ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ-ਅਮਰੀਕੀ ਰਿਸ਼ਤਿਆਂ ਦੀ ਨਵੀਂ ਦਿਸ਼ਾ

06:59 PM Jun 29, 2023 IST

ਜੀ ਪਾਰਥਾਸਾਰਥੀ

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਅਮਰੀਕੀ ਫੇਰੀ ਦੀ ਸ਼ੁਰੂਆਤ ਕਲਪਨਾਸ਼ੀਲ ਢੰਗ ਨਾਲ ਕੀਤੀ ਸੀ। ਉਨ੍ਹਾਂ ਫੇਰੀ ਦੀ ਸ਼ੁਰੂਆਤ ਨਿਊ ਯਾਰਕ ਤੋਂ ਕੀਤੀ ਅਤੇ ਉੱਥੇ ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਵਿਚ ਖੁਦ ਯੋਗ ਅਭਿਆਸ ਕੀਤਾ। ਅਮਰੀਕਾ ਵਿਚ ਯੋਗ ਅਭਿਆਸ ਕਰਨ ਵਾਲੇ ਲੋਕਾਂ ਦੀ ਸੰਖਿਆ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਗੱਲ ਸਪੱਸ਼ਟ ਹੈ ਕਿ ਮੋਦੀ ਇਸ ਪ੍ਰਾਚੀਨ ਭਾਰਤੀ ਵਿਧਾ ਵੱਲ ਕੌਮਾਂਤਰੀ ਧਿਆਨ ਦਿਵਾਉਣ ਲਈ ਦ੍ਰਿੜ ਸੰਕਲਪ ਹਨ ਜੋ ਹੁਣ ਭਾਰਤ ਦੀਆਂ ਹੱਦਾਂ ਤੋਂ ਦੂਰ ਦੂਰ ਤੱਕ ਲੋਕਪ੍ਰਿਆ ਹੋ ਰਹੀ ਹੈ। ਇਸ ਤੋਂ ਬਾਅਦ ਵਾਸ਼ਿੰਗਟਨ ਫੇਰੀ ਮੌਕੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨ੍ਹਾਂ ਦੀ ਪਤਨੀ ਵਲੋਂ ਨਿੱਜੀ ਤੌਰ ‘ਤੇ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹਾਜ਼ਰ ਲੋਕਾਂ ਵਿਚ ਪਰਵਾਸੀ ਭਾਰਤੀ ਭਾਈਚਾਰੇ ਦੇ ਮੈਂਬਰ ਵੀ ਸਨ। ਰਸਮੀ ਆਓ-ਭਗਤ ਤੋਂ ਬਾਅਦ ਵਾਸ਼ਿੰਗਟਨ ਵਿਚ ਆਲਮੀ ਅਤੇ ਦੁਵੱਲੇ ਮੁੱਦਿਆਂ ਬਾਰੇ ਲੰਮੀ ਚੌੜੀ ਵਿਚਾਰ ਚਰਚਾ ਹੋਈ। ਦੋਵਾਂ ਧਿਰਾਂ ਅਜਿਹੇ ਮੁੱਦਿਆਂ ਨੂੰ ਅਹਿਮੀਅਤ ਦੇਣ ਲਈ ਸਹਿਮਤ ਹੋਈਆਂ ਜਿਨ੍ਹਾਂ ਨਾਲ ਭਾਰਤ ਵਿਚ ਆਰਥਿਕ ਵਿਕਾਸ ਨੂੰ ਨਵਾਂ ਹੁਲਾਰਾ ਮਿਲਣ ਦੀ ਆਸ ਹੈ। ਵਾਸ਼ਿੰਗਟਨ ਵਿਚ ਮੋਦੀ ਨੂੰ ਬਹੁਤ ਸਾਰੇ ਪ੍ਰਮੁੱਖ ਅਮਰੀਕੀ ਕਾਰੋਬਾਰੀ ਮਿਲੇ ਜਿਨ੍ਹਾਂ ਵਿਚ ਸਪੇਸ ਐਕਸ ਤੇ ਟਵਿੱਟਰ ਦੇ ਮੁਖੀ ਐਲਨ ਮਸਕ ਤੋਂ ਲੈ ਕੇ ਗੂਗਲ ਦੇ ਚੀਫ ਐਗਜ਼ੈਕਟਿਵ ਸੁੰਦਰ ਪਿਚਾਈ ਜਿਹੇ ਕਾਰੋਬਾਰੀ ਸ਼ਾਮਲ ਸਨ।

ਭਾਰਤ ਦਾ ਧਿਆਨ ਕਈ ਸਨਅਤੀ ਅਤੇ ਵਿੱਤੀ ਪ੍ਰਾਜੈਕਟਾਂ ਵਿਚ ਅਮਰੀਕੀ ਨਿਵੇਸ਼ ਕਰਵਾਉਣ ‘ਤੇ ਕੇਂਦਰਤ ਰਿਹਾ। ਰਾਕੇਟ ਬਣਾਉਣ ਵਾਲੀ ਕੰਪਨੀ ਸਪੇਸ ਐਕਸ ਅਤੇ ਟੈਸਲਾ ਦੇ ਮੁਖੀ ਮਸਕ ਤੋਂ ਲੈ ਕੇ ਗੂਗਲ ਦੇ ਸੁੰਦਰ ਪਿਚਾਈ ਤੱਕ ਕਈ ਮੁੱਖ ਅਮਰੀਕੀ ਕਾਰੋਬਾਰੀਆਂ ਨਾਲ ਮੋਦੀ ਦੀਆਂ ਮੁਲਾਕਾਤਾਂ ਵਿਚ ਵੀ ਇਹ ਮੁੱਦਾ ਉਠਿਆ ਸੀ। ਮਸਕ ਦੇ ਕੁੱਲ ਅਸਾਸੇ 237 ਅਰਬ ਡਾਲਰ ਦੇ ਹਨ। ਉਂਝ, ਹੁਣ ਤੱਕ ਜੋ ਸਭ ਤੋਂ ਅਹਿਮ ਸਮਝੌਤਾ ਤੈਅ ਹੋਇਆ ਹੈ, ਉਹ ਹੈ ਭਾਰਤ ਵਿਚ ਸੈਮੀ ਕੰਡਕਟਰ ਤਿਆਰ ਕਰਨ ਲਈ ਸਪਲਾਈ ਚੇਨ ਸਥਾਪਤ ਕਰਨਾ। ਸੈਮੀ ਕੰਡਕਟਰ ਹੁਣ ਲਗਭਗ ਸਾਰੀ ਸੂਖਮ ਮਸ਼ੀਨਰੀ ਅਤੇ ਨਿਰਮਾਣ ਕਾਰਜਾਂ ਦਾ ਅਟੁੱਟ ਅੰਗ ਬਣ ਗਿਆ ਹੈ। ਇਸ ਸਬੰਧ ਵਿਚ ਅਮਰੀਕੀ ਕੰਪਨੀ ਮਾਈਕ੍ਰੋਨ ਟੈਕਨਾਲੋਜੀ ਇਨਕਾਰਪ ਵਲੋਂ ਪੰਜ ਸਾਲਾਂ ਵਿਚ 82.5 ਕਰੋੜ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ। ਇਹ ਪ੍ਰਾਜੈਕਟ ਮੁਕੰਮਲ ਹੋਣ ਨਾਲ 20000 ਰੁਜ਼ਗਾਰ ਅਵਸਰ ਪੈਦਾ ਹੋਣਗੇ ਅਤੇ ਇਸ ਨਾਲ ਭਾਰਤ ਵਿਚ ਸਨਅਤੀ ਪੈਦਾਵਾਰ ਵਿਚ ਕ੍ਰਾਂਤੀ ਆ ਜਾਵੇਗੀ। ਇਸ ਦੇ ਨਾਲ 60000 ਭਾਰਤੀ ਇੰਜਨੀਅਰਾਂ ਨੂੰ ਸੈਮੀ ਕੰਡਕਟਰ ਪ੍ਰਕਿਰਿਆ ਵਿਚ ਸ਼ਾਮਲ ਕਰਨ ਲਈ ਵੀ ਸਹਿਮਤੀ ਹੋ ਗਈ ਹੈ। ਇਸ ਤੋਂ ਇਲਾਵਾ ਮਸਨੂਈ ਬੌਧਿਕਤਾ ਤੋਂ ਲੈ ਕੇ ਸਵੱਛ ਊਰਜਾ ਅਤੇ ਦੂਰ ਸੰਚਾਰ ਜਿਹੇ ਖੇਤਰਾਂ ਵਿਚ ਅਮਰੀਕਾ ਨਾਲ ਸਹਿਯੋਗ ਵਧਾਉਣ ਬਾਰੇ ਸੋਚ ਵਿਚਾਰ ਕੀਤੀ ਜਾ ਰਹੀ ਹੈ।

Advertisement

