ਮਾਂ ਤੇ ਛੋਟੇ ਬੱਚਿਆਂ ਨੂੰ ਅੱਗ ਲੱਗਣ ਦੇ ਮਾਮਲੇ ’ਚ ਨਵਾਂ ਮੋੜ
ਹਤਿੰਦਰ ਮਹਿਤਾ
ਜਲੰਧਰ, 20 ਅਕਤੂਬਰ
ਪਿੰਡ ਪਧਿਆਣਾ ਵਿੱਚ ਇੱਕ ਔਰਤ ਸਮੇਤ ਦੋ ਛੋਟੇ ਬੱਚਿਆਂ ਨੂੰ ਅੱਗ ਲੱਗਣ ਦੇ ਮਾਮਲੇ ’ਚ ਨਵਾਂ ਮੋੜ ਆਇਆ ਹੈ। ਇਸ ਮਾਮਲੇ ਸਬੰਧੀ ਜ਼ਖ਼ਮੀ ਔਰਤ ਮੀਨੂੰ ਦੀ ਸੱਸ ਜਸਵਿੰਦਰ ਕੌਰ ਨੇ ਪੁਲੀਸ ਨੂੰ ਲਿਖਤੀ ਦਰਖਾਸਤ ਰਾਹੀਂ ਦੱਸਿਆ ਕਿ ਉਸ ਦੀ ਨੂੰਹ ਮੀਨੂੰ ਪਤਨੀ ਸਵਰਗੀ ਮਨਜੀਤ ਸਿੰਘ ਨੇ ਉਸ ਦੇ ਪੋਤੇ-ਪੋਤੀ ਸਮੇਤ ਖ਼ੁਦ ਨੂੰ ਅੱਗ ਲਾਉਣ ਦੀ ਕਥਿਤ ਕੋਸ਼ਿਸ਼ ਕੀਤੀ ਸੀ ਜਿਸ ਦੌਰਾਨ ਤਿੰਨੋਂ ਹੀ ਝੁਲਸ ਗਏ ਤੇ ਹੁਣ ਜੇਰੇ ਇਲਾਜ ਹਨ।
ਸ਼ਿਕਾਇਤਕਰਤਾ ਜਸਵਿੰਦਰ ਕੌਰ ਨੇ ਕਿਹਾ ਕਿ 8 ਸਤੰਬਰ 2024 ਨੂੰ ਉਸ ਦੇ ਲੜਕੇ ਦੀ ਦੁਬਈ ਵਿੱਚ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ ਸੀ, ਇਸ ਮਾਮਲੇ ਵਿੱਚ ਉਸ ਦੀ ਨੂੰਹ ਦੀ ਕਾਲ ਡਿਟੇਲ ਕਢਵਾਈ ਜਾਵੇ ਤਾਂ ਜੋ ਲੜਕੇ ਦੀ ਮੌਤ ਦਾ ਅਸਲ ਕਾਰਨ ਪਤਾ ਲੱਗ ਸਕੇ। ਜਸਵਿੰਦਰ ਕੌਰ ਨੇ ਦੱਸਿਆ ਕਿ ਇਹ ਅੱਗ ਮੀਨੂੰ ਨੇ ਖ਼ੁਦ ਹੀ ਕੀਤੀ ਇਸ ਪੂਰੇ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਕੁਲਜੀਤ ਕੌਰ, ਬਲਜੀਤ ਸਿੰਘ, ਪੰਚ ਹੈਪੀ ਸਮੇਤ ਪਰਿਵਾਰ ਵੱਲੋਂ ਥਾਣਾ ਆਦਮਪੁਰ ਵਿਖੇ ਲਿਖਤੀ ਬਿਆਨ ਦਰਜ ਕਰਵਾਏ ਹਨ। ਪੰਚਾਇਤ ਨੇ ਦੱਸਿਆ ਕਿ ਮੀਨੂੁੰ ਆਪਣੇ ਬੱਚਿਆਂ ਸਮੇਤ ਸਾਰਾ ਪਰਿਵਾਰ ਤੋਂ ਵੱਖਰੀ ਅਲੱਗ ਘਰ ਵਿੱਚ ਰਹਿੰਦੀ ਸੀ, ਪਰ ਜ਼ਿਆਦਾ ਸਮਾਂ ਉਹ ਆਪਣੇ ਪੇਕੇ ਪਰਿਵਾਰ ਹੁਸ਼ਿਆਰਪੁਰ ’ਚ ਰਹਿੰਦੀ ਸੀ। ਉਨ੍ਹਾਂ ਆਦਮਪੁਰ ਪੁਲੀਸ ਨੂੰ ਛੋਟੇ ਮਾਸੂਮ ਬੱਚਿਆਂ ਨੂੰ ਅੱਗ ਲਗਾਉਣ ਦੇ ਦੋਸ਼ ਹੇਠ ਮਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ।
ਆਦਮਪੁਰ ਥਾਣਾ ਮੁਖੀ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਿੰਡ ਵਾਸੀਆਂ ਨੇ ਬਿਆਨ ਦਰਜ ਕੀਤੇ ਗਏ ਹਨ ਪਰ ਜ਼ਖਮੀ ਔਰਤ ਮੀਨੂੰ ਦੀ ਹਾਲਤ ਨਾਜ਼ੁਕ ਹੈ ਤੇ ਪੂਰੀ ਜਾਂਚ ਕਰਨ ਉਪਰੰਤ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।