ਨਵੇਂ ਯੁੱਗ ਦੀਆਂ ਨਵੀਆਂ ਰਸਮਾਂ
ਜਸਵਿੰਦਰ ਸਿੰਘ ਰੁਪਾਲ
ਰੀਤੀ ਰਿਵਾਜ ਅਤੇ ਰਸਮਾਂ ਕਿਸੇ ਵੀ ਸਮਾਜ ਦਾ ਸ਼ੀਸ਼ਾ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਉਸ ਸਮੇਂ ਦੇ ਸਮਾਜ ਦੀ ਧਾਰਮਿਕ, ਆਰਥਿਕ ਅਤੇ ਸਮਾਜਿਕ ਹਾਲਤ ਦਾ ਵੀ ਪਤਾ ਲੱਗਦਾ ਹੈ ਅਤੇ ਲੋਕਾਂ ਦੀਆਂ ਲੋੜਾਂ, ਰੁਚੀਆਂ, ਡਰ, ਝੁਕਾਅ, ਪਸੰਦ ਅਤੇ ਨਾ ਪਸੰਦ ਦਾ ਵੀ ਗਿਆਨ ਹੁੰਦਾ ਹੈ। ਪੰਜਾਬੀ ਲੋਕਧਾਰਾ ਵਿੱਚ ਅਸੀਂ ਜਨਮ ਤੋਂ ਮਰਨ ਤੱਕ ਬੇਅੰਤ ਕਿਸਮ ਦੇ ਰੀਤੀ ਰਿਵਾਜਾਂ ਬਾਰੇ ਪੜ੍ਹਦੇ ਸੁਣਦੇ ਹਾਂ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਰੀਤੀ ਰਿਵਾਜ ਕੁਝ ਉਸੇ ਰੂਪ ਵਿੱਚ ਤੇ ਕੁਝ ਰੂਪ ਵਟਾ ਕੇ ਅੱਜ ਵੀ ਪ੍ਰਚੱਲਿਤ ਹਨ। ਕਿਉਂਕਿ ਇਹ ਰਿਵਾਜ ਆਪਣੇ ਸਮੇਂ ਦੀਆਂ ਲੋੜਾਂ ਅਤੇ ਬਿਰਤੀਆਂ ਵਿੱਚੋਂ ਪੈਦਾ ਹੋਏ ਹੁੰਦੇ ਹਨ, ਇਸ ਲਈ ਸੱਭਿਅਤਾ ਦੇ ਵਿਕਾਸ ਨਾਲ ਅਤੇ ਮਨੁੱਖੀ ਮਨ ਦਾ ਬੌਧਿਕ ਵਿਕਾਸ ਹੋਣ ਨਾਲ ਇਨ੍ਹਾਂ ਦੀ ਲੋੜ ਅਤੇ ਮਹੱਤਤਾ ਘਟ ਜਾਂਦੀ ਹੈ, ਪਰ ਛੇਤੀ ਕੀਤਿਆਂ ਮਨੁੱਖ ਆਪਣੇ ਵਿਰਸੇ ਨੂੰ ਨਹੀਂ ਛੱਡਦਾ ਅਤੇ ਕੁਝ ਨੂੰ ਭਾਵੇਂ ਰਸਮਿਕ ਤੌਰ ’ਤੇ ਹੀ, ਅੱਗੇ ਅੱਗੇ ਚੱਲਦਾ ਰੱਖਦਾ ਹੈ।
ਅਸੀਂ ਗੱਲ ਕਰਨ ਲੱਗੇ ਹਾਂ ਕੁਝ ਨਵੇਂ ਯੁੱਗ ਦੀਆਂ ਰਸਮਾਂ-ਰਿਵਾਜਾਂ ਬਾਰੇ ਜੋ ਥੋੜ੍ਹੇ ਸਮੇਂ ਤੋਂ ਹੀ ਸ਼ੁਰੂ ਹੋਏ ਹਨ। ਇੱਕ ਅੰਦਾਜ਼ੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਪਿਛਲੇ 40-50 ਸਾਲਾਂ ਦੇ ਸਮੇਂ ਦੌਰਾਨ ਹੀ ਇਹ ਆਰੰਭ ਹੋਏ ਮੰਨੇ ਜਾ ਸਕਦੇ ਹਨ ਅਤੇ ਦੇਖਾ ਦੇਖੀ ਹੁਣ ਇਨ੍ਹਾਂ ਦਾ ਪ੍ਰਭਾਵ ਕਾਫ਼ੀ ਵਧ ਰਿਹਾ ਹੈ। ਅਜੋਕੇ ਸਮੇਂ ਵਿੱਚ ਕੁਝ ਤਬਦੀਲੀਆਂ ਹੋਈਆਂ ਹਨ। ਇੱਕ ਤਾਂ ਕੁਝ ਆਰਥਿਕ ਪੱਖ ਪਹਿਲਾਂ ਨਾਲੋਂ ਸੁਧਰਿਆ ਹੈ, ਦੂਜੇ ਫੋਟੋਆਂ ਤੇ ਵੀਡੀਓਜ਼ ਦੀ ਭਰਮਾਰ ਹੋ ਗਈ ਹੈ। ਮੀਡੀਆ ਅਤੇ ਸੋਸ਼ਲ ਮੀਡੀਆ ਦੋਵਾਂ ਨੇ ਇਨ੍ਹਾਂ ਰਿਵਾਜਾਂ ਰਾਹੀਂ ਆਪਣੇ ਆਪ ਨੂੰ ਪ੍ਰਗਟਾਉਣ, ਪੇਸ਼ ਕਰਨ ਆਦਿ ਦੀ ਰੁਚੀ ਨੂੰ ਵਧਾਇਆ ਹੈ। ਇਸ ਦੇ ਚੰਗੇ ਮਾੜੇ ਪੱਖ ’ਤੇ ਕੋਈ ਵੀ ਟਿੱਪਣੀ ਕੀਤੇ ਬਿਨਾਂ ਪਹਿਲਾਂ ਇਨ੍ਹਾਂ ਰਿਵਾਜਾਂ ਤੋਂ ਜਾਣੂ ਹੁੰਦੇ ਹਾਂ।
ਕੇਕ ਕੱਟਣਾ: ਬਦਲਦੇ ਸਮੇਂ ਨੇ ਕੇਕ ਕੱਟਣ ਨੂੰ ਸਮਾਜਿਕ ਪ੍ਰਵਾਨਗੀ ਦੁਆ ਦਿੱਤੀ ਹੈ। ਭਾਵੇਂ ਇਸ ਨੂੰ ਈਸਾਈਆਂ ਵੱਲੋਂ ਸ਼ੁਰੂ ਕੀਤਾ ਮੰਨਿਆ ਜਾਂਦਾ ਹੈ, ਪਰ ਅੱਜ ਹਿੰਦੂ, ਸਿੱਖ ਅਤੇ ਹੋਰ ਸਾਰੇ ਇਸ ਰਸਮ ਵਿੱਚੋਂ ਖ਼ੁਸ਼ੀ ਭਾਲਦੇ ਹਨ। ਬੱਚੇ ਦੇ ਜਨਮ ਦਿਨ ’ਤੇ ਕੇਕ ਕੱਟਣਾ ਅਜੋਕੀ ਨੌਜਵਾਨ ਪੀੜ੍ਹੀ ਲਈ ਲਗਭਗ ਜ਼ਰੂਰੀ ਰਸਮ ਬਣ ਗਈ ਹੈ। ਕੁਝ ਥਾਵਾਂ ’ਤੇ ਵਿਆਹ ਸਮੇਂ ਵੀ ਲਾੜਾ-ਲਾੜੀ ਨੂੰ ਕੇਕ ਕੱਟਦਿਆਂ ਦੇਖਿਆ ਗਿਆ ਹੈ। ਨੌਕਰੀ ਕਰਨ ਵਾਲੇ ਕਰਮਚਾਰੀ ਜਦੋਂ ਰਿਟਾਇਰ ਹੁੰਦੇ ਹਨ, ਉਦੋਂ ਵੀ ਰਿਟਾਇਰਮੈਂਟ ਪਾਰਟੀ ਸਮੇਂ ਉਨ੍ਹਾਂ ਤੋਂ ਕੇਕ ਕਟਵਾਇਆ ਜਾਂਦਾ ਹੈ।
ਰਿੰਗ ਸੈਰੇਮਨੀ: ਇਹ ਮੰਗਣੇ ਦਾ ਬਦਲਿਆ ਹੋਇਆ ਰੂਪ ਹੈ। ਪੁਰਾਣੇ ਸਮੇਂ ਵਿੱਚ ਪਹਿਲਾਂ ਲੜਕੀ ਵਾਲੇ, ਲੜਕੇ ਦੇ ਘਰ ਜਾ ਕੇ ਉਸ ਨੂੰ ਸ਼ਗਨ ਪਾ ਆਉਂਦੇ ਸਨ ਅਤੇ ਪਿੱਛੋਂ ਲੜਕੇ ਵਾਲੇ ਲੜਕੀ ਦੇ ਘਰ ਜਾ ਕੇ ਉਸ ਨੂੰ ਸ਼ਗਨ ਪਾ ਜਾਂਦੇ ਸਨ, ਪਰ ਅਜੋਕੇ ਸਮੇਂ ਵਿੱਚ ਲੜਕਾ-ਲੜਕੀ ਦਾ ਸਾਹਮਣੇ ਮਿਲਣਾ ਜ਼ਰੂਰੀ ਹੈ। ਇਸ ਲਈ ਇਸ ਰਸਮ ਵਿੱਚ ਲੜਕਾ-ਲੜਕੀ ਸਟੇਜ ’ਤੇ ਬੈਠਦੇ ਹਨ ਅਤੇ ਵੀਡੀਓਜ਼ ਦੀਆਂ ਰੌਸ਼ਨੀਆਂ ਵਿੱਚ ਸਬੰਧੀਆਂ ਦੇ ਸਾਹਮਣੇ ਇੱਕ ਦੂਜੇ ਨੂੰ ਮੁੰਦਰੀ ਪਹਿਨਾਉਂਦੇ ਹਨ। ਖਾਣ ਪੀਣ ਅਤੇ ਗੀਤ ਸੰਗੀਤ ਵੀ ਚੱਲਦਾ ਹੈ।
