ਕਾਗਜ਼ ’ਤੇ ਦੋ ਸਿਫ਼ਰਾਂ ਬਣਾ ਦਿੱਤੀਆਂ। ਪਤਨੀ ਉੱਠ ਕੇ ਬੈਠ ਗਈ।
‘‘ਇਹ ਕੀ ਐ ਭਲਾ?’’ ਉਸ ਨੇ ਪੁੱਛਿਆ।
‘‘ਇੱਕ ਮੈਂ ਇੱਕ ਤੁਸੀਂ।’’ ਉਨ੍ਹਾਂ ਮੁਸਕਰਾਉਣ ਦੀ ਕੋਸ਼ਿਸ਼ ਕੀਤੀ।
ਪਤੀ ਨੇ ਸਿਫ਼ਰਾਂ ਨਾਲ ਇੱਕ ਪੈੱਨ ਰੱਖ ਦਿੱਤਾ।
‘‘ਹੁਣ ਦੇਖ... ਆਹ ਬਣ ਗਏ ਆਪਾਂ ਸੌ... ਇਸ ਦੀ ਮੱਦਦ ਨਾਲ...।’’ ਪਤੀ ਦੀ ਗੱਲ ਵਿੱਚੋਂ ਹੀ ਟੋਕਦਿਆਂ ਪਤਨੀ ਬੋਲੀ, ‘‘ਆਪਾਂ ਸੌ ਕਿਵੇਂ ਹੋ ਸਕਦੇ ਆਂ? ਅੱਧੇ ਅਧੂਰੇ ਆਂ ਆਪਾਂ ਤਾਂ।’’
‘‘ਆਹੋ... ਅਧੂਰੇ ਆਂ ਤਾਂ ਹੀ ਸੌ ਆਖਿਆ... ਨਹੀਂ ਤਾਂ ਦੋ ਸੌ ਨਾ ਹੁੰਦੇ ਦੋਵੇਂ! ਚੱਲ... ਧਿਆਨ ਨਾਲ ਸੁਣ... ਹੁਣ ਜਦੋਂ ਵੀ ਦਿਮਾਗ਼ ਉਲਝਣ ਤਾਣੀ ਵਿੱਚ ਫਸੇ। ਇਸ ਪੈੱਨ ਨਾਲ ਕਦੇ ਤੂੰ ਆਪਣੀ ਵਿਥਿਆ ਲਿਖੀਂ ਕਦੇ ਮੈਂ... ਕਦੇ ਜੱਗ ਬੀਤੀ ਵੀ ਲਿਖਾਂਗੇ। ਮੈਂ ਤੇਰਾ ਲਿਖਿਆ ਪੜ੍ਹਿਆ ਕਰੂੰ, ਤੂੰ ਮੇਰਾ ਲਿਖਿਆ।’’ ਇਸ ਨਵੀਂ ਜੁਗਤ ਨੇ ਉਨ੍ਹਾਂ ਦੇ ਮਨ ਨੂੰ ਧਰਵਾਸ ਦਿੱਤਾ। ਥੋੜ੍ਹੀ ਦੇਰ ਬਾਅਦ ਉਹ ਸਿਫ਼ਰਾਂ ਤੋਂ ਸੌ ਬਣੇ ਘੂਕ ਸੁੱਤੇ ਪਏ ਸਨ।
ਸੰਪਰਕ: 98767-14004

Advertisement
Author Image

Advertisement
Advertisement
×