ਨਵੀਂ ਦਿੱਲੀ: ਯਮੁਨਾ ਦੇ ਪਾਣੀ ਨੇ 206 ਮੀਟਰ ਪਾਰ ਕੀਤਾ, ਕੰਢੇ ’ਤੇ ਵਸੇ ਲੋਕਾਂ ਨੂੰ ਕੱਢਣਾ ਸ਼ੁਰੂ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਜੁਲਾਈ
ਦਿੱਲੀ ਵਿਚ ਯਮੁਨਾ ਨਦੀ ਦਾ ਪਾਣੀ 206 ਮੀਟਰ ਦੇ ਪੱਧਰ ਨੂੰ ਪਾਰ ਕਰ ਗਿਆ ਹੈ, ਜਿਸ ਕਾਰਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਦਿੱਲੀ 'ਚ ਨਦੀ ਦਾ ਪਾਣੀ ਉਮੀਦ ਤੋਂ ਕਾਫੀ ਪਹਿਲਾਂ ਸੋਮਵਾਰ ਸ਼ਾਮ ਨੂੰ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਹਰਿਆਣਾ ਵੱਲੋਂ ਯਮੁਨਾਨਗਰ ਦੇ ਹਥੀਨੀਕੁੰਡ ਬੈਰਾਜ ਤੋਂ ਜ਼ਿਆਦਾ ਪਾਣੀ ਛੱਡਣ ਕਾਰਨ ਮੰਗਲਵਾਰ ਸਵੇਰੇ 6 ਵਜੇ ਤੱਕ ਪੁਰਾਣੇ ਰੇਲਵੇ ਪੁਲ 'ਤੇ ਪਾਣੀ ਦਾ ਪੱਧਰ 206.28 ਮੀਟਰ ਤੱਕ ਵੱਧ ਗਿਆ ਤੇ ਇਸ ਦੇ 206.65 ਮੀਟਰ ਤੱਕ ਵਧਣ ਦੀ ਉਮੀਦ ਹੈ।
ਇਸ ਦੌਰਾਨ ਯਮੁਨਾ ਨਦੀ ਉਪਰਲੇ ਲੋਹੇ ਦੇ ਪੁੱਲ ਦੀ ਆਵਾਜਾਈ ਅਸਥਾਈ ਤੌਰ ਤੇ ਬੰਦ ਕਰ ਦਿੱਤੀ ਗਈ ਹੈ। ਰੇਲਵੇ ਵੱਲੋਂ ਰੇਲ ਆਵਾਜਾਈ ਰੋਕਣ ਕਰਕੇ ਪੂਰਬ ਤੇ ਪੱਛਮ ਨੂੰ ਜੋੜਨ ਵਾਲੀਆਂ ਰੇਲਾਂ ਦੇ ਰੂਟ ਬਦਲੇ ਜਾ ਰਹੇ ਹਨ। ਨਦੀ ਨਾਲ ਝੁੱਗੀਆਂ ਵਿੱਚ ਪਾਣੀ ਭਰ ਗਿਆ ਹੈ। ਕਿਸਾਨਾਂ ਵੱਲੋਂ ਯਮੁਨਾ ਹੜ੍ਹ ਖੇਤਰਾਂ ਵਿੱਚ ਬੀਜੀਆਂ ਫਸਲਾਂ ਤਬਾਹ ਹੋ ਗਈਆਂ ਹਨ।