ਨਵੀਂ ਦਿੱਲੀ: ਯੂਜੀਸੀ ਚੇਅਰਮੈਨ ਦਾ ਵਿਦਿਆਰਥੀਆਂ ਨਾਲ ਰੂਬਰੂ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਸਤੰਬਰ
ਇਥੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਮਾਸਟਰ ਤਾਰਾ ਸਿੰਘ ਆਡੀਟੋਰੀਅਮ ਵਿੱਖੇ ਯੂਨੀਵਰਸਿਟੀ ਗ੍ਰਾਂਟ ਕਮੀਸ਼ਨ ਦੇ ਚੇਅਰਮੈਨ ਪ੍ਰੋ. ਐੱਮ. ਜਗਦੀਸ਼ ਕੁਮਾਰ ਵਿਦਿਆਰਥੀਆਂ ਦੇ ਰੂਬਰੂ ਹੋਏ। ਇਸ ਦੌਰਾਨ ਨਵੀਂ ਕੌਮੀ ਸਿੱਖਿਆ ਨੀਤੀ (ਐੱਨਈਪੀ) 2020 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰੋਗਰਾਮ ਦਾ ਆਰੰਭ ਕਾਲਜ ਦੀ ਅਨਹਦ ਸੁਸਾਇਟੀ ਵੱਲੋਂ ਸ਼ਬਦ ਗਾਇਨ ਰਾਹੀਂ ਕੀਤਾ ਗਿਆ। ਕਲਾਜ ਦੇ ਪ੍ਰਿੰਸੀਪਲ ਪ੍ਰੋ. ਜਸਵਿੰਦਰ ਸਿੰਘ ਨੇ ਯੂਜੀਸੀ ਚੇਅਰਮੈਨ ਦਾ ਸਵਾਗਤ ਕਰਦਿਆਂ ਉਨ੍ਹਾਂ ਵੱਲੋਂ ਚਲਾਈ ਜਾ ਰਹੀ ਮਦਨ ਮੋਹਨ ਮਾਲਵੀਆ ਸਕੀਮ ਦੀ ਸ਼ਲਾਘਾ ਕੀਤੀ ਅਤੇ ਕਾਲਜ ਨੂੰ ਇਸ ਸਕੀਮ ਦਾ ਹਿੱਸਾ ਬਣਾਉਣ ਲਈ ਧੰਨਵਾਦ ਕੀਤਾ। ਚੇਅਰਮੈਨ ਨੇ ਐੱਨਈਪੀ ਨਾਲ ਸਬੰਧਤ ਬਾਰੀਕ ਨੁਕਤਿਆਂ ਨੂੰ ਸਾਂਝਾ ਕਰਦਿਆਂ ਇਸ ਵਿਚਾਰ 'ਤੇ ਜ਼ੋਰ ਦਿੱਤਾ ਕਿ ਇਹ ਨੀਤੀ ਸਧਾਰਨ ਲੋਕਾਈ ਲਈ ਕਾਰਗਾਰ ਸਾਬਤ ਹੋਵੇਗੀ। ਉਨ੍ਹਾਂ ਕਾਲਜ ਦੇ ਵਿਦਿਆਰਥੀਆਂ ਨਾਲ ਇਕ ਸਵਾਲ-ਜੁਆਬ ਸੈਸ਼ਨ ਵਿਚ ਹਿੱਸਾ ਲਿਆ ਤੇ ਐੱਨਈਪੀ ਦੇ ਤਹਿਤ ਆਏ ਚਾਰ ਸਾਲਾਂ ਅੰਡਰਗ੍ਰੈਜੂਏਟ ਪ੍ਰੋਗਰਾਮ ਬਾਰੇ ਪੈਦਾ ਹੋਏ ਸ਼ੰਕਿਆਂ ਨੂੰ ਦੂਰ ਕੀਤਾ। ਉਨ੍ਹਾਂ ਭਾਰਤ ਵਿਚ ਵਿਦੇਸ਼ੀ ਯੂਨੀਵਰਸਿਟੀਆਂ ਖੁੱਲ੍ਹਣ ਦੇ ਲਾਭ ਅਤੇ ਅਕੈਡਮਿਕ ਬੈਂਕ ਆਫ਼ ਕ੍ਰੈਡਿਟ ਬਾਰੇ ਵੀ ਜਾਣਕਾਰੀ ਦਿੱਤੀ।