ਪ੍ਰੀ-ਵੈਡਿੰਗ : ਵੀਡੀਓ ਅਤੇ ਫੋਟੋਆਂ ਦੇ ਆਉਣ ਨਾਲ ਇਹ ਰਸਮ ਪ੍ਰਚੱਲਿਤ ਹੋਈ ਹੈ। ਅੱਜਕੱਲ੍ਹ ਲਗਭਗ ਸਾਰੇ ਵਿਆਹਾਂ ਵਿੱਚ ਇਹ ਹੁੰਦੀ ਹੀ ਹੈ। ਵਿਆਹ ਤੋਂ ਕੁਝ ਦਿਨ ਪਹਿਲਾਂ ਲੜਕਾ ਅਤੇ ਲੜਕੀ ਫੋਟੋਗ੍ਰਾਫਰ ਨਾਲ ਕਿਸੇ ਖ਼ਾਸ ਜਗ੍ਹਾ ’ਤੇ ਜਾਂਦੇ ਹਨ ਅਤੇ ਆਪਣੀਆਂ ਫੋਟੋਆਂ ਅਤੇ ਵੀਡੀਓ ਬਣਵਾਉਂਦੇ ਹਨ। ਫੋਟੋਆਂ ਲਈ ਡਾਢੀ ਮੋਟੀ ਐਲਬਮ ਤਿਆਰ ਹੁੰਦੀ ਹੈ। ਇਸ ਵੀਡੀਓ ਨੂੰ ਵਿਆਹ ਵਾਲੇ ਦਿਨ ਮੈਰਿਜ ਪੈਲੇਸ ਵਿੱਚ ਵੱਡੀ ਸਕਰੀਨ ’ਤੇ ਦਿਖਾਇਆ ਜਾਂਦਾ ਹੈ। ਇਸ ਵਿੱਚ ਲੜਕਾ ਅਤੇ ਲੜਕੀ ਕੁਝ ਫਿਲਮੀ ਅੰਦਾਜ਼ ਵਿੱਚ ਐਕਟਿੰਗ ਕਰਦੇ ਹਨ ਅਤੇ ਪਿੱਛਿਓਂ ਚੱਲਦਾ ਗੀਤ ਅਤੇ ਸੰਗੀਤ ਉਨ੍ਹਾਂ ਦੇ ਮੇਲ ਨੂੰ ਰੁਮਾਂਟਿਕ ਰੰਗ ਦਿੰਦਾ ਹੈ। ਕੁਝ ਇਸ ਪ੍ਰੀ-ਵੈਡਿੰਗ ਵਿੱਚ ਮਾਂ-ਬਾਪ ਨੂੰ ਵੀ ਸ਼ਾਮਲ ਕਰ ਲੈਂਦੇ ਹਨ ਅਤੇ ਛੋਟੀ ਮੋਟੀ ਘਟਨਾ ਪੇਸ਼ ਕਰਕੇ ਉਸ ਨੂੰ ਫਿਲਮਾਉਂਦੇ ਹਨ।
ਪੈਲੇਸ ਕਲਚਰ: ਮੱਧ ਵਰਗੀ ਅਤੇ ਅਮੀਰ ਪਰਿਵਾਰ ਵਿਆਹ ਮੈਰਿਜ ਪੈਲੇਸ ਵਿੱਚ ਹੀ ਕਰਦੇ ਹਨ। ਸ਼ਹਿਰਾਂ ਵਿੱਚ ਜਗ੍ਹਾ ਦੀ ਘਾਟ, ਵੱਧ ਮਹਿਮਾਨ ਬੁਲਾਉਣ ਕਾਰਨ, ਹਰ ਚੀਜ਼ ਕਿਰਾਏ ’ਤੇ ਬਣੀ ਬਣਾਈ ਮਿਲਣ ਕਾਰਨ ਅਤੇ ਖ਼ੁਦ ਕੰਮ ਕਰਨ ਤੋਂ ਬਚਦੇ ਹੋਣ ਕਾਰਨ ਇਹ ਕਲਚਰ ਸ਼ੁਰੂ ਹੋ ਗਿਆ ਹੈ। ਲੋੜ ਤੋਂ ਉਪਜਿਆ, ਮੰਡੀ ਦੇ ਹੱਥ ਵਿੱਚ ਆਇਆ ਹੁਣ ਇਹ ਕਾਫ਼ੀ ਵਿਸ਼ਾਲ ਅਤੇ ਟੇਢਾ ਹੋ ਗਿਆ ਹੈ। ਲੜਕੀ ਦਾ ਮੇਕਅਪ ਉਚੇਚਾ ਬਿਊਟੀ ਪਾਰਲਰ ਵਾਲੀ ਕਰਦੀ ਹੈ, ਜਿਸ ਨੇ ਹਜ਼ਾਰਾਂ ਰੁਪਏ ਇਸ ਖਾਤਰ ਲੈਣੇ ਹੁੰਦੇ ਹਨ। ਪੈਸੇ ਬਟੋਰਨ ਲਈ ਕੁਝ ਸ਼ੋਸ਼ੇ ਜਿਹੇ ਪੈਲੇਸ ਵਾਲੇ ਵੀ ਸੁਝਾ ਦਿੰਦੇ ਹਨ। ਇਹ ਸਭ ਭਾਵੇਂ ਡਾਢਾ ਖ਼ਰਚੀਲਾ ਹੈ, ਪਰ ਅੱਜਕੱਲ੍ਹ ਸਿਰਫ਼ ਇੱਕ ਦੋ ਕੁ ਬੱਚੇ ਹੁੰਦੇ ਹਨ, ਇਸ ਲਈ ਚਾਅ ਲਾਹੁਣ ਲਈ ਵੀ ਇਹੀ ਤਰੀਕਾ ਫਿੱਟ ਬੈਠਦਾ ਹੈ। ਕਈ ਪਰਿਵਾਰਾਂ ਨੂੰ ਔਖੇ ਹੋ ਕੇ ਕਰਜ਼ ਲੈ ਕੇ ਵੀ ਇਹ ਖ਼ਰਚ ਉਠਾਉਂਦੇ ਵੇਖਦੇ ਹਾਂ।
ਬੇਬੀ ਸ਼ਾਵਰ: ਇਹ ਰਸਮ ਪੱਛਮੀ ਦੇਸ਼ਾਂ ਦੀ ਹੈ ਜੋ ਸਾਡੇ ਅਮੀਰ ਪਰਿਵਾਰ ਸ਼ੁਰੂ ਕਰ ਰਹੇ ਹਨ ਅਤੇ ਹੌਲੀ ਹੌਲੀ ਇਹ ਆਮ ਲੋਕਾਂ ਦਾ ਹਿੱਸਾ ਵੀ ਬਣ ਜਾਏਗੀ। ਜਦੋਂ ਇੱਕ ਔਰਤ ਗਰਭ ਧਾਰਨ ਕਰਦੀ ਹੈ ਤਾਂ ਗਰਭ ਦੇ ਸੱਤਵੇਂ ਮਹੀਨੇ ਇਹ ਰਸਮ ਹੁੰਦੀ ਹੈ। ਇਸ ਵਿੱਚ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਬੁਲਾ ਕੇ ਪਾਰਟੀ ਦਿੱਤੀ ਜਾਂਦੀ ਹੈ ਅਤੇ ਉਹ ਨਵੇਂ ਜਨਮ ਲੈਣ ਵਾਲੇ ਬੱਚੇ ਲਈ ਦੁਆਵਾਂ ਦਿੰਦੇ ਹਨ ਅਤੇ ਤੋਹਫੇ ਲਿਆਉਂਦੇ ਹਨ। ਇਸ ਦਾ ਭਾਵ ਇਹ ਹੈ ਕਿ ਅੱਜ ਗਰਭਵਤੀ ਔਰਤ ਸ਼ਰਮ ਮਹਿਸੂਸ ਨਹੀਂ ਕਰਦੀ, ਸਗੋਂ ਮਾਂ ਬਣਨ ’ਤੇ ਮਾਣ ਮਹਿਸੂਸ ਕਰਦੀ ਹੈ। ਇਹ ਨਵੇਂ ਬੱਚੇ ਦਾ ਸਵਾਗਤ ਵੀ ਹੈ।
ਬਰਾਈਡਲ ਸ਼ਾਵਰ: ਇਸ ਦਾ ਨਾਮ ਬੇਬੀ ਸ਼ਾਵਰ ਤੋਂ ਹੀ ਲਿਆ ਲੱਗਦਾ ਹੈ। ਇਹ ਕੁੜੀ ਦੇ ਵਿਆਹ ਤੋਂ ਪਹਿਲਾਂ ਬੀਬੀਆਂ ਭੈਣਾਂ ਇਕੱਠੀਆਂ ਹੁੰਦੀਆਂ ਹਨ ਅਤੇ ਲੜਕੀ ਨੂੰ ਤੋਹਫੇ ਦੇ ਕੇ ਜਾਂਦੀਆਂ ਹਨ।
ਬੈਚਲਰ ਪਾਰਟੀ: ਇਹ ਉੱਪਰਲੀ ਰਸਮ ਦਾ ਹੀ ਰੂਪ ਹੈ। ਮੁੰਡੇ ਦੇ ਵਿਆਹ ਤੋਂ ਪਹਿਲਾਂ ਉਸ ਦੇ ਯਾਰ ਦੋਸਤ ਉਸ ਤੋਂ ਪਾਰਟੀ ਲੈਂਦੇ ਹਨ, ਬਹੁਤੀ ਵਾਰੀ ਇਹ ‘ਪੀਣ’ ਦੀ ਹੁੰਦੀ ਹੈ। ਇਹ ਨੱਚਦੇ ਗਾਉਂਦੇ ਹਨ ਅਤੇ ਉਸ ‘ਆਜ਼ਾਦੀ’ ਦਾ ਅਨੰਦ ਮਾਣਦੇ ਹਨ, ਜੋ ਵਿਆਹ ਤੋਂ ਬਾਅਦ ਖ਼ਤਮ ਹੋ ਜਾਣੀ ਹੁੰਦੀ ਹੈ। ਉਹ ਯਾਰ ਦੋਸਤ ਵਿਆਹ ਵਾਲੇ ਮੁੰਡੇ ਨੂੰ ਦੁਆਵਾਂ ਅਤੇ ਸ਼ਗਨ, ਤੋਹਫੇ ਆਦਿ ਦਿੰਦੇ ਹਨ।
ਹੈੱਨਜ ਪਾਰਟੀ: ਇਹ ਲੜਕੀ ਦੇ ਵਿਆਹ ਤੋਂ ਪਹਿਲਾਂ ਉਸ ਦੀਆਂ ਸਹੇਲੀਆਂ ਨੂੰ ਦਿੱਤੀ ਗਈ ਪਾਰਟੀ ਹੈ ਜਿਸ ਵਿੱਚ ਸਾਂਝ ਅਤੇ ਪ੍ਰੇਮ ਨੂੰ ਯਾਦ ਕਰਕੇ ਪੈਣ ਜਾ ਰਹੇ ਵਿਛੋੜੇ ਲਈ ਤਿਆਰ ਹੋਇਆ ਜਾਂਦਾ ਹੈ।
ਡੈਸਟੀਨੇਸ਼ਨ ਵੈਡਿੰਗ: ਨਵੇਂ ਯੁੱਗ ਦੀਆਂ ਨਵੀਆਂ ਗੱਲਾਂ ਹਨ। ਵਿਆਹ ਆਪਣੇ ਘਰ ਜਾਂ ਇਲਾਕੇ ਵਿੱਚ ਨਾ ਕਰਕੇ ਕਿਸੇ ਖ਼ੂਬਸੂਰਤ ਥਾਂ ’ਤੇ ਕਰਨਾ ਡੈਸਟੀਨੇਸ਼ਨ ਵੈਡਿੰਗ ਅਖਵਾਉਂਦਾ ਹੈ। ਕਿਸੇ ਖ਼ੂਬਸੂਰਤ ਪਹਾੜੀ ਸਥਾਨ ’ਤੇ, ਕਿਸੇ ਝੀਲ ਦੇ ਕਿਨਾਰੇ ਜਾਂ ਕੋਈ ਹੋਰ ਖ਼ੂਬਸੂਰਤ ਥਾਂ ’ਤੇ ਵਿਆਹ ਕਰਵਾਇਆ ਜਾਂਦਾ ਹੈ। ਕੋਈ ਸ਼ੱਕ ਨਹੀਂ ਕਿ ਇਸ ਨੂੰ ਅਮੀਰਾਂ ਦੇ ਚੋਚਲੇ ਕਹਿ ਸਕਦੇ ਹਾਂ, ਪਰ ਸ਼ੌਕ, ਖ਼ੁਸ਼ੀ, ਚਾਅ ਅਤੇ ਪੈਸਾ ਜਦੋਂ ਮਿਲ ਜਾਣ ਫਿਰ ਸਭ ਠੀਕ ਲੱਗਣ ਲੱਗ ਜਾਂਦਾ ਹੈੇ।
ਥੀਮ ਮੈਰਿਜ: ਜਿਸ ਵਿਆਹ ਵਿੱਚ ਪਹਿਲਾਂ ਤੋਂ ਨਿਸ਼ਚਿਤ ਕਰਕੇ ਬਾਕਾਇਦਾ ਯੋਜਨਾ ਬਣਾ ਕੇ ਵੱਖ ਵੱਖ ਰਿਸ਼ਤੇਦਾਰ ਇੱਕੋ ਰੰਗ ਅਤੇ ਡਿਜ਼ਾਈਨ ਦੇ ਕੱਪੜੇ ਪਾਉਣ, ਉਹ ਥੀਮ ਮੈਰਿਜ ਅਖਵਾਉਂਦੀ ਹੈ। ਉਦਾਹਰਨ ਵਜੋਂ ਲਾੜਾ ਅਤੇ ਉਸ ਦੇ ਭਰਾਵਾਂ ਦੇ ਇੱਕੋ ਰੰਗ ਅਤੇ ਡਿਜ਼ਾਈਨ ਦੇ ਕੱਪੜੇ, ਇੱਕੋ ਰੰਗ ਦੀ ਪੱਗ ਹੋਵੇ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਸਾਰੇ ਜੀਜੇ ਅਤੇ ਫੁੱਫੜ ਇੱਕੋ ਤਰ੍ਹਾਂ ਦੇ ਕੱਪੜੇ ਪਾਉਣ। ਇਸੇ ਤਰ੍ਹਾਂ ਹੋਰ ਰਿਸ਼ਤੇਦਾਰੀਆਂ ਵਿੱਚ ਵੀ ਹੋ ਸਕਦਾ ਹੈ। ਲੜਕੇ ਅਤੇ ਲੜਕੀ ਵਾਲਿਆਂ ਦੇ ਪਰਿਵਾਰਾਂ ਨੂੰ ਅਲੱਗ ਦਰਸਾਉਣ ਲਈ ਵੀ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਹੈ। ਇਹ ਔਰਤਾਂ ਵਿੱਚ ਵੀ ਹੁੰਦਾ ਹੈ।
ਹਨੀਮੂਨ: ਇਹ ਫਿਲਮਾਂ ਨੇ ਹੀ ਸਿਖਾਇਆ ਲੱਗਦਾ ਹੈ। ਵਿਆਹ ਤੋਂ ਤੁਰੰਤ ਬਾਅਦ ਵਿਆਹ ਵਾਲਾ ਲੜਕਾ ਆਪਣੀ ਪਤਨੀ ਨਾਲ ਕਿਸੇ ਘੁੰਮਣ ਵਾਲੀ ਥਾਂ ’ਤੇ ਜਾਂਦੇ ਹਨ। ਮਕਸਦ ਹੁੰਦਾ ਹੈ ਆਮ ਕੰਮ ਦੀਆਂ ਜ਼ਿੰਮੇਵਾਰੀਆਂ ਤੋਂ ਪਰ੍ਹੇ ਹੋ ਕੇ ਲੜਕਾ-ਲੜਕੀ ਇੱਕ ਦੂਸਰੇ ਪ੍ਰਤੀ ਪਿਆਰ ਮਜ਼ਬੂਤ ਕਰਨ ਅਤੇ ਨਵੇਂ ਜੀਵਨ ਦੀ ਸ਼ੁਰੂਆਤ ਨਵੇਂ ਚਾਵਾਂ ਨਾਲ ਕਰਨ।
ਬੇਬੀ ਮੂਨ: ਇਹ ਹਨੀਮੂਨ ਦੀ ਨਕਲ ਨਾਲ ਹੀ ਬਣਿਆ ਹੈ। ਬੱਚਾ ਹੋਣ ਤੋਂ ਬਾਅਦ 4-5 ਮਹੀਨੇ ਦੇ ਬੱਚੇ ਨੂੰ ਨਾਲ ਲੈ ਕੇ ਪਤੀ-ਪਤਨੀ ਕਿਸੇ ਘੁੰਮਣ ਵਾਲੀ ਥਾਂ ’ਤੇ ਜਾਂਦੇ ਹਨ। ਇਹ ਨਵੇਂ ਬੱਚੇ ਦਾ ਪਹਿਲਾ ਟੂਰ ਹੁੰਦਾ ਹੈ। ਉਸ ਨੂੰ ਦੁਨੀਆ ਦੇ ਰੰਗ ਤਮਾਸ਼ੇ ਦਿਖਾਏ ਜਾਂਦੇ ਹਨ।
ਸਿਲਵਰ ਜੁਬਲੀ ਅਤੇ ਗੋਲਡਨ ਜੁਬਲੀ: ਵਿਆਹ ਦੇ 25 ਸਾਲ ਇਕੱਠਿਆਂ ਬਿਤਾਉਣ ਤੋਂ ਬਾਅਦ ਸਿਲਵਰ ਜੁਬਲੀ ਅਤੇ ਵਿਆਹ ਦੇ 50 ਸਾਲ ਇਕੱਠਿਆਂ ਬਿਤਾਉਣ ਤੋਂ ਬਾਅਦ ਗੋਲਡਨ ਜੁਬਲੀ ਮਨਾਈ ਜਾਂਦੀ ਹੈ। ਜਿਸ ਵਿੱਚ ਜਿੱਥੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਪਾਰਟੀ ਤਾਂ ਦਿੱਤੀ ਹੀ ਜਾਂਦੀ ਹੈ, ਪਤੀ-ਪਤਨੀ ਆਪਣੇ ਆਪਸੀ ਪਿਆਰ ਅਤੇ ਸਾਂਝ ਨੂੰ ਵੀ ਨਵਿਆਉਂਦੇ ਹਨ। ਜਿਸ ਤਰ੍ਹਾਂ ਦਾ ਸਮਾਂ ਅੱਜਕੱਲ੍ਹ ਚੱਲ ਰਿਹਾ ਹੈ, ਗੋਲਡਨ ਤਾਂ ਦੂਰ, ਸਿਲਵਰ ਜੁਬਲੀ ਮਨਾ ਲੈਣ ਵਾਲੇ ਜੋੜਿਆਂ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਹੈ।
ਪੰਜੀ ਪਾਰਟੀ: ਇਹ ਮਰਦਾਂ ਵਿੱਚ ਹੁੰਦੀ ਹੈ। ਪਤਾ ਨਹੀਂ ਕਿਵੇਂ ਤੇ ਕਿੱਥੋਂ ਸ਼ੁਰੂ ਹੋਈ। ਹਰ ਮਰਦ ਨੇ ਪੰਜੀ ਪੰਜੀ ਪਾਉਣੀ ਹੁੰਦੀ ਹੈ ਅਤੇ ਉਨ੍ਹਾਂ ਪੈਸਿਆਂ ਦਾ ਮਿਲ ਕੇ ਖਾਣ ਪੀਣ ਚੱਲਦਾ ਹੈ। ਅੱਜ ਦੇ ਸਮੇਂ ਵਿੱਚ ਘੱਟੋ ਘੱਟ 500 ਰੁਪਏ ਹਰੇਕ ਨੇ ਪਾਉਣੇ ਹਨ ਅਤੇ ਮਿਲ ਕੇ ਖਾਣ ਪੀਣ ਦਾ ਲੁਤਫ਼ ਲਿਆ ਜਾਂਦਾ ਹੈ।
ਕਿੱਟੀ ਪਾਰਟੀ : ਅਮੀਰ ਔਰਤਾਂ ਤੋਂ ਆਰੰਭ ਹੋਈ ਇਹ ਮੱਧ ਵਰਗੀ ਔਰਤਾਂ ਵਿੱਚ ਵੀ ਘਰ ਕਰ ਚੁੱਕੀ ਹੈ। ਇਸ ਵਿੱਚ ਔਰਤਾਂ ਨੇ ਸਾਂਝੇ ਤੌਰ ’ਤੇ ਆਪਣਾ ਆਪਣਾ ਹਿੱਸਾ ਪਾਉਣਾ ਹੁੰਦਾ ਹੈ ਅਤੇ ਮਿਲ ਕੇ ਖਾਣ ਪੀਣ ਅਤੇ ਨੱਚਣ ਗਾਉਣ ਦਾ ਮਾਹੌਲ ਬੱਝਿਆ ਜਾਂਦਾ ਹੈ। ਆਪਣੇ ਘਰ ਤੋਂ ਬਾਹਰ ਆ ਕੇ ਆਪਣੇ ਮਨਪਸੰਦ ਸ਼ੌਕ ਪੂਰੇ ਕਰਨੇ ਅਤੇ ‘ਆਜ਼ਾਦ ਔਰਤ’ ਹੋਣ ਦਾ ਅਹਿਸਾਸ ਰੱਖਿਆ ਜਾਂਦਾ ਹੈ।
ਸੀ ਆਫ ਪਾਰਟੀ: ਕੁਝ ਦਹਾਕਿਆਂ ਤੋਂ ਵਿਦੇਸ਼ ਜਾਣ ਦਾ ਰੁਝਾਨ ਬਹੁਤ ਜ਼ਿਆਦਾ ਵਧਿਆ ਹੈ। ਜਦੋਂ ਕਿਸੇ ਲੜਕੇ ਜਾਂ ਲੜਕੀ ਨੇ ਵਿਦੇਸ਼ ਜਾਣਾ ਹੁੰਦਾ ਹੈ, ਉਸ ਦੇ ਜਾਣ ਤੋਂ ਪਹਿਲਾਂ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨਾਲ ਇੱਕ ਪਾਰਟੀ ਸਾਂਝੀ ਕੀਤੀ ਜਾਂਦੀ ਹੈ ਜਿਸ ਨੂੰ ਸੀ ਆਫ ਪਾਰਟੀ ਜਾਂ ਵਿਦਾਇਗੀ ਪਾਰਟੀ ਕਿਹਾ ਜਾਂਦਾ ਹੈ। ਮੇਜ਼ਬਾਨ ਖਾਣ ਪੀਣ ਦਾ ਪ੍ਰਬੰਧ ਕਰਦਾ ਹੈ ਅਤੇ ਮਹਿਮਾਨ ਦੁਆਵਾਂ ਅਤੇ ਸ਼ਗਨ ਆਦਿ ਦਿੰਦੇ ਹਨ ਕਿਉਂਕਿ ਉਸ ਤੋਂ ਬਾਅਦ ਛੇਤੀ ਮਿਲਣ ਦਾ ਸਮਾਂ ਨਹੀਂ ਮਿਲਣਾ ਹੁੰਦਾ।
ਉਪਰੋਕਤ ਵਰਣਨ ਕੀਤੀਆਂ ਸਾਰੀਆਂ ਰਸਮਾਂ ਅਜੇ ਸਾਰੇ ਥਾਵਾਂ ਅਤੇ ਸਾਰੇ ਵਿਅਕਤੀਆਂ ਜਾਂ ਵਰਗਾਂ ਵਿੱਚ ਦੇਖਣ ਨੂੰ ਨਹੀਂ ਮਿਲਦੀਆਂ, ਪਰ ਹੋਰ ਕੁਝ ਸਮੇਂ ਤੱਕ ਇਹ ਹੌਲੀ ਹੌਲੀ ਆਪਣੀ ਥਾਂ ਬਣਾ ਰਹੀਆਂ ਹਨ। ਵੱਡਾ ਕਾਰਨ ਇਹ ਹੈ ਕਿ ਨਵੇਂ ਯੁੱਗ ਵਿੱਚ ਪਹਿਲਾਂ ਨਾਲੋਂ ਆਰਥਿਕ ਪੱਖ ਤੋਂ ਸੁਧਾਰ ਹੋਇਆ ਹੈ, ਪਰ ਨਾਲ ਦੀ ਨਾਲ ਦਿਖਾਵਾ ਅਤੇ ਫੈਸ਼ਨ ਵਧੇ ਹਨ। ਪਿਛਲੇ ਸਮੇਂ ਦੇ ਵਿਆਹ ਸ਼ਾਦੀਆਂ ਦੀਆਂ ਰਸਮਾਂ ਵਿੱਚ ਬਾਕੀ ਸਬੰਧੀਆਂ ਅਤੇ ਦੋਸਤਾਂ ਦੀ ਭਰਪੂਰ ਸ਼ਮੂਲੀਅਤ ਹੁੰਦੀ ਸੀ, ਪਰ ਅੱਜ ਦੀਆਂ ਇਨ੍ਹਾਂ ਰਸਮਾਂ ਵਿੱਚ ਮੇਜ਼ਬਾਨ ਨੇ ਸਾਰਾ ਖ਼ਰਚਾ ਅਤੇ ਸਾਰਾ ਪ੍ਰਬੰਧ ਆਪ ਹੀ ਕਰਨਾ ਹੁੰਦਾ ਹੈ। ਆਏ ਹੋਏ ਮਹਿਮਾਨ ਤਾਂ ਉਸ ਰਸਮ ਨੂੰ ਦੇਖਦੇ ਹਨ, ਮਾਣਦੇ ਹਨ, ਖਾਂਦੇ ਪੀਂਦੇ ਹਨ ਅਤੇ ਨੱਚਦੇ ਗਾਉਂਦੇ ਹਨ, ਪਰ ਕਿਸੇ ਵੀ ਤਰ੍ਹਾਂ ਉਹ ਨਾ ਤਾਂ ਕੰਮ ਕਰਵਾਉਂਦੇ ਹਨ ਅਤੇ ਨਾ ਹੀ ਪ੍ਰਬੰਧ ਕਰਵਾਉਣ ਵਿੱਚ ਕੋਈ ਮਦਦ ਹੀ ਕਰਦੇ ਹਨ। ਹਰ ਕੋਈ ਸਜਿਆ ਸੰਵਰਿਆ ਮੂਵੀ ਦੇ ਅੱਗੇ ਘੁੰਮਦਾ ਨਜ਼ਰ ਆਉਂਦਾ ਹੈ।
ਨਵੇਂ ਯੁੱਗ ਦੀਆਂ ਇਹ ਨਵੀਆਂ ਰਸਮਾਂ ਹੌਲੀ ਹੌਲੀ ਸਾਡੀ ਜ਼ਿੰਦਗੀ ਦਾ ਹਿੱਸਾ ਬਣਨ ਲੱਗੀਆਂ ਹਨ। ਇਹ ਜਾਂ ਕੋਈ ਵੀ ਹੋਰ ਰਸਮ ਜੇ ਖ਼ੁਸ਼ੀ, ਪਿਆਰ ਅਤੇ ਸਾਂਝ ਵਧਾਉਂਦੀ ਹੈ ਤਾਂ ਠੀਕ ਆਖੀ ਜਾ ਸਕਦੀ ਹੈ, ਪਰ ਦੇਖਾ ਦੇਖੀ ਔਖੇ ਹੋ ਕੇ, ਕਰਜ਼ੇ ਚੁੱਕ ਕੇ ਦਿਖਾਵੇ ਲਈ ਜਾਂ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਫਜ਼ੂਲ ਖ਼ਰਚ ਕਰਕੇ ਕੋਈ ਰਸਮ ਨਿਭਾਉਣੀ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਆਖੀ ਜਾ ਸਕਦੀ।