ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵੀਆਂ ਗੁੱਡੀਆਂ ਨਵੇਂ ਪਟੋਲੇ

08:48 AM Oct 01, 2023 IST

ਡਾ. ਪ੍ਰਦੀਪ ਕੌੜਾ

ਮੇਰੀ ਉਮਰ ਦੇ ਬਹੁਤੇ ਮਾਪਿਆਂ ਦੇ ਬੱਚੇ ਤਕਰੀਬਨ ਆਪਣੀਆਂ ਪੜ੍ਹਾਈਆਂ ਪੂਰੀਆਂ ਕਰ ਕੇ ਨੌਕਰੀਆਂ ’ਤੇ ਲੱਗ ਚੁੱਕੇ ਜਾਂ ਨੌਕਰੀਆਂ ਦੀ ਭਾਲ ਕਰ ਰਹੇ ਹੋਣਗੇ। ਮੇਰੀਆਂ ਇਹ ਸਤਰਾਂ ਪੜ੍ਹ ਕੇ ਸ਼ਾਇਦ ਤੁਹਾਡੇ ਮੱਥੇ ’ਤੇ ਤਿਊੜੀਆਂ ਉੱਭਰ ਆਈਆਂ ਹੋਣ। ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਕਿਹੜੇ ਬੱਚਿਆਂ ਦੀ ਪੜ੍ਹਾਈ ਪੂਰੀ ਹੋਣ ਅਤੇ ਨੌਕਰੀਆਂ ’ਤੇ ਲੱਗਣ ਦੀ ਗੱਲ ਕਰ ਰਿਹਾ ਹਾਂ। ਸਾਡੇ ਵਿਚੋਂ ਬਹੁਤਿਆਂ ਦੇ ਬੱਚੇ ਤਾਂ ਸਟੱਡੀ ਵੀਜ਼ੇ ’ਤੇ ਵਿਦੇਸ਼ਾਂ ਵਿਚ ਸੈੱਟ ਹੋ ਚੁੱਕੇ ਹਨ। ਉਨ੍ਹਾਂ ਦੀ ਤਾਂ ਪੀ.ਆਰ. ਵੀ ਹੋ ਚੁੱਕੀ ਹੈ। ਉਂਜ, ਪਰਦੇਸ ਜਾਣ ਦਾ ਰੁਝਾਨ ਕੋਈ ਰਾਤੋ-ਰਾਤ ਤਾਂ ਪੈਦਾ ਨਹੀਂ ਹੋਇਆ। ਖ਼ੈਰ, ਅੱਜਕਲ੍ਹ ਸਾਡੇ ਬੱਚੇ ਪਰਦੇਸਾਂ ਵਿਚ ਪੜ੍ਹਨ ਦੇ ਨਾਂ ’ਤੇ ਉੱਥੇ ਵੱਸਣ ਲਈ ਜਾ ਰਹੇ ਹਨ।
‘ਅਜੋਕੇ ਤਕਨੀਕ ਦੇ ਯੁੱਗ ਵਿਚ ਤੁਸੀਂ ਜਦੋਂ ਮਰਜ਼ੀ ਵੀਡਿਓ ਕਾਲ ਰਾਹੀਂ ਆਹਮੋ-ਸਾਹਮਣੇ ਬੈਠ ਕੇ ਗੱਲ ਕਰ ਲਵੋ, ਹੁਣ ਪਰਦੇਸ, ਪਰਦੇਸ ਕਿੱਥੇ ਰਿਹਾ ਜੀ।’ ਬੱਚੇ ਪਰਦੇਸੀਂ ਭੇਜਣ ਵਾਲੇ ਮਾਪਿਆਂ ਦਾ ਇਹ ਤਰਕ ਅਕਸਰ ਸੁਣਨ ਨੂੰ ਮਿਲਦਾ ਹੈ।
‘‘...ਇਹ ਆਹਮੋ-ਸਾਹਮਣੇ ਬੈਠ ਕੇ ਆਖ਼ਰੀ ਵਾਰ ਗੱਲ ਕਦੋਂ ਹੋਈ ਸੀ?’’ ਮੈਂ ਹੱਸ ਕੇ ਪੁੱਛਦਾ ਹਾਂ।
‘‘ਉੱਥੇ ਆਪਣੇ ਵਰਗੀ ਮੌਜ ਕਿੱਥੇ ਜੀ, ਬੜੀ ਬਿਜ਼ੀ ਲਾਈਫ ਐ। ਨਾਲੇ ਜਦੋਂ ਆਪਾਂ ਸੁੱਤੇ ਹੁੰਦੇ ਆਂ ਉਦੋਂ ਉਹ ਜਾਗਦੇ ਨੇ ਅਤੇ ਜਦੋਂ ਆਪਾਂ ਜਾਗਦੇ ਆਂ ਉਦੋਂ ਉਹ ਸੌਂ ਜਾਂਦੇ ਨੇ। ਕਿਸੇ ਵੇਲੇ ਫੋਨ ਲਾਈਏ, ਸੁਣਨ ਨੂੰ ਤਾਂ ਇਹੀ ਮਿਲਦੈ... ਕੰਮ ਵਿਚ ਬਿਜ਼ੀ ਆਂ, ਵਿਹਲਾ ਹੋ ਕੇ ਫੋਨ ਕਰਾਂਗਾ। ਚਲੋ ਭਾਈ, ਮੌਜ ਕਰਨ ਆਪਣੀ...’’ ਕਹਿ ਕੇ ਮਾਤਾ ਹਟਕੋਰਾ ਲੈਂਦੀ ਹੈ।
ਕੁਝ ਦਨਿ ਪਹਿਲਾਂ ਇਕ ਦੋਸਤ ਦੇ ਘਰ ਜਾਣ ਦਾ ਸਬੱਬ ਬਣਿਆ। ਜਿਉਂ ਹੀ ਅਸੀਂ ਪਤੀ ਪਤਨੀ, ਦੋਸਤ ਦੇ ਘਰ ਪਹੁੰਚੇ ਤਾਂ ਨਿੱਘਾ ਸਵਾਗਤ ਕਰਨ ਤੋਂ ਬਾਅਦ ਦੋਸਤ ਦੀ ਪਤਨੀ ਚਿਰਾਂ ਬਾਅਦ ਆਉਣ ਦੇ ਉਲਾਂਭੇ ਦਿੰਦਿਆਂ ਚਾਹ-ਪਾਣੀ ਦਾ ਪ੍ਰਬੰਧ ਕਰਨ ਲੱਗੀ।
‘‘ਸੱਚ ਵਧਾਈਆਂ ਭਾਬੀ ਜੀ!! ਤੁਹਾਡੇ ਨਾਲ ਗੱਲ ਨਹੀਂ ਹੋਈ, ਵਿੱਕੀ ਨੇ ਤਾਂ ਕਮਾਲ ਕਰਤੀ, 10 2 ’ਚੋਂ 94 ਫ਼ੀਸਦੀ ਅੰਕ ਲੈਣਾ... ਉਹ ਵੀ ਨਾਨ-ਮੈਡੀਕਲ ’ਚੋਂ, ਮਾਅਨੇ ਰੱਖਦਾ ਐ। ...ਵਿੱਕੀ ਨਹੀਂ ਦਿਸਦਾ?’’ ਮੈਂ ਸੁਭਾਵਿਕ ਪੁੱਛਿਆ। ਮੇਰੀ ਗੱਲ ਸੁਣ ਕੇ ਸਾਹਮਣੇ ਸੋਫੇ ’ਤੇ ਬੈਠੀ ਦੋਸਤ ਦੀ ਪਤਨੀ ਅਚਾਨਕ ਗੰਭੀਰ ਹੋ ਗਈ। ਇਕ ਵਾਰ ਤਾਂ ਮੈਨੂੰ ਲੱਗਿਆ ਕਿ ਮੈਂ ਸ਼ਾਇਦ ਕੁਝ ਗ਼ਲਤ ਤਾਂ ਨਹੀਂ ਆਖ ਦਿੱਤਾ... ਪਰ ਮੈਂ ਤਾਂ ਨਾਰਾਜ਼ ਹੋਣ ਵਾਲਾ ਕੁਝ ਵੀ ਨਹੀਂ ਕਿਹਾ। ਮੈਂ ਅਜੇ ਇਸ ਸ਼ਸ਼ੋਪੰਜ ਵਿਚ ਹੀ ਸੀ ਕਿ ਉਹ ਬੋਲੀ, ‘‘ਜੀ ਵਿੱਕੀ ਆਉਣ ਹੀ ਵਾਲਾ ਹੈ, ਤੁਸੀਂ ਭਾਈ ਸਾਹਬ ਨੂੰ ਪਹਿਲਾਂ ਸਮਝਾ ਹੀ ਦਿਓ।’’
ਮੈਂ ਆਪਣੇ ਦੋਸਤ ਵੱਲ ਵੇਖਣ ਲੱਗਿਆ। ‘‘ਪ੍ਰਦੀਪ ਯਾਰ, ਗੱਲ ਤਾਂ ਕੋਈ ਖ਼ਾਸ ਨਹੀਂ। ਬੱਸ ਆਹੀ ਸੀ ਕਿ ਜਵਿੇਂ ਤੂੰ ਕਿਹਾ ਵਿੱਕੀ ਦੇ ਨੰਬਰ ਵਧੀਆ ਆਏ ਨੇ, ਇਸੇ ਤਰ੍ਹਾਂ ਪਿਛਲੇ ਹਫ਼ਤੇ ਪ੍ਰਮੋਦ ਆਇਆ ਸੀ ...ਪਤਾ ਨਹੀਂ ਵਿੱਕੀ ਨੂੰ ਕੀ-ਕੀ ਸਮਝਾ ਗਿਆ, ਕਹਿੰਦਾ... ਚੁੱਪ ਕਰਕੇ ਸਿੰਪਲ ਬੀ.ਐੱਸ-ਸੀ. ਵਿਚ ਦਾਖਲ ਹੋ ਜਾ। ਤੇਰੇ ਨੰਬਰ ਵਧੀਆ ਨੇ, ਨੰਬਰ ਨਾ ਘਟਣ ਦੇਈਂ... ਤਿੰਨ ਸਾਲ ਬਾਅਦ ਵੇਖਾਂਗੇ, ਕਿਹੜੀ ਐੱਮ.ਐੱਸ-ਸੀ. ਕਰਨੀ ਐ... ਯੂ.ਪੀ.ਐੱਸ.ਸੀ ਦੀ ਤਿਆਰੀ ਜਾਂ ਨੈੱਟ, ਪੀ-ਐੱਚ.ਡੀ. ਕਰਲਾਂਗੇ... ਫਿਰ ਵੇਖੀਂ ਮੌਜਾਂ...।’’ ਕਹਿੰਦਾ-ਕਹਿੰਦਾ ਮੇਰਾ ਦੋਸਤ ਰੋਣਹਾਕਾ ਹੋ ਗਿਆ।
‘‘...ਤੇ ਹੋਰ ਵੀਰ ਜੀ! ਵਿੱਕੀ ਤਾਂ ਪਹਿਲਾਂ ਹੀ ਨਹੀਂ ਸੀ ਮਾਣ... ਅਖੇ, ਮੈਂ ਨਹੀਂ ਜਾਣਾ ਕਨੇਡਾ-ਕਨੂਡਾ, ਐਥੇ ਰਹਿ ਕੇ ਪੜ੍ਹਾਂਗਾ... ਮਸਾਂ ਵਰਾ ਕੇ ਆਇਲਟਸ ਦੀਆਂ ਕਲਾਸਾਂ ਲਾਉਣ ਭੇਜਿਆ...।’’ ‘‘ਤਾਂ ਹੀ ਭਰਾਵਾ ਤੇਰੀ ਭਰਜਾਈ ਡਰੀ ਹੋਈ ਐ। ਬਈ ਕਿਤੇ ਤੂੰ ਵੀ ਜੁਆਕ ਦੇ ਪੁੱਠਾ ਟੀਕਾ ਨਾ ਲਾ ਦੇਵੇਂ। ਆਉਣ ਹੀ ਵਾਲਾ ਵਿੱਕੀ...।’’
