ਨਵੀਂ ਪੀੜ੍ਹੀ ਦਾ ਗੀਤਕਾਰ ਜੀਤ ਛੱਜਾਵਾਲ
ਕੁਲਦੀਪ ਸਿੰਘ ਲੋਹਟ
ਜੀਤ ਛੱਜਾਵਾਲ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਨਵਾਂ ਨਾਂ ਹੈ। ਉਸ ਦੀ ਰਚਨਾਤਮਕ ਸ਼ੈਲੀ ਨਵੀਂ ਪੀੜ੍ਹੀ ਦੇ ਸਰੋਤਿਆਂ ਦੀ ਕਸਵੱਟੀ ’ਤੇ ਖਰੀ ਉਤਰਦੀ ਹੈ। ਉਸ ਨੇ ਬਹੁਤ ਘੱਟ, ਪਰ ਸੁਚੱਜੇ ਗੀਤਾਂ ਦੀ ਸਿਰਜਣਾ ਕੀਤੀ ਹੈ। ਉਸ ਨੇ ਪਿਤਾ ਸੰਦਲ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੇ ਘਰ 1 ਜਨਵਰੀ 1982 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਛੱਜਾਵਾਲ ਵਿਖੇ ਜਨਮ ਲਿਆ। ਘਰ ਵਿੱਚ ਲਿਖਣ ਪੜ੍ਹਨ ਦਾ ਮਾਹੌਲ ਹੋਣ ਕਰਕੇ ਉਸ ਨੂੰ ਬਚਪਨ ਤੋਂ ਹੀ ਸਾਹਿਤ ਨਾਲ ਲਗਾਅ ਹੋ ਗਿਆ ਸੀ।
ਪਿੰਡ ਦੇ ਸਕੂਲ ਤੋਂ ਵਿਦਿਅਕ ਤਾਲੀਮ ਹਾਸਲ ਕਰਦਿਆਂ ਬਾਲ ਸਭਾਵਾਂ ਦੀ ਕਲਾਤਮਕ ਪੇਸ਼ਕਾਰੀ ਨੇ ਉਸ ਦੇ ਅੰਦਰਲੇ ਕਲਾਕਾਰ ਨੂੰ ਹੋਰ ਬਲ ਬਖ਼ਸ਼ਿਆ। ਕਵਿਤਾ ਤੇ ਗੀਤ ਲਿਖਣ ਦੀ ਮੁਹਾਰਤ ਹਾਸਲ ਕਰਨ ਤੋਂ ਬਾਅਦ ਦਸਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਉਸ ਨੇ ਗੀਤ ਸਿਰਜਣਾ ਸ਼ੁਰੂ ਕਰ ਦਿੱਤੀ। ਸ਼ੁਰੂ-ਸ਼ੁਰੂ ਵਿੱਚ ਉਸ ਨੇ ਬਾਲ ਗੀਤ ਤੇ ਕਵਿਤਾਵਾਂ ਲਿਖੀਆਂ। ਜਵਾਨੀ ਦੇ ਪੰਧ ਵੱਲ ਵਧਦਿਆਂ ਉਸ ਦੀ ਲਿਖਣ ਸ਼ੈਲੀ ਵਿੱਚ ਨਵੀਨਤਾ ਆਈ ਜਿਸ ਦੇ ਚੱਲਦਿਆਂ ਉਸ ਨੇ ਕੈਸੇਟਾਂ ਨੂੰ ਆਧਾਰ ਬਣਾ ਕੇ ਆਪਣੀਆਂ ਲਿਖਤਾਂ ਰਿਕਾਰਡ ਰੂਪ ਵਿੱਚ ਸਰੋਤਿਆਂ ਦੇ ਸਨਮੁੱਖ ਕਰਨ ਦਾ ਫ਼ੈਸਲਾ ਕੀਤਾ। ਗੀਤਕਾਰੀ ਦੀਆਂ ਸੂਖਮ ਬੰਦਿਸ਼ਾਂ ਨੂੰ ਸਮਝਣ ਲਈ ਉਸ ਨੇ ਰਾਜ ਕਾਕੜਾ ਤੇ ਬਚਨ ਬੇਦਿਲ ਦੀ ਸੰਗਤ ਮਾਣੀ। ਇਨ੍ਹਾਂ ਸੂਝਵਾਨ ਗੀਤਕਾਰਾਂ ਦੀ ਸੰਗਤ ਕਰਦਿਆਂ ਉਹ ਗੀਤਕਾਰੀ ਦੀਆਂ ਬਾਰੀਕੀਆਂ ਸਿੱਖ ਕੇ ਚੰਗੇ ਮਿਆਰੀ ਗੀਤ ਲਿਖਣ ਲੱਗ ਪਿਆ।
ਉਸ ਨੂੰ ਗੀਤ ਰਿਕਾਰਡ ਕਰਵਾਉਣ ਲਈ ਬੇਹੱਦ ਤਪੱਸਿਆ ਕਰਨੀ ਪਈ। ਭਾਵੇਂ ਉਸ ਨੇ ਗੀਤਾਂ ਦੀ ਡਾਇਰੀ ਲੈ ਕੇ ਗਾਇਕਾਂ ਦੇ ਦਫ਼ਤਰਾਂ ਦੇ ਧੱਕੇ ਨਹੀਂ ਖਾਧੇ, ਪਰ ਰਚਨਾ ਨੂੰ ਸਾਹਿਤਕ ਮਹਿਫ਼ਲਾਂ ’ਚੋਂ ਕੱਢ ਕੇ ਰਿਕਾਰਡਿੰਗ ਸਟੂਡੀਓ ਤੀਕਰ ਲਿਜਾਣ ਲਈ ਉਸ ਨੇ ਲੋਹੜੇ ਦੀ ਘਾਲਣਾ ਘਾਲੀ। ਲਿਖਤਾਂ ਨੂੰ ਸਮਝਣ ਵਾਲਿਆਂ ਲਈ ਉਹ ਮੰਝਿਆ ਹੋਇਆ ਗੀਤਕਾਰ ਹੈ। ਜੀਤ ਛੱਜਾਵਾਲ ਦੀ ਜ਼ਿੰਦਗੀ ਦਾ ਉਹ ਖ਼ੁਸ਼ਨੁਮਾ ਦਿਨ ਸੀ ਜਦੋਂ ਉਸ ਦਾ ਪਹਿਲਾ ਗੀਤ ਰਿਕਾਰਡ ਰੂਪ ਵਿੱਚ ਸਰੋਤਿਆਂ ਦੇ ਸਨਮੁੱਖ ਹੋਇਆ। ਰਵਿੰਦਰ ਰੋਜ਼ੀ ਦੀ ਅਾਵਾਜ਼ ਵਿੱਚ ਰਿਲੀਜ਼ ਹੋਏ ‘ਮੈਕਡੋਨਲਡ’ ਨੂੰ ਨਵੀਂ ਪੀੜ੍ਹੀ ਦੇ ਸਰੋਤਿਆਂ ਨੇ ਰੱਜਵਾਂ ਪਿਆਰ ਦਿੱਤਾ। ਉਸ ਤੋਂ ਬਾਅਦ ਗਾਇਕ ਲੱਕੀ ਖਾਨ ਦੇ ਗੀਤ ‘ਝਾਂਜਰ’ ਨੇ ਖੂਬ ਛਣਕਾਟੇ ਪਾਏ। ਜੀਤ ਦੀਆਂ ਪ੍ਰਾਪਤੀਆਂ ਦੀ ਸੂਚੀ ਦਾ ਉਹ ਖੂਬਸੂਰਤ ਦਿਨ ਸੀ ਜਦੋਂ ਉਸ ਦਾ ਲਿਖਿਆ ਤੇ ਯੁਵਰਾਜ ਹੰਸ ਦੀ ਅਾਵਾਜ਼ ਵਿੱਚ ਰਿਕਾਰਡ ਹੋਇਆ ਗੀਤ ‘ਏਨੀ ਸੋਹਣੀ ਕੁੜੀ’ ਮਾਰਕੀਟ ਵਿੱਚ ਆਇਆ ਤਾਂ ਉਸ ਦੀ ਕਲਮ ਨੂੰ ਹੋਰ ਉਤਸ਼ਾਹ ਮਿਲਿਆ। ਇਸ ਤੋਂ ਬਾਅਦ ਉਸ ਨੇ ਨਵਰਾਜ ਹੰਸ ਦੀ ਫਿਲਮ ‘ਪੰਜਾਬੀਆਂ ਦਾ ਕਿੰਗ’ ਲਈ ਲਗਭਗ 4 ਗੀਤ ਲਿਖੇ ਜਿਨ੍ਹਾਂ ਵਿੱਚੋਂ ‘ਪੰਜਾਬੀਆਂ ਦਾ ਕਿੰਗ’, ‘ਕਰੀਨਾ’, ‘ਤੇਰੇ ਨੀਂ ਕਰਾਰਾਂ’ ਤੇ ‘ਟਰਾਲਾ’ ਆਦਿ ਨੇ ਸਿਲਵਰ ਸਕਰੀਨ ’ਤੇ ਧਾਕ ਜਮਾਈ ਰੱਖੀ। ਉਸ ਤੋਂ ਬਾਅਦ ਜੀਤ ਛੱਜਾਵਾਲ ਤੇ ਨਵਰਾਜ ਹੰਸ ਦੀ ਪੱਕੀ ਜੋੜੀ ਬਣ ਗਈ। ਨਵਰਾਜ ਹੰਸ ਦੇ ਗੀਤ ‘‘ਯੈਂਕਣ ਜਿਹੀ ਭਾਲਦਾ’ ਨੂੰ ਵੀ ਰੱਜਵਾਂ ਪਿਆਰ ਮਿਲਿਆ।
ਫਿਰ ਹਰਜੀਤ ਪੰਧੇਰ ਦੀ ਅਾਵਾਜ਼ ਵਿੱਚ ‘31 ਮਾਰਚ’, ਰਵਿੰਦਰ ਰੋਜ਼ੀ ਦੇ ‘ਮੈਕਡੋਨਲਡ’, ਹਰਜਿੰਦਰ ਚੀਮਾ ਦਾ ‘ਬੇਬੇ ਬਾਪੂ’, ਲੱਕੀ ਖਾਨ ਦਾ ‘ਝਾਂਜਰ’ ਤੇ ‘ਮੁੱਛ ਬਰਸਿਜ ਪਫ਼’ ਗੀਤ ਨੂੰ ਭਰਪੂਰ ਹੁੰਗਾਰਾ ਮਿਲਿਆ। ਸੁਖਵਿੰਦਰ ਸੁੱਖੀ ਦੀ ਅਾਵਾਜ਼ ’ਚ ਆਏ ਗੀਤ ‘ਚੰਡੀਗੜ੍ਹ ਕੋਠੀ’ ਨੂੰ ਲੋਹੜੇ ਦਾ ਮਾਣ ਮਿਲਿਆ। ਜੀਤ ਛੱਜਾਵਾਲ ਦਾ ਆਖਣਾ ਹੈ ਕਿ ਗੀਤ ਭਾਵੇਂ ਘੱਟ, ਪਰ ਸਾਫ਼ ਸੁਥਰੇ ਹੋਣੇ ਚਾਹੀਦੇ ਹਨ। ਉਸ ਦੇ ਲਿਖੇ ਗੀਤਾਂ ਅਤੇ ਕਵਿਤਾਵਾਂ ਦੀ ਕਿਤਾਬ ਵੀ ਜਲਦੀ ਹੀ ਪ੍ਰਕਾਸ਼ਿਤ ਹੋ ਰਹੀ ਹੈ। ਜੀਤ ਛੱਜਾਵਾਲ ਸਿੰਗਲ ਟਰੈਕ ਨਾਲੋਂ ਫਿਲਮਾਂ ਲਈ ਗੀਤ ਲਿਖਣਾ ਵਧੇਰੇ ਪਸੰਦ ਕਰਦਾ ਹੈ। ਉਸ ਦਾ ਆਖਣਾ ਹੈ ਕਿ ਮਾਹੌਲ ਮੁਤਾਬਕ ਲਿਖਣ ਦਾ ਅਨੁਭਵ ਕਠਿਨ, ਪਰ ਸੰਵੇਦਨਸ਼ੀਲ ਹੁੰਦਾ ਹੈ।
ਸੰਪਰਕ: 98764-92410