ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਨਵੇਂ ਸੁਰੱਖਿਆ ਉਪਰਾਲੇ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਅਗਸਤ
ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਮੁੜ ਕੋਈ ਅਣਸੁਖਾਵੀਂ ਘਟਨਾ ਵਾਪਰਣ ਤੋਂ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਲੰਗਰ ਤਿਆਰ ਕਰਨ ਵਾਲੇ ਬਰਤਨਾਂ ਉੱਪਰ ਲੋਹੇ ਦੇ ਜੰਗਲੇਨੁਮਾ ਸਰੀਏ ਲਾ ਦਿੱਤੇ ਗਏ ਹਨ ਤਾਂ ਜੋ ਕੋਈ ਵੀ ਇਸ ਵਿੱਚ ਨਾ ਡਿੱਗ ਸਕੇ। ਸ਼੍ਰੋਮਣੀ ਕਮੇਟੀ ਵੱਲੋਂ ਇਹ ਉਪਰਾਲਾ ਹਾਲ ਹੀ ਵਿੱਚ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਰੋਜ਼ ਲਗਭਗ ਇੱਕ ਲੱਖ ਸ਼ਰਧਾਲੂਆਂ ਵਾਸਤੇ ਲੰਗਰ ਤਿਆਰ ਕੀਤਾ ਜਾਂਦਾ ਹੈ। ਇੱਥੇ ਵੱਡੇ ਕੜਾਹੇ ਅਤੇ ਵੱਡੇ ਆਕਾਰ ਦੇ ਪਤੀਲੇ ਹਨ, ਜਿਨ੍ਹਾਂ ਵਿੱਚ ਸਬਜ਼ੀਆਂ ਅਤੇ ਹੋਰ ਸਾਮਾਨ ਤਿਆਰ ਹੁੰਦਾ ਹੈ। ਹੁਣ ਅਜਿਹੇ ਵੱਡੇ ਕੜਾਹੇ ਅਤੇ ਪਤੀਲਿਆਂ ਦੇ ਉੱਪਰ ਲੋਹੇ ਦੇ ਸਰੀਏ ਲਗਾ ਦਿੱਤੇ ਗਏ ਹਨ। ਇਸੇ ਤਰ੍ਹਾਂ ਭਵਿੱਖ ਵਿੱਚ ਲਾਂਗਰੀਆਂ ਅਤੇ ਸੇਵਾਦਾਰਾਂ ਵਾਸਤੇ ਸੇਫਟੀ ਬੈਲਟ ਵਰਤਣ ਦੀ ਵੀ ਯੋਜਨਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਫਿਲਹਾਲ ਇਹ ਸੁਰੱਖਿਆ ਉਪਰਾਲੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਕੀਤੇ ਗਏ ਹਨ ਅਤੇ ਭਵਿੱਖ ਵਿੱਚ ਹੋਰ ਵੱਡੇ ਗੁਰਦੁਆਰਿਆਂ ਦੇ ਲੰਗਰ ਘਰਾਂ ਵਿੱਚ ਵੀ ਅਜਿਹੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਜਿਸ ਸ਼ਰਧਾਲੂ ਦੀ ਕੜਾਹੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਸੀ, ਜਿਸਦੇ ਪਰਿਵਾਰ ਨੂੰ ਮਾਇਕ ਮਦਦ ਅਤੇ ਇੱਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਗਈ ਹੈ।
ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਮੈਨੇਜਰ ਗੁਰਤਿੰਦਰ ਸਿੰਘ ਨੇ ਦੱਸਿਆ ਕਿ ਲੰਗਰ ਘਰ ਵਿੱਚ ਸਾਰੇ ਵੱਡੇ ਕੜਾਹੇ ਅਤੇ ਪਤੀਲਿਆਂ ਦੇ ਉੱਪਰ ਜੰਗਲੇਨੁਮਾ ਸਰੀਏ ਦਾ ਫਰੇਮ ਲਾਇਆ ਗਿਆ ਹੈ। ਇਸੇ ਤਰ੍ਹਾਂ ਜਲਦੀ ਹੀ ਲੰਗਰ ਘਰ ਵਿੱਚ ਖਾਸ ਕਰਕੇ ਰਸੋਈ ਵਿੱਚ ਸੇਵਾ ਕਰਨ ਵਾਲਿਆਂ ਲਈ ਸੇਫਟੀ ਬੈਲਟ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਵੱਲੋਂ ਕਰਮਚਾਰੀਆਂ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਉਪਰਾਲਾ ਕੀਤਾ ਗਿਆ ਹੈ।