For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਨੂੰ 1823 ਕਰੋੜ ਰੁਪਏ ਦੀ ਅਦਾਇਗੀ ਦੇ ਨਵੇਂ ਨੋਟਿਸ

07:14 AM Mar 30, 2024 IST
ਕਾਂਗਰਸ ਨੂੰ 1823 ਕਰੋੜ ਰੁਪਏ ਦੀ ਅਦਾਇਗੀ ਦੇ ਨਵੇਂ ਨੋਟਿਸ
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅਜੈ ਮਾਕਨ ਤੇ ਜੈਰਾਮ ਰਮੇਸ਼। -ਫੋਟੋ: ਮੁਕੇਸ਼ ਅਗਰਵਾਲ
Advertisement

ਨਵੀਂ ਦਿੱਲੀ, 29 ਮਾਰਚ
ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਪਾਰਟੀ ਨੂੰ ਆਮਦਨ ਕਰ ਵਿਭਾਗ ਤੋਂ ਪੰਜ ਵੱਖ ਵੱਖ ਵਿੱਤੀ ਸਾਲਾਂ ਦੀਆਂ ਟੈਕਸ ਰਿਟਰਨਾਂ ’ਚ ਕਥਿਤ ਖਾਮੀਆਂ ਲਈ 1823.08 ਕਰੋੜ ਰੁਪਏ ਦੀ ਅਦਾਇਗੀ ਦੇ ਨਵੇਂ ਨੋਟਿਸ ਮਿਲੇ ਹਨ। ਪਾਰਟੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਨੇ ਵੀ ਆਮਦਨ ਕਰ ਕਾਨੂੰਨਾਂ ਦੀ ਘੋਰ ਉਲੰਘਣਾ ਕੀਤੀ ਹੈ ਜਿਸ ਲਈ ਉਸ ’ਤੇ 4600 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਬਣਦਾ ਹੈ ਪਰ ਆਮਦਨ ਕਰ ਵਿਭਾਗ ਨੇ ਇਸ ਬਾਰੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਕਾਂਗਰਸ ਨੇ ਹੁਕਮਰਾਨ ਭਾਜਪਾ ’ਤੇ ਦੋਸ਼ ਲਾਇਆ ਹੈ ਕਿ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਟੈਕਸ ਅਤਿਵਾਦ’ ਰਾਹੀਂ ਵਿਰੋਧੀ ਧਿਰ ’ਤੇ ਹਮਲਾ ਕਰ ਰਹੀ ਹੈ। ਇਥੇ ਕਾਂਗਰਸ ਹੈੱਡਕੁਆਰਟਰ ’ਤੇ ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖ਼ਜ਼ਾਨਚੀ ਅਜੈ ਮਾਕਨ ਨੇ ਦੋਸ਼ ਲਾਇਆ ਕਿ ਜਿਨ੍ਹਾਂ ਮਾਪਦੰਡਾਂ ਦੇ ਆਧਾਰ ’ਤੇ ਕਾਂਗਰਸ ਨੂੰ ਜੁਰਮਾਨੇ ਦੇ ਨੋਟਿਸ ਦਿੱਤੇ ਗਏ ਹਨ, ਉਨ੍ਹਾਂ ਦੇ ਆਧਾਰ ’ਤੇ ਹੀ ਭਾਜਪਾ ਤੋਂ 4617.58 ਕਰੋੜ ਰੁਪਏ ਦੇ ਭੁਗਤਾਨ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ। ਆਮਦਨ ਕਰ ਵਿਭਾਗ ਦੇ ਨਵੇਂ ਕਦਮ ਨੂੰ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਜੋ ਪਹਿਲਾਂ ਹੀ ਪੈਸਿਆਂ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ। ਮਾਕਨ ਨੇ ਕਿਹਾ,‘‘ਪਾਰਟੀਆਂ ਨੂੰ ਫਾਰਮ 24ਏ ਭਰਨਾ ਪੈਂਦਾ ਹੈ ਜਿਸ ’ਚ ਦੋ ਬੁਨਿਆਦੀ ਅਤੇ ਅਹਿਮ ਜਾਣਕਾਰੀਆਂ ਦਾਨੀਆਂ ਦੇ ਨਾਮ ਅਤੇ ਪਤੇ ਸਾਂਝੇ ਕਰਨੇ ਪੈਂਦੇ ਹਨ। ਅਸੀਂ ਭਾਜਪਾ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੀ ਗਈ ਜਾਣਕਾਰੀ ਦਾ ਅਧਿਐਨ ਕੀਤਾ ਹੈ ਅਤੇ ਹਰੇਕ ਸਾਲ ਪਾਰਟੀ ਟੈਕਸ ਭੁਗਤਾਨ ’ਚ ਖਰੀ ਨਹੀਂ ਉਤਰੀ ਹੈ।’’ ਜੈਰਾਮ ਰਮੇਸ਼ ਨੇ ਇਹ ਵੀ ਦੋਸ਼ ਲਾਇਆ ਕਿ ਚੋਣ ਬਾਂਡ ਘੁਟਾਲੇ ਰਾਹੀਂ ਭਾਜਪਾ ਨੇ 8200 ਕਰੋੜ ਰੁਪਏ ਇਕੱਤਰ ਕੀਤੇ ਹਨ ਅਤੇ ਉਨ੍ਹਾਂ ਇਹ ਪੈਸਾ ਉਗਰਾਹੁਣ ਲਈ ‘ਪ੍ਰੀ-ਪੇਡ, ਪੋਸਟ-ਪੇਡ, ਪੋਸਟ-ਰੇਡ ਰਿਸ਼ਵਤਾਂ ਅਤੇ ਫ਼ਰਜ਼ੀ ਕੰਪਨੀਆਂ’ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਵਿੱਤੀ ਤੌਰ ’ਤੇ ਕਮਜ਼ੋਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਅਸੀਂ ਇਸ ਤੋਂ ਡਰਨ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਕਾਂਗਰਸ ਦਾ ਪ੍ਰਚਾਰ ਜਾਰੀ ਰਹੇਗਾ ਅਤੇ ਪਾਰਟੀ ਆਪਣੀਆਂ ਗਾਰੰਟੀਆਂ ਲੋਕਾਂ ਤੱਕ ਪਹੁੰਚਾਏਗੀ। ਮਾਕਨ ਨੇ ਕਿਹਾ ਕਿ ਆਈ-ਟੀ ਵਿਭਾਗ ਵੱਲੋਂ ਕਾਂਗਰਸ ਅਤੇ ਹੋਰ ਹਮਖ਼ਿਆਲ ਪਾਰਟੀਆਂ ਨੂੰ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਨੂੰ ਉਨ੍ਹਾਂ ‘ਭਾਜਪਾ-ਸ਼ਾਸਿਤ ਆਈ-ਟੀ ਡਿਪਾਰਟਮੈਂਟ’ ਕਰਾਰ ਦਿੱਤਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਪਾਰਟੀ ਵੱਲੋਂ ਦਾਖ਼ਲ ਅੱਠ ਸਾਲਾਂ ਦੀਆਂ ਆਮਦਨ ਕਰ ਰਿਟਰਨਾਂ ਮੁੜ ਤੋਂ ਬਿਨ੍ਹਾਂ ਕਿਸੇ ਆਧਾਰ ‘ਤੇ ਖੋਲ੍ਹੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ,‘‘ਪਹਿਲਾਂ ਹੀ ਆਮਦਨ ਕਰ ਵਿਭਾਗ ਨੇ 14 ਲੱਖ ਰੁਪਏ ਦੀ ਉਲੰਘਣਾ ਦੱਸ ਕੇ ਕਾਂਗਰਸ ਦੇ ਬੈਂਕ ਖ਼ਾਤੇ ’ਚੋਂ ਜਬਰੀ 135 ਕਰੋੜ ਰੁਪਏ ਕੱਢ ਲਏ ਹਨ। ਇਹ ਰਕਮ ਕਾਂਗਰਸ ਦੇ ਕਈ ਖ਼ਾਤਿਆਂ ’ਚ ਜਮ੍ਹਾਂ 270 ਕਰੋੜ ਰੁਪਏ ਤੋਂ ਵਧ ਦੀ ਰਕਮ ਫਰੀਜ਼ ਕਰਕੇ ਹਾਸਲ ਕੀਤੀ ਗਈ ਹੈ।’’ ਉਨ੍ਹਾਂ ਮੁਤਾਬਕ ਇਨ੍ਹਾਂ 1823 ਕਰੋੜ ਰੁਪਏ ’ਚੋਂ 53.9 ਕਰੋੜ ਰੁਪਏ ਦੀ ਮੰਗ ਵਿੱਤੀ ਵਰ੍ਹੇ 1993-94 ਦੇ ਟੈਕਸ ਮੁਲਾਂਕਣ ਦੇ ਆਧਾਰ ’ਤੇ ਕੀਤੀ ਗਈ ਹੈ ਜਦੋਂ ਸੀਤਾਰਾਮ ਕੇਸਰੀ ਕਾਂਗਰਸ ਪ੍ਰਧਾਨ ਸਨ। ਮਾਕਨ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ ਆਮਦਨ ਕਰ ਵਿਭਾਗ ਨੇ ਸਾਲ 2016-17 ਲਈ 181.99 ਕਰੋੜ ਰੁਪਏ, 2017-18 ਲਈ 178.73 ਕਰੋੜ ਰੁਪਏ, 2018-19 ਲਈ 918.45 ਕਰੋੜ ਰੁਪਏ ਅਤੇ 2019-20 ਲਈ 490.01 ਕਰੋੜ ਰੁਪਏ ਦੇ ਨੋਟਿਸ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਮਦਨ ਕਰ ਵਿਭਾਗ ਨੇ ਭਾਜਪਾ ਦੇ 42 ਕਰੋੜ ਰੁਪਏ ਨਾਲ ਸਬੰਧਤ ਨਿਯਮਾਂ ਦੇ ਉਲੰਘਣ ’ਤੇ ਤਾਂ ਅੱਖਾਂ ਉਪਰ ਪੱਟੀ ਬੰਨ੍ਹ ਲਈ ਹੈ ਪਰ ਕਾਂਗਰਸ ਦੇ 14 ਲੱਖ ਰੁਪਏ ਜੋ ਸਾਡੇ 23 ਆਗੂਆਂ ਨੇ ਦਿੱਤੇ ਹਨ, ਜਿਨ੍ਹਾਂ ਦੇ ਨਾਮ ਅਤੇ ਪਤੇ ਵੀ ਹਨ, ਉਸ ਦੇ ਆਧਾਰ ’ਤੇ 135 ਕਰੋੜ ਰੁਪਏ ਖੋਹ ਲਏ ਗਏ। ਉਨ੍ਹਾਂ ਕਿਹਾ ਕਿ ਭਾਜਪਾ ਤੋਂ 4617 ਕਰੋੜ ਰੁਪਏ ਵਸੂਲੇ ਜਾਣੇ ਚਾਹੀਦੇ ਹਨ। ਉਨ੍ਹਾਂ ਆਮਦਨ ਕਰ ਵਿਭਾਗ ਨੂੰ ਸਵਾਲ ਕੀਤਾ ਕਿ ਉਸ ਨੇ ਯੇਦੀਯੁਰੱਪਾ ਡਾਇਰੀਆਂ, ਜੈਨ ਡਾਇਰੀਆਂ, ਸਹਾਰਾ ਡਾਇਰੀਆਂ, ਬਿਰਲਾ ਡਾਇਰੀਆਂ, ਬੰਗਾਰੂ ਲਕਸ਼ਮਣ ਦੀ ਸਜ਼ਾ ਦਾ ਨੋਟਿਸ ਕਿਉਂ ਨਹੀਂ ਲਿਆ ਹੈ ਅਤੇ ਭਾਜਪਾ ਨੂੰ ਅਜੇ ਤੱਕ ਜੁਰਮਾਨਾ ਕਿਉਂ ਨਹੀਂ ਲਾਇਆ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਵੀ ਨਿਸ਼ਾਨੇ ’ਤੇ ਲਿਆ। -ਪੀਟੀਆਈ

