ਪੀਜੀਆਈ ਦੀ ਓਪੀਡੀ ’ਚ ਨਵੀਂ ਰਜਿਸਟ੍ਰੇਸ਼ਨ ਬੰਦ
ਆਤਿਸ਼ ਗੁਪਤਾ
ਚੰਡੀਗੜ੍ਹ, 18 ਅਗਸਤ
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਹਸਪਤਾਲ ਵਿੱਚ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਖ਼ਿਲਾਫ਼ ਡਾਕਟਰਾਂ ਦੀ ਹੜਤਾਲ ਦੇ ਮੱਦੇਨਜ਼ਰ ਪੀਜੀਆਈ ਪ੍ਰਸ਼ਾਸਨ ਨੇ ਅੰਸ਼ਿਕ ਤੌਰ ’ਤੇ ਓਪੀਡੀ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਰ੍ਹਾਂ ਪੀਜੀਆਈ ਵਿੱਚ ਸਿਰਫ਼ ਪੁਰਾਣੇ ਮਰੀਜ਼ਾਂ ਦੇ ਚੈੱਕਅਪ ਲਈ ਸਵੇਰੇ 8 ਵਜੇ ਤੋਂ 9.30 ਵਜੇ ਤੱਕ ਰਜਿਸਟ੍ਰੇਸ਼ਨ ਹੋਵੇਗੀ। ਜਦੋਂਕਿ ਓਪੀਡੀ ਵਿੱਚ ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ। ਪੀਜੀਆਈ ਦੇ ਬੁਲਾਰੇ ਨੇ ਕਿਹਾ ਕਿ ਪੀਜੀਆਈ ਵਿੱਚ ਐਮਰਜੈਂਸੀ ਤੇ ਟਰਾਮਾ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ। ਇਹ ਆਦੇਸ਼ 19 ਅਗਸਤ 2024 ਤੋਂ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ।
ਇਸ ਸੰਘਰਸ਼ ਵਿੱਚ ਡਾਕਟਰਾਂ ਦੇ ਨਾਲ-ਨਾਲ ਸਮਾਜਿਕ ਤੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਵੀ ਸ਼ਾਮਲ ਹੋ ਰਹੀਆਂ ਹਨ। ਵੱਲੋਂ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕਰਕੇ ਕੋਲਕਾਤਾ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਚੰਡੀਗੜ੍ਹ ਵਿੱਚ ਫੈਡਰੇਸ਼ਨ ਆਫ਼ ਸੋਸ਼ਲ ਵੈੱਲਫੇਅਰ ਐਸੋਸੀਏਸਨ ਵੱਲੋਂ ਸੈਕਟਰ-40 ਸੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਚੇਅਰਮੈਨ ਐੱਮਆਰ ਭਾਟੀਆ, ਪ੍ਰਧਾਨ ਰਾਕੇਸ਼ ਬਡੋਟੀਆ, ਜਨਰਲ ਸਕੱਤਰ ਪ੍ਰਦੀਪ ਕੁਮਾਰ ਮਹਾਜਨ, ਚੀਫ ਪੈਟਰਨ ਐੱਸਕੇ ਖੋਸਲਾ ਸਣੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਮੋਮਬੱਤੀਆਂ ਜਗਾ ਕੇ ਮ੍ਰਿਤਕਾ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਐਸੋਸੀਏਸ਼ਨ ਦੇ ਆਗੂਆਂ ਨੇ ਪੱਛਮੀ ਬੰਗਾਲ ਸਰਕਾਰ ਨੂੰ ਦੋਸ਼ੀਆਂ ਦੀ ਭਾਲ ਕਰਨ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਕੀਤੀ। ਇਸੇ ਤਰ੍ਹਾਂ ਸੈਕਟਰ-32 ਸਰਕਾਰੀ ਮੈਡੀਕਲ ਕਾਲਜ ਦੇ ਸਟਾਫ, ਰੈਜੀਡੇਂਟਸ ਤੇ ਵਿਦਿਆਰਥੀਆਂ ਨੇ ਕੋਲਕਾਤਾ ਵਿੱਚ ਵਾਪਰੀ ਘਟਨਾ ਖ਼ਿਲਾਫ਼ ਸਿਟੀ ਬਿਊਟੀਫੁੱਲ ਵਿੱਚ ਮੋਮਬੱਤੀ ਮਾਰਚ ਕੱਢਿਆ। ਇਹ ਮੋਮਬੱਤੀ ਮਾਰਚ ਸੈਕਟਰ-32 ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੇ ਗੇਟ ਨੰਬਰ-4 ’ਤੇ ਸਥਿਤ ਈ-ਬਲਾਕ ਤੋਂ ਸ਼ੁਰੂ ਹੋ ਕੇ ਟੈਰੇਸ ਗਾਰਡਨ ਤੱਕ ਕੱਢਿਆ ਗਿਆ।
ਖਮਾਣੋਂ (ਜਗਜੀਤ ਕੁਮਾਰ): ਪ੍ਰਾਈਵੇਟ ਡਾਕਟਰ ਐਸੋਸੀਏਸ਼ਨ, ਸਰਕਾਰੀ ਡਾਕਟਰ ਐਸੋਸੀਏਸ਼ਨ, ਸਟਾਫ਼ ਨਰਸਿੰਗ ਲੈਬ ਟੈਕਨੀਸ਼ੀਅਨ, ਹੈਲਥ ਵਰਕਰ, ਸ਼ਹਿਰ ਦੇ ਮੋਹਤਬਰਾਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਡਾ. ਨਰੇਸ਼ ਚੌਹਾਨ ਦੀ ਅਗਵਾਈ ਹੇਠ ਖਮਾਣੋਂ ਦੇ ਬਾਜ਼ਾਰ ਵਿਚ ਰੋਸ ਮਾਰਚ ਕੱਢਿਆ ਗਿਆ।
ਪੀਐੱਸਯੂ (ਲਲਕਾਰ) ਤੇ ਨੌਜਵਾਨ ਭਾਰਤ ਸਭਾ ਵੱਲੋਂ ਮਸ਼ਾਲ ਮਾਰਚ
ਕੋਲਕਤਾ ਤੇ ਉਤਰਾਖੰਡ ਵਿੱਚ ਪਿਛਲੇ ਦਿਨੀਂ ਔਰਤਾਂ ਨਾਲ ਜਬਰ-ਜਨਾਹ ਤੇ ਹੱਤਿਆ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੇ ਨੌਜਵਾਨ ਭਾਰਤ ਸਭਾ ਵੱਲੋਂ ਚੰਡੀਗੜ੍ਹ ਦੇ ਪੀਜੀਆਈ ਤੋਂ ਸੈਕਟਰ-17 ਤੱਕ ਮਸ਼ਾਲ ਮਾਰਚ ਕੱਢਿਆ ਗਿਆ। ਇਸ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ, ਪੀਜੀਆਈ, ਮੈਡੀਕਲ ਕਾਲਜ 16 ਅਤੇ 32 ਦੇ ਡਾਕਟਰਾਂ ਅਤੇ ਨਰਸਾਂ ਤੋਂ ਬਿਨਾਂ ਚੰਡੀਗੜ੍ਹ ਦੇ ਜਮਹੂਰੀਅਤ ਪਸੰਦ ਲੋਕ ਵੀ ਸ਼ਾਮਲ ਹੋਏ। ਇਸ ਮਾਰਚ ਰਾਹੀਂ ਜਬਰ-ਜਨਾਹ ਦੇ ਦੋਸ਼ੀਆਂ ਨੂੰ ਫਾਂਸੀ ਦੇ ਕੇ ਪੀੜਤਾਂ ਨੂੰ ਇਨਸਾਫ਼ ਦੇਣ ਦਾ ਨਾਅਰਾ ਲਾਇਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸੈਕਟਰ 17 ਪਹੁੰਚ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਨੌਜਵਾਨ ਭਾਰਤ ਸਭਾ ਵੱਲੋਂ ਵੈਭਵ, ਪੀਐੱਸਯੂ (ਲਲਕਾਰ) ਵੱਲੋਂ ਸਾਰਾਹ, ਪੀਜੀਆਈ ਨਰਸਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਅਰਪਣ ਅਤੇ ਏਐੱਸਏ ਵੱਲੋਂ ਗੌਤਮ ਬੋਰੀਆ ਨੇ ਵੀ ਸੰਬੋਧਨ ਕੀਤਾ।