ਨਵਾਂ ਆਮਦਨ ਕਰ ਬਿੱਲ ਅੱਜ ਲੋਕ ਸਭਾ ਵਿੱਚ ਪੇਸ਼ ਹੋਵੇਗਾ
ਨਵੀਂ ਦਿੱਲੀ, 12 ਫਰਵਰੀ
ਆਮਦਨ ਕਰ ਪ੍ਰਬੰਧਾਂ ਨੂੰ ਆਸਾਨ ਢੰਗ ਨਾਲ ਪੇਸ਼ ਕਰਨ ਲਈ ਬਣਾਏ ਗਏ ‘ਆਮਦਨ ਕਰ ਬਿੱਲ, 2025’ ਨੂੰ ਵੀਰਵਾਰ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਲੋਕ ਸਭਾ ਸਕੱਤਰੇਤ ਨੇ ਬਿੱਲ ਨੂੰ ਵੀਰਵਾਰ ਲਈ ਸੂਚੀਬੱਧ ਕੀਤਾ ਹੈ। ਬਿੱਲ ਵਿੱਚ ‘ਮੁਲਾਂਕਣ ਤੇ ਪਿਛਲੇ ਵਰ੍ਹੇ’ ਵਰਗੇ ਮੁਸ਼ਕਿਲ ਸ਼ਬਦਾਂ ਦੀ ਥਾਂ ‘ਟੈਕਸ ਵਰ੍ਹੇ’ ਦਾ ਪ੍ਰਬੰਧ ਕੀਤਾ ਗਿਆ ਹੈ। ਨਵੇਂ ਬਿੱਲ ਵਿੱਚ 536 ਧਾਰਾਵਾਂ, 23 ਅਧਿਆਏ ਅਤੇ 16 ਅਨੁਸੂਚੀਆਂ ਹਨ। ਇਹ ਸਿਰਫ਼ 622 ਪੰਨਿਆਂ ’ਤੇ ਅੰਕਿਤ ਹੈ। ਇਸ ਵਿੱਚ ਕੋਈ ਨਵਾਂ ਟੈਕਸ ਲਗਾਉਣ ਦੀ ਗੱਲ ਨਹੀਂ ਕੀਤੀ ਗਈ ਹੈ। ਇਹ ਬਿੱਲ ਮੌਜੂਦਾ ਆਮਦਨ ਕਰ ਐਕਟ, 1961 ਦੀ ਭਾਸ਼ਾ ਨੂੰ ਆਸਾਨ ਬਣਾਉਂਦਾ ਹੈ। ਛੇ ਦਹਾਕੇ ਪੁਰਾਣੇ ਮੌਜੂਦਾ ਕਾਨੂੰਨ ਵਿੱਚ 298 ਧਾਰਾਵਾਂ ਅਤੇ 14 ਅਨੁਸੂਚੀਆਂ ਹਨ। ਜਦੋਂ ਇਹ ਐਕਟ ਪੇਸ਼ ਕੀਤਾ ਗਿਆ ਸੀ ਤਾਂ ਇਸ ਵਿੱਚ 880 ਪੰਨੇ ਸਨ।
ਨਵਾਂ ਬਿੱਲ ਆਮਦਨ ਕਰ ਐਕਟ, 1961 ਦੀ ਜਗ੍ਹਾ ਲੈਣ ਦੇ ਇਰਾਦੇ ਨਾਲ ਤਿਆਰ ਕੀਤਾ ਗਿਆ ਹੈ। ਅਸਲ ਵਿੱਚ ਪਿਛਲੇ 60 ਸਾਲਾਂ ਵਿੱਚ ਕੀਤੀਆਂ ਗਈਆਂ ਸੋਧਾਂ ਕਾਰਨ ਮੌਜੂਦਾ ਆਮਦਨ ਕਰ ਐਕਟ ਬਹੁਤ ਵੱਡਾ ਹੋ ਗਿਆ ਹੈ। ਨਵੇਂ ਬਿੱਲ ਵਿੱਚ ਫਰਿੰਜ ਲਾਭ ਟੈਕਸ ਨਾਲ ਸਬੰਧਤ ਗੈਰ ਲੋੜੀਂਦੀਆਂ ਧਾਰਾਵਾਂ ਨੂੰ ਹਟਾ ਦਿੱਤਾ ਗਿਆ ਹੈ। ਬਿੱਲ ਦੇ ‘ਸਪੱਸ਼ਟੀਕਰਨ ਜਾਂ ਪ੍ਰਬੰਧਾਂ’ ਤੋਂ ਮੁਕਤ ਹੋਣ ਕਰ ਕੇ ਇਸ ਨੂੰ ਪੜ੍ਹਨਾ ਤੇ ਸਮਝਣਾ ਆਸਾਨ ਹੋ ਜਾਂਦਾ ਹੈ। ਇਸ ਦੇ ਨਾਲ ਹੀ ਆਮਦਨ ਕਰ ਐਕਟ, 1961 ਵਿੱਚ ਕਈ ਵਾਰ ਇਸਤੇਮਾਲ ਕੀਤੇ ਜਾਣ ਵਾਲੇ ਸ਼ਬਦ ‘ਬਾਵਜੂਦ’ ਨੂੰ ਨਵੇਂ ਬਿੱਲ ਵਿੱਚ ਹਟਾ ਦਿੱਤਾ ਗਿਆ ਹੈ ਅਤੇ ਉਸ ਦੀ ਥਾਂ ’ਤੇ ਲਗਪਗ ਹਰੇਕ ਜਗ੍ਹਾ ‘ਲਾਜ਼ਮੀ’ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। -ਪੀਟੀਆਈ