ਅਮਰੀਕਾ ਹੁਣ ਭਾਰਤ ਨਾਲ ਰੱਖਿਆ ਸਹਿਯੋਗ ਵਧਾਉਣ ਲਈ ਵੀ ਰਾਜ਼ੀ ਹੋ ਗਿਆ ਹੈ। ਹੌਲੀ ਹੌਲੀ ਭਾਰਤ ਵਿਚ ਨਿਰਮਿਤ ਹੋਣ ਵਾਲੇ ਹਲਕੇ ਲੜਾਕੂ ਜਹਾਜ਼ (ਐਲਸੀਏ) ਜੀਈ 414 ਦੇ ਇੰਜਣ ਅਮਰੀਕਾ ਵਲੋਂ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਉਚਾਈ ਤੇ ਉਡਣ ਵਾਲੇ 31 ਐਮਕਿਊ 9ਬੀ ਐਡਵਾਂਸਡ ਡਰੋਨ ਵੀ ਭਾਰਤ ਵਿਚ ਅਸੈਂਬਲ ਕੀਤੇ ਜਾਣਗੇ ਜਿਸ ਨਾਲ ਭਾਰਤ ਦੀਆਂ ਦੂਰ ਦਰਾਜ਼ ਤੱਕ ਸੂਹੀਆ ਸਮੱਰਥਾਵਾਂ ਵਿਚ ਵਾਧਾ ਹੋਵੇਗਾ। ਮੋਦੀ ਦੀ ਅਮਰੀਕੀ ਫੇਰੀ ਨਾਲ ਹੁਣ ਚੀਨ ਵਲੋਂ ਦਰਪੇਸ਼ ਕੂਟਨੀਤਕ ਅਤੇ ਸੁਰੱਖਿਆ ਚੁਣੌਤੀਆਂ ਨਾਲ ਸਿੱਝਣ ਲਈ ਭਾਰਤ ਦਾ ਪਿੜ ਤਿਆਰ ਹੋ ਗਿਆ ਹੈ। ਭਾਰਤ ਲਦਾਖ ਦੇ ਤਵਾਂਗ ਖੇਤਰ ਵਿਚ ਚੀਨ ਦੀ ਘੁਸਪੈਠ ਕਰ ਕੇ ਪੈਦਾ ਹੋਏ ਤਣਾਅ ਨੂੰ ਅਸਾਨੀ ਨਾਲ ਨਹੀਂ ਭੁਲਾ ਸਕਦਾ। ਆਖ਼ਰਕਾਰ ਭਾਰਤ ਵਲੋਂ ਜਵਾਬੀ ਕਾਰਵਾਈ ਤੋਂ ਬਾਅਦ ਚੀਨੀ ਦਸਤੇ ਪਿਛਾਂਹ ਹਟੇ ਸਨ। ਭਾਰਤ ਦੇ ਸਰਹੱਦੀ ਅਤੇ ਸਮੁੰਦਰੀ ਖੇਤਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਦੂਰਵਰਤੀ ਸੂਹੀਆ ਸਹੂਲਤਾਂ ਅਤੇ ਅਲੱਗ ਅਲੱਗ ਕਿਸਮ ਦੇ ਡਰੋਨਾਂ ਦੀ ਕਾਫ਼ੀ ਅਹਿਮੀਅਤ ਹੈ।

ਭਾਰਤ ਨੇ ਯੂਕਰੇਨ ਦੇ ਸਵਾਲ ‘ਤੇ ਰੂਸ ਵੱਲ ਉਂਗਲ ਨਾ ਕਰਨ ਦੀ ਆਪਣੀ ਪੁਜ਼ੀਸ਼ਨ ਬਰਕਰਾਰ ਰੱਖੀ ਹੈ ਅਤੇ ਅਮਰੀਕਾ ਹੁਣ ਇਸ ਪੁਜ਼ੀਸ਼ਨ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਂਝ, ਹੁਣ ਅਮਰੀਕਾ ਅਤੇ ਭਾਰਤ ਹੁਣ ਕੁਆਡ ਵਿਚ ਨੇੜਿਓਂ ਸਹਿਯੋਗ ਕਰਨ ਲਈ ਜ਼ਿਆਦਾ ਗੰਭੀਰਤਾ ਹੋ ਸਕਦੇ ਹਨ ਜਿਸ ਨਾਲ ਹਿੰਦ ਪ੍ਰਸ਼ਾਂਤ ਖਿੱਤੇ ਦੀ ਸੁਰੱਖਿਆ ਯਕੀਨੀ ਬਣ ਸਕੇਗੀ। ਚੀਨ ਸਣੇ ਕਿਸੇ ਵੀ ਮੁਲਕ ਦੇ ਮਨ ਵਿਚ ਇਸ ਬਾਰੇ ਕੋਈ ਸ਼ੱਕ ਸ਼ੁਬਹਾ ਨਹੀਂ ਹੈ ਕਿ ਇਹ ਗਰੁੱਪ ਭਾਰਤ ਦੇ ਪੂਰਬੀ ਆਂਢ-ਗੁਆਂਢ ਦੇ ਮੁਲਕਾਂ ਦੀ ਸਲਾਮਤੀ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ। ਭਾਰਤ ਨੇ ਵਿਵਾਦਤ ਸਰਹੱਦੀ ਤੇ ਸਮੁੰਦਰੀ ਖੇਤਰਾਂ ਵਿਚ ਚੀਨ ਦੀ ਘੁਸਪੈਠ ਦਾ ਟਾਕਰਾ ਕਰਨ ਲਈ ਵੀਅਤਨਾਮ ਅਤੇ ਫਿਲਪੀਨਜ਼ ਨੂੰ ਬ੍ਰਹਮੋਸ ਮਿਜ਼ਾਈਲਾਂ ਮੁਹੱਈਆ ਕਰਵਾਈਆਂ ਹਨ। ਇਸ ਤੋਂ ਇਲਾਵਾ ਅਮਰੀਕਾ ਅਤੇ ਭਾਰਤ ਨੇ ਤੇਲ ਸਰੋਤਾਂ ਨਾਲ ਭਰਪੂਰ ਫਾਰਸ ਦੀ ਖਾੜੀ ਅੰਦਰ ਸੁਰੱਖਿਆ ਯਕੀਨੀ ਬਣਾਉਣ ਅਤੇ ਆਪਸੀ ਸਹਿਯੋਗ ਵਧਾਉਣ ਲਈ ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਈਲ ਨਾਲ ਵੀ ਹੱਥ ਮਿਲਾ ਲਏ ਹਨ। ਅਮਰੀਕਾ ਅਤੇ ਭਾਰਤ ਹਿੰਦ ਮਹਾਸਾਗਰ ਵਿਚ ਚੀਨ ਦੀ ਵਧ ਰਹੀ ਜਲ ਸੈਨਾ ਦੀ ਮੌਜੂਦਗੀ ਨੂੰ ਲੈ ਕੇ ਸਰੋਕਾਰ ਉਠਾਏ ਸਨ। ਸ੍ਰੀਲੰਕਾ ਦੀ ਹੰਬਨਟੋਟਾ ਬੰਦਰਗਾਹ, ਪਾਕਿਸਤਾਨ ਦੀ ਗਵਾਦਰ ਬੰਦਰਗਾਹ ‘ਤੇ ਵੀ ਚੀਨ ਦੀ ਮੌਜੂਦਗੀ ਵਧ ਰਹੀ ਹੈ ਅਤੇ ਇਸ ਦਾ ਸਹਾਇਕ ਅੱਡਾ ਜਿਬੂਟੀ ਵਿਚ 59 ਕਰੋੜ ਡਾਲਰ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਅਮਰੀਕਾ ਤੇ ਭਾਰਤ ਵਲੋਂ ਖਾੜੀ ਖੇਤਰ ਦੀ ਸ਼ਾਂਤੀਅਤੇ ਸਥਿਰਤਾ ਲਈ ਯੂਏਈ ਅਤੇ ਇਜ਼ਰਾਈਲ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕੀ ਫੇਰੀ ਅਜਿਹਾ ਪਹਿਲਾ ਮੌਕਾ ਹੈ ਜਦੋਂ ਭਾਰਤ ਅਤੇ ਅਮਰੀਕਾ ਨੇ ਨਾ ਕੇਵਲ ਕੌਮਾਂਤਰੀ ਦਹਿਸ਼ਤਵਾਦ ਦੀ ਨਿਖੇਧੀ ਕੀਤੀ ਹੈ ਸਗੋਂ ਮੋਢੇ ਨਾਲ ਮੋਢਾ ਜੋੜ ਕੇ ਇਸ ਦੀ ਹਰ ਸੂਰਤ ਦਾ ਟਾਕਰਾ ਕਰਨ ਦਾ ਅਹਿਦ ਕੀਤਾ ਹੈ। ਸਾਂਝੇ ਬਿਆਨ ਵਿਚ ਦੋਵੇਂ ਆਗੂਆਂ ਨੇ ਸਰਹੱਦ ਪਾਰ ਦਹਿਸ਼ਤਪਸੰਦੀ ਅਤੇ ਪਾਕਿਸਤਾਨ ਵਲੋਂ ਲੁਕਵੇਂ ਰੂਪ ਵਿਚ ਦਹਿਸ਼ਤਪਸੰਦਾਂ ਦੀ ਕੀਤੀ ਜਾਂਦੀ ਵਰਤੋਂ ਦੀ ਸਾਫ਼ ਤੌਰ ‘ਤੇ ਸਖ਼ਤ ਨਿਖੇਧੀ ਕੀਤੀ ਹੈ। ਅਮਰੀਕਾ ਅਤੇ ਭਾਰਤ ਨੇ ਮੰਗ ਕੀਤੀ ਹੈ ਕਿ ਪਾਕਿਸਤਾਨ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਜਿਹੇ ਸੰਯੁਕਤ ਰਾਸ਼ਟਰ ਵਲੋਂ ਪਾਬੰਦੀਸ਼ੁਦਾ ਦਹਿਸ਼ਤਗਰਦ ਗਰੁਪਾਂ ਖਿਲਾਫ਼ ਕਾਰਵਾਈ ਕਰੇ। ਉਨ੍ਹਾਂ ਪਾਕਿਸਤਾਨ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਹੈ ਕਿ ਉਸ ਦੇ ਕੰਟਰੋਲ ਹੇਠਲੀ ਜ਼ਮੀਨ ਦੇ ਕਿਸੇ ਵੀ ਹਿੱਸੇ ਨੂੰ ਦਹਿਸ਼ਤਗਰਦ ਹਮਲੇ ਕਰਨ ਲਈ ਵਰਤੋਂ ਨਾ ਕਰਨ ਦਿੱਤੀ ਜਾਵੇ। ਪਾਕਿਸਤਾਨ ਨੇ ਭਾਰਤ ਅਤੇ ਅਮਰੀਕਾ ਦੇ ਇਸ ਸਾਂਝੇ ਬਿਆਨ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਇਸ ਬਿਆਨ ਨੂੰ ਬੇਲੋੜਾ, ਇਕਤਰਫ਼ਾ ਅਤੇ ਗੁਮਰਾਹਕੁਨ ਕਰਾਰ ਦਿੱਤਾ ਹੈ। ਤਰਜਮਾਨ ਨੇ ਆਖਿਆ ਕਿ ਬਿਆਨ ਵਿਚ ਇਸਲਾਮਾਬਾਦ ਦੇ ਸੰਬੰਧ ਵਿਚ ਕੀਤੀਆਂ ਟੀਕਾ ਟਿੱਪਣੀਆਂ ਕੂਟਨੀਤਕ ਨੇਮਾਂ ਦੇ ਉਲਟ ਹਨ।

ਭਾਰਤ ਅਤੇ ਅਮਰੀਕਾ ਦੇ ਇਸ ਸਾਂਝੇ ਬਿਆਨ ਵਿਚ ਦੋਵੇਂ ਆਗੂਆਂ ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਅਤੇ ਦਹਿਸ਼ਤਗਰਦਾਂ ਦੀ ਲੁਕਵੇਂ ਰੂਪ ਵਿਚ ਕੀਤੀ ਜਾਂਦੀ ਵਰਤੋਂ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਪਾਕਿਸਤਾਨ ਨੂੰ ਆਖਿਆ ਕਿ ਉਹ ਇਹ ਯਕੀਨੀ ਬਣਾਵੇ ਕਿ ਇਸ ਦੇ ਕੰਟਰੋਲ ਹੇਠਲੇ ਕਿਸੇ ਵੀ ਇਲਾਕੇ ਦੀ ਵਰਤੋਂ ਦਹਿਸ਼ਤਗਰਦ ਹਮਲੇ ਵਿੱਢਣ ਲਈ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਸਾਊਦੀ ਅਰਬ ਵਿਚ ਭਾਰਤ ਅਤੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦਰਮਿਆਨ ਬੇਮਿਸਾਲ ਮੁਲਾਕਾਤ ਵੀ ਹੋਈ ਸੀ ਜਿਸ ਵਿਚ ਸਾਊਦੀ ਅਰਬ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ ਸੀ। ਹਾਲਾਂਕਿ ਭਾਰਤ ਵਲੋਂ ਇਸ ਮੁਲਾਕਾਤ ਬਾਰੇ ਚੁੱਪ ਵੱਟੀ ਹੋਈ ਹੈ ਪਰ ਦੱਸਿਆ ਜਾਂਦਾ ਹੈ ਕਿ ਇਸ ਵਿਚ ”ਬੁਨਿਆਦੀ ਢਾਂਚੇ ਦੀਆਂ ਖੇਤਰੀ ਪਹਿਲਕਦਮੀਆਂ” ਬਾਰੇ ਵਿਚਾਰ ਚਰਚਾ ਕੀਤੀ ਗਈ ਸੀ। ਵ੍ਹਾਈਟ ਹਾਊਸ ਵਲੋਂ ਐਲਾਨ ਕੀਤਾ ਗਿਆ ਸੀ ਕਿ ਮੀਟਿੰਗ ਵਿਚ ”ਮੱਧ ਪੂਰਬ ਖਿੱਤੇ ਨੂੰ ਭਾਰਤ ਅਤੇ ਬਾਕੀ ਦੁਨੀਆ ਨਾਲ ਜੋੜਨ ਅਤੇ ਇਸ ਨੂੰ ਵਧੇਰੇ ਸੁਰੱਖਿਅਤ ਤੇ ਖੁਸ਼ਹਾਲ ਬਣਾਉਣ ਦਾ ਸੰਕਲਪ ਪੇਸ਼ ਕੀਤਾ ਗਿਆ ਹੈ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਫੇਰੀ ਨੇ ਹੁਣ ਭਾਰਤ ਅਮਰੀਕੀ ਰਿਸ਼ਤਿਆਂ ਦੀਆਂ ਨਵੀਆਂ ਤਰਜੀਹਾਂ ਅਤੇ ਪਾਸਾਰ ਸਥਾਪਤ ਕਰ ਦਿੱਤੇ ਹਨ। ਭਾਰਤ ਦੀਆਂ ਨੀਤੀਆਂ ਦੇ ਆਰਥਿਕ ਪਾਸਾਰ ਬਹੁਤ ਵਿਸ਼ਾਲ ਹਨ ਅਤੇ ਵਾਸ਼ਿੰਗਟਨ ਵਿਚ ਉਨ੍ਹਾਂ ਖੇਤਰਾਂ ਦਾ ਖੁਲਾਸਾ ਕੀਤਾ ਗਿਆ ਹੈ ਜਿਨ੍ਹਾਂ ਵਿਚ ਅਸੀਂ ਵਧੇਰੇ ਆਰਥਿਕ ਸਹਿਯੋਗ ਦੀ ਤਵੱਕੋ ਕਰਦੇ ਹਾਂ। ਚੀਨ ਦੀ ਭਾਰਤ ਨਾਲ ਵਧਦੀ ਦੁਸ਼ਮਣੀ ਅਤੇ ਲਦਾਖ ਤੇ ਅਰੁਣਾਚਲ ਪ੍ਰਦੇਸ਼ ਅੰਦਰ ਇਸ ਦੀਆਂ ਦੀਆਂ ਤਣਾਓ ਪੈਦਾ ਕਰਨ ਵਾਲੀਆਂ ਸਰਗਰਮੀਆਂ ਦੇ ਮੱਦੇਨਜ਼ਰ ਭਾਰਤ ਦੇ ਫ਼ੌਜੀ ਉਤਪਾਦਨ ਦੇ ਯਤਨਾਂ ਨੂੰ ਨਵਾਂ ਹੁਲਾਰਾ ਮਿਲਣਾ ਤੈਅ ਹੈ। ਮੋਦੀ ਦੀ ਵਾਸ਼ਿੰਗਟਨ ਫੇਰੀ ਨੇ ਪੂਰਬ ਵੱਲ ਮਲੱਕਾ ਜਲਡਮਰੂ ਤੋਂ ਲੈ ਕੇ ਪੱਛਮ ਵੱਲ ਹਾਰਮੂਜ਼ ਜਲਡਮਰੂ ਤੱਕ ਭਾਰਤ ਅਤੇ ਅਮਰੀਕਾ ਵਿਚਕਾਰ ਸਹਿਯੋਗ ਨੂੰ ਵਧਾਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ।

*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।

Advertisement
Tags :
ਦਿਸ਼ਾਨਵੀਂਭਾਰਤ-ਅਮਰੀਕੀਰਿਸ਼ਤਿਆਂ
Advertisement