‘‘ਕੀ ਸੋਚਿਆ, ਉੱਥੇ ਭੇਜ ਕੇ ਕਿਹੜੇ ਕੋਰਸ ਵਿਚ ਦਾਖਲ ਕਰਵਾਉਣਾ ਏ?’’ ਮੈਂ ਪੁੱਛਿਆ।
‘‘ਜਿਹੜੇ ਮਰਜ਼ੀ ’ਚ ਦਾਖਲਾ ਮਿਲ ਜਾਏ ਵੀਰ ਜੀ, ਆਪਾਂ ਤਾਂ ਬੱਸ ਮੁੰਡਾ ਬਾਹਰ ਭੇਜਣਾ। ਨਾਲੇ ਹੁਣ ਤਾਂ ਸੁਣਿਆ ਬਈ ਵਰਕ-ਟੈਮ ਵੀ ਵਧਾਤਾ।’’
‘‘ਖ਼ੈਰ, ਸੰਦੀਪ ਯਾਰ! ਪ੍ਰਮੋਦ ਨੇ ਗੱਲ ਤਾਂ ਠੀਕ ਕਹੀ ਸੀ, ਐਥੇ ਵੀ ਵਿੱਕੀ ਦਾ ਭਵਿੱਖ ਬਹੁਤ ਸ਼ਾਨਦਾਰ ਐ। ਤੈਨੂੰ ਯਾਦ ਐ ਜਦੋਂ ਆਪਾਂ ਦੋਵਾਂ ਨੇ 10 2 ਪਾਸ ਕੀਤੀ ਸੀ ਤਾਂ ਪਿੰਡ ਸਾਡੀ ਬੈਠਕ ਵਿਚ ਮਾਸਟਰ ਕਰਨੈਲ ਸਿੰਘ ਜੀ ਆਪਾਂ ਨੂੰ ਕਿੰਨਾ ਕੁਝ ਦੱਸ ਕੇ ਗਏ ਸੀ ਕਿ ਕਿਹੜੇ ਵਿਸ਼ੇ ਲਈਏ। ਜਾਂਦੇ ਹੋਏ ਅਸ਼ੀਰਵਾਦ ਦਿੰਦੇ ਕਹਿ ਕੇ ਗਏ ਸੀ, ‘ਬੀ.ਏ. ਕਰਨ ਸਾਰ ਪਹਿਲਾਂ ਬੀ.ਐੱਡ. ਕਰਕੇ ਨੌਕਰੀ ਲਈ ਯੋਗਤਾ ਬਣਾਇਓ ਮੁੰਡਿਓ! ਸਾਰੀ ਉਮਰ ਮੌਜ ਕਰੋਗੇ ਮਾਸਟਰ ਲੱਗਕੇ...’। ਹੁਣ ਵੇਖ ਲੈ, ਤੁਸੀਂ ਅਤੇ ਅਸੀਂ ਦੋਵੇਂ ਜੀਅ ਮਾਸਟਰ ਲੱਗੇ ਆਂ ਤੇ ਮੌਜ ਕਰਦੇ ਆਂ। ਆਪਣਾ ਤਾਂ ਬਾਈ ਇੱਥੇ ਕਨੇਡਾ ਐ।’’
‘‘ਨਾ ਨਾ... ਵੀਰ ਜੀ, ਐਹੋ ਜੀ ਗੱਲ ਵਿੱਕੀ ਸਾਹਮਣੇ ਤਾਂ ਜਮ੍ਹਾਂ ਨਾ ਕਰਿਓ। ਨਾਲੇ ਆਪਣੇ ਦੇਸ ’ਚ ਹੀ ਫ਼ਰਕ ਐ, ਬਾਹਰਲੇ ਮੁਲਕਾਂ ਵਿਚ ਕਿਸੇ ਕੰਮ ਨੂੰ ਵੱਡਾ ਛੋਟਾ ਨਹੀਂ ਸਮਝਦੇ। ...ਪ੍ਰਮੋਦ ਸਰ ਨੂੰ ਵਿਚਾਰਿਆਂ ਨੂੰ ਕੀ ਪਤਾ?’’ ਦੋਸਤ ਦੀ ਪਤਨੀ ਦੀ ਆਵਾਜ਼ ਵਿਚ ਜੋਸ਼ ਅਤੇ ਪ੍ਰਮੋਦ ਪ੍ਰਤੀ ਸ਼ਿਕਵਾ ਸੀ।
