ਪੰਜਾਬ ’ਚ ਛੇਤੀ ਨਵੇਂ ਰਾਸ਼ਨ ਕਾਰਡ ਬਣਾਏ ਜਾਣਗੇ: ਕਟਾਰੂਚੱਕ
ਐੱਨਪੀ ਧਵਨ
ਪਠਾਨਕੋਟ, 26 ਅਗਸਤ
ਪੰਜਾਬ ਵਿੱਚ ਛੇਤੀ ਹੀ ਨਵੇਂ ਰਾਸ਼ਨ ਕਾਰਡ ਬਣਾਏ ਜਾਣਗੇ ਜਿਸ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਕੋਈ ਵੀ ਲੋੜਵੰਦ ਪਰਿਵਾਰ ਬਿਨਾਂ ਰਾਸ਼ਨ ਕਾਰਡ ਦੇ ਨਹੀਂ ਰਹਿਣ ਦਿੱਤਾ ਜਾਵੇਗਾ। ਇਹ ਗੱਲ ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਵੱਡਾ ਭਨਵਾਲ ਵਿੱਚ 70 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਨਵੀਂ ਜਲ ਸਪਲਾਈ ਸਕੀਮ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਣ ਬਾਅਦ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ।
ਇਸ ਮੌਕੇ ਐਕਸੀਅਨ ਮਹੇਸ਼ ਕੁਮਾਰ, ਐੱਸਡੀਓ ਰਾਜਿੰਦਰ ਸੈਣੀ ਤੇ ਸਾਹਿਲ ਸੈਣੀ, ਬੀਡੀਪੀਓ ਜਸਵੀਰ ਕੌਰ ਤੇ ਬਲਜੀਤ ਕੌਰ, ਸਾਹਿਬ ਸਿੰਘ ਸਾਬਾ, ਐਡਵੋਕੇਟ ਭਾਨੂੰ ਪ੍ਰਤਾਪ ਸਿੰਘ, ਬਲਾਕ ਪ੍ਰਧਾਨ ਸੰਦੀਪ ਕੁਮਾਰ, ਰਜਿੰਦਰ ਸਿੰਘ ਭਿੱਲਾ, ਸਰਪੰਚ ਅਵਤਾਰ ਸਿੰਘ ਕੋਹਾਲ ਆਦਿ ਹਾਜ਼ਰ ਸਨ। ਉਨ੍ਹਾਂ ਪਿੰਡ ਮੈਰਾ ਕਲੋਨੀ ਨੂੰ ਲਾਈਬ੍ਰੇਰੀ ਬਣਾਉਣ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਜਦ ਕਿ ਪਿੰਡ ਝੰਡਪੁਰ ਵਿੱਚ ਜੰਝਘਰ ਤੇ ਪਾਰਕ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ।
ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਹ ਪਾਣੀ ਦੀ ਸਕੀਮ ਜੋ ਬਣਾਈ ਜਾ ਰਹੀ ਹੈ, ਇਸ ਨਾਲ ਇੱਥੇ ਪਾਣੀ ਦੀ ਟੈਂਕੀ, ਵਾਟਰ ਸਪਲਾਈ ਚੈਂਬਰ ਅਤੇ 8 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਜਾਵੇਗੀ। ਇਸ ਦੇ ਮੁਕੰਮਲ ਹੋਣ ਬਾਅਦ ਨਾਲ 500 ਪਰਿਵਾਰਾਂ ਨੂੰ ਸ਼ੁੱਧ ਪਾਣੀ ਮਿਲੇਗਾ। ਇਸ ਵਾਟਰ ਸਪਲਾਈ ਦਾ ਨਿਰਮਾਣ ਦਾ ਕਾਰਜ 6 ਮਹੀਨੇ ਦੇ ਅੰਦਰ ਮੁਕੰਮਲ ਕੀਤਾ ਜਾਵੇਗਾ। ਪਿੰਡ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਨੇ ਮੰਗ ਕੀਤੀ ਕਿ ਪਿੰਡ ਦੇ ਕਮਿਊਨਿਟੀ ਹਾਲ ਦੀ ਸਾਂਭ-ਸੰਭਾਲ ਲਈ ਫੰਡ ਉਪਲੱਬਧ ਕਰਵਾਏ ਜਾਣ ਅਤੇ ਪਿੰਡ ਨੂੰ ਜਾਣ ਵਾਲੀ ਮੁੱਖ ਸੜਕ ਜੋ ਖਸਤਾ ਹਾਲਤ ਵਿੱਚ ਹੈ, ਨੂੰ ਬਣਾਇਆ ਜਾਵੇ। ਮੰਤਰੀ ਨੇ ਕਿਹਾ ਕਿ ਪਿੰਡ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।