ਆਬਾਦੀ ਤੋਂ ਦੂਰ ਉਸਾਰੀਆਂ ਜਾਣਗੀਆਂ ਨਵੀਆਂ ਜੇਲ੍ਹਾਂ: ਭੁੱਲਰ
ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਨਵੰਬਰ
ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬੇ ਦੀਆਂ ਜੇਲ੍ਹਾਂ ’ਚ ਬੰਦ ਗੈਂਗਸਟਰ ਤੇ ਹੋਰ ਪੇਸ਼ੇਵਰ ਅਪਰਾਧੀ ਜਗਰਾਉਂ ਨੇੜੇ ਉਸਾਰੀ ਜਾ ਰਹੀ ਹਾਈ ਪ੍ਰੋਫਾਈਲ ਸਕਿਉਰਿਟੀ ਜੇਲ੍ਹ ’ਚ ਤਬਦੀਲ ਕੀਤੇ ਜਾਣਗੇ। ਲਾਲਜੀਤ ਭੁੱਲਰ ਅੱਜ ਇੱਥੇ ਸਥਿਤ ਪੰਜਾਬ ਜੇਲ੍ਹ ਟਰੇਨਿੰਗ ਸਕੂਲ ’ਚ ਜੇਲ੍ਹ ਵਿਭਾਗ ਦੇ ਬੈਚ-97 ਦੇ 132 ਵਾਰਡਰਾਂ ਅਤੇ 4 ਮੈਟਰਨਜ਼ ਦੀ ਪਾਸਿੰਗ ਆਊਟ ਪਰੇਡ ਸਬੰਧੀ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਇਸ ਟੁੱਕੜੀ ਤੋਂ ਸਲਾਮੀ ਲੈਂਦਿਆਂ ਪਰੇਡ ਦਾ ਨਿਰੀਖਣ ਵੀ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਲਜੀਤ ਭੁੱਲਰ ਨੇ ਕਿਹਾ ਕਿ ਨਵੀਆਂ ਜੇਲ੍ਹਾਂ ਨੂੰ ਆਬਾਦੀ ਤੋਂ ਇੱਕ ਕਿਲੋਮੀਟਰ ਦੂਰ ਬਣਾਇਆ ਜਾਵੇਗਾ ਤਾਂ ਜੋ ਜੇਲ੍ਹਾਂ ’ਚ ਲਗਾਏ ਜਾਂਦੇ ਜੈਮਰਾਂ ਕਰਕੇ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਅਤੇ ਨਾ ਹੀ ਕੋਈ ਅਪਰਾਧੀ ਜੇਲ੍ਹ ਦੀਆਂ ਕੰਧਾਂ ਤੋਂ ਹੀ ਅੰਦਰ ਕੁਝ ਸੁੱਟ ਸਕੇ। ਉਨ੍ਹਾਂ ਕਿਹਾ ਕਿ ਬੇਸ਼ੱਕ ਜੇਲ੍ਹਾਂ ਦੀ ਸੁਰੱਖਿਆ, ਖੁਫੀਆ ਤੰਤਰ, ਸਟਾਫ ਦੀ ਘਾਟ, ਕੈਦੀਆਂ ਦੀ ਦੇਖ-ਰੇਖ ਅਤੇ ਪੁਨਰ ਵਸੇਬੇ ਲਈ ਕਈ ਚੁਣੌਤੀਆਂ ਦਰਪੇਸ਼ ਹਨ ਪਰ ਫਿਰ ਵੀ ਜੇਲ੍ਹ ਵਿਭਾਗ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਅ ਰਿਹਾ ਹੈ। ਇਸ ਦੌਰਾਨ ਜੇਲ੍ਹ ਮੰਤਰੀ ਨੇ ਪੁਲੀਸ ਦੇ ਜਵਾਨਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਤੇ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਏਡੀਜੀਪੀ (ਜੇਲ੍ਹਾਂ) ਅਰੁਨਪਾਲ ਸਿੰਘ ਅਤੇ ਪੰਜਾਬ ਜੇਲ੍ਹ ਟਰੇਨਿੰਗ ਸਕੂਲ ਦੇ ਪ੍ਰਿੰਸੀਪਲ ਕੁਲਵੰਤ ਸਿੰਘ ਸਿੱਧੂ ਵੀ ਹਾਜ਼ਰ ਸਨ।
ਜੇਲ੍ਹ ਵਿਭਾਗ ’ਚ ਨਵੀਂ ਭਰਤੀ ਛੇਤੀ ਕਰਾਂਗੇ: ਜੇਲ੍ਹ ਮੰਤਰੀ
ਜੇਲ੍ਹ ਮੰਤਰੀ ਨੇ ਕਿਹਾ ਕਿ ਜੇਲ੍ਹ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਲਈ ਜੇਲ੍ਹ ਵਿਭਾਗ ’ਚ 13 ਡੀਐੱਸਪੀ, 175 ਵਾਰਡਰ ਅਤੇ 4 ਮੈਟਰਨਾਂ, ਡਾਕਟਰਾਂ ਤੇ ਪੈਰਾਮੈਡੀਕਲ ਅਮਲੇ ਸਮੇਤ ਹੋਰ ਲੋੜੀਂਦੀ ਭਰਤੀ ਜਲਦ ਕੀਤੀ ਜਾਵੇਗੀ। ਜੇਲ੍ਹ ਵਿਭਾਗ ਨੇ ਕੈਦੀਆਂ ਦੇ ਮੁੜ ਵਸੇਬੇ ਲਈ 8 ਜੇਲ੍ਹਾਂ ’ਚ ਪੈਟਰੋਲ ਪੰਪ ਵੀ ਲਗਾਏ ਹਨ।