‘‘ਚੰਗਾ ਸੰਦੀਪ, ਚੱਲਦੇ ਆਂ।’’ ਸਾਹਮਣੇ ਪਏ ਕੱਪ ਵਿਚ ਪਈ ਅੱਧੀ ਤੋਂ ਵੱਧ ਚਾਹ ਨੂੰ ਮੈਂ ਇਕ ਘੁੱਟ ਵਿਚ ਪੀ ਕੇ ਸੋਫੇ ਤੋਂ ਉੱਠ ਖੜੋਤਾ।
‘‘ਮੈਂ ਤਾਂ ਕਹਿੰਦੀ ਸੀ, ਰੋਟੀ ਖਾ ਕੇ ਜਾਂਦੇ... ਦੋਸਤ ਦੀ ਪਤਨੀ ਦੀ ਆਵਾਜ਼ ਵਿਚ ਵਿਸ਼ਵਾਸ ਸੀ ਕਿ ਹੁਣ ਜੇਕਰ ਵਿੱਕੀ ਆ ਵੀ ਗਿਆ ਤਾਂ ਕੋਈ ਖ਼ਤਰਾ ਨਹੀਂ।
‘‘ਨਹੀਂ ਭਾਬੀ ਜੀ, ਫੇਰ ਕਦੇ ਸਹੀ। ਨਾਲੇ ਤੁਸੀਂ ਸਾਡੇ ਘਰ ਆਇਓ...’’ ਕਹਿੰਦਿਆਂ ਮੈਂ ਕਾਰ ਵਿਚ ਬੈਠ ਗਿਆ।
‘ਕਦੇ ਸਮਾਂ ਸੀ ਬੱਚਿਆਂ ਦੇ 10 2 ਕਰਨ ਤੋਂ ਬਾਅਦ ਮਾਪਿਆਂ ਲਈ ਬੱਚੇ ਦੀ ‘ਪ੍ਰਾਪਤੀ’ ਦਾ ਪੈਮਾਨਾ ਇਹ ਸੀ ਕਿ ਕੀ ਪੜ੍ਹੇਗਾ, ਕਿਹੜਾ ਕੋਰਸ ਕਰੇਗਾ, ਕਿਹੜੀ ਨੌਕਰੀ ਮਿਲੇਗੀ? ਅਤੇ ਅੱਜਕੱਲ੍ਹ ਸਿਰਫ਼ ਬਾਹਰਲੇ ਮੁਲਕ ਜਾਣ ਨੂੰ ਹੀ ਪ੍ਰਾਪਤੀ ਸਮਝ ਲਿਆ ਹੈ।’ ਮੈਂ ਆਪਣੇ ਹੀ ਵਿਚਾਰਾਂ ਦੇ ਮੱਕੜਜਾਲ ਵਿਚ ਉਲਝਿਆਾ ਹੋਇਆ ਸੀ।
‘‘...ਪ੍ਰਮੋਦ ਸਰ ਨੂੰ ਵਿਚਾਰਿਆਂ ਨੂੰ ਕੀ ਪਤਾ...? ਪ੍ਰਦੀਪ ਸਰ ਨੂੰ ਵਿਚਾਰਿਆਂ ਨੂੰ ਕੀ ਪਤਾ...?’’ ਭਾਬੀ ਦੇ ਜੋਸ਼ ਭਰੇ ਬੋਲ ਮੇਰਾ ਪਿੱਛਾ ਕਰ ਰਹੇ ਸੀ।

Advertisement

ਸੰਪਰਕ: 98156-64444

Advertisement
Advertisement