Advertisement

ਸੀਪੀਆਈ ਤੇ ਟੀਐੱਮਸੀ ਨੂੰ ਵੀ ਮਿਲੇ ਨੋਟਿਸ

ਨਵੀਂ ਦਿੱਲੀ: ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਅਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੂੰ ਵੀ ਆਮਦਨ ਕਰ ਵਿਭਾਗ ਤੋਂ ਨੋਟਿਸ ਮਿਲੇ ਹਨ। ਸੀਪੀਆਈ ਨੂੰ 11 ਕਰੋੜ ਰੁਪਏ ਦਾ ਬਕਾਇਆ ਅਦਾ ਕਰਨ ਦਾ ਨੋਟਿਸ ਮਿਲਿਆ ਹੈ। ਸੂਤਰਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਟੈਕਸ ਰਿਟਰਨਾਂ ਭਰਨ ਸਮੇਂ ਪੁਰਾਣੇ ਪੈਨ ਕਾਰਡ ਦੀ ਵਰਤੋਂ ਕਰਨ ’ਤੇ ਬਕਾਇਆ ਰਕਮ ਦੇ ਭੁਗਤਾਨ ਦਾ ਨੋਟਿਸ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਖੱਬੇ-ਪੱਖੀ ਪਾਰਟੀ ਨੋਟਿਸ ਨੂੰ ਚੁਣੌਤੀ ਦੇਣ ਲਈ ਆਪਣੇ ਵਕੀਲਾਂ ਨਾਲ ਚਰਚਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਪੁਰਾਣੇ ਪੈਨ ਕਾਰਡ ਦੀ ਵਰਤੋਂ ’ਚ ਖਾਮੀਆਂ ਲਈ ਜਾਰੀ ਨੋਟਿਸ ’ਚ ਜੁਰਮਾਨਾ ਅਤੇ ਵਿਆਜ ਵੀ

ਕਾਂਗਰਸ ਵੱਲੋਂ ਦੇਸ਼ ਭਰ ’ਚ ਪ੍ਰਦਰਸ਼ਨ ਅੱਜ ਤੋਂ

ਨਵੀਂ ਦਿੱਲੀ: ਆਮਦਨ ਕਰ ਵਿਭਾਗ ਵੱਲੋਂ 1800 ਕਰੋੜ ਰੁਪਏ ਤੋਂ ਵੱਧ ਦਾ ਨੋਟਿਸ ਜਾਰੀ ਹੋਣ ਮਗਰੋਂ ਕਾਂਗਰਸ ਨੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਦੇਸ਼ ਭਰ ’ਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਕਾਂਗਰਸ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਪ੍ਰਦੇਸ਼ ਕਾਂਗਰਸ ਕਮੇਟੀਆਂ ਨੂੰ ਪੱਤਰ ਲਿਖ ਕੇ ਸੂਬਿਆਂ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਅਗਲੇ ਦੋ ਦਿਨ ਪ੍ਰਦਰਸ਼ਨ ਕਰਨ ਲਈ ਕਿਹਾ ਹੈ। ਪੱਤਰ ’ਚ ਵੇਣੂਗੋਪਾਲ ਨੇ ਕਿਹਾ ਕਿ ਭਾਜਪਾ ਵੱਲੋਂ ਲੋਕਤੰਤਰ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਤਹਿਤ ਮੁੱਖ ਵਿਰੋਧੀ ਧਿਰ ਦੇ ਖ਼ਾਤੇ ਫਰੀਜ਼ ਕਰਨ ਦੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਟੈਕਸ ਅਤਿਵਾਦ ਲਾਗੂ ਕਰਕੇ ਲੋਕਤੰਤਰ ’ਤੇ ਹਮਲਾ ਕੀਤਾ ਜਾ ਰਿਹਾ ਹੈ ਜਿਸ ਦਾ ਵਿਰੋਧ ਹੋਣਾ ਚਾਹੀਦਾ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×