ਨਵੀਂ ਦਿੱਲੀ: ਲਾਲ ਕਿਲੇ ਨੇੜੇ ਟੈਕਸੀ ਚਾਲਕ ਦੀ ਗੋਲੀ ਮਾਰ ਕੇ ਹੱਤਿਆ, ਮੰਗਤਾ ਜ਼ਖ਼ਮੀ
ਨਵੀਂ ਦਿੱਲੀ, 15 ਅਪਰੈਲ
ਦਿੱਲੀ ਦੇ ਲਾਲ ਕਿਲੇ ਨੇੜੇ ਕਥਿਤ ‘ਰੋਡ ਰੇਜ’ ਦੀ ਘਟਨਾ ਵਿਚ ਕੈਬ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦਕਿ ਮੰਗਤਾ ਜ਼ਖ਼ਮੀ ਹੋ ਗਿਆ। ਦੇਰ ਰਾਤ 1.50 ਵਜੇ ਪੁਲੀਸ ਨੂੰ ਸੂਚਨਾ ਮਿਲੀ ਕਿ ਜ਼ਾਕਿਰ ਨਗਰ ਨਿਵਾਸੀ ਮੁਹੰਮਦ ਸਾਕਿਬ ਅਤੇ ਪਲਵਲ ਨਿਵਾਸੀ ਲਵਕੁਸ਼ (15) ਨੂੰ ਗੋਲੀ ਲੱਗਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੀਸੀਆਰ ਕਾਲ ਮਿਲਣ 'ਤੇ ਤੁਰੰਤ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਪਰ ਸਾਕਿਬ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦੇ ਢਿੱਡ ਦੇ ਉਪਰਲੇ ਹਿੱਸੇ ਵਿੱਚ ਗੋਲੀ ਲੱਗੀ ਸੀ। ਪੁਲੀਸ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਰਾਤ ਕਰੀਬ 12 ਵਜੇ ਕੋਡੀਆ ਪੁਲ ਤੋਂ ਛੱਤਾ ਰੇਲ ਕਰਾਸਿੰਗ ਵੱਲ ਜਾ ਰਹੀ ਕੈਬ ਕਥਿਤ ਤੌਰ 'ਤੇ ਈ-ਰਿਕਸ਼ਾ ਨਾਲ ਟਕਰਾਅ ਗਈ, ਜਿਸ ਤੋਂ ਬਾਅਦ ਕੈਬ ਚਾਲਕ ਅਤੇ ਈ-ਰਿਕਸ਼ਾ ਚਾਲਕ ਵਿਚਕਾਰ ਬਹਿਸ ਹੋ ਗਈ। ਦੋ ਵਿਅਕਤੀਆਂ ਨੇ ਕੈਬ ਡਰਾਈਵਰ ਸਾਕਿਬ ਨੂੰ ਜ਼ਬਰਦਸਤੀ ਉਸ ਦੀ ਕਾਰ ਤੋਂ ਬਾਹਰ ਖਿੱਚ ਲਿਆ। ਜਦੋਂ ਲੰਘ ਰਹੇ ਲੋਕ ਇਕੱਠੇ ਹੋਣ ਲੱਗੇ ਤਾਂ ਕੈਬ ਡਰਾਈਵਰ ਨੇ ਹਮਲਾਵਰਾਂ ਵਿੱਚੋਂ ਇੱਕ ਨੂੰ ਫੜ ਲਿਆ। ਇਸ ਤੋਂ ਬਾਅਦ ਇੱਕ ਹਮਲਾਵਰ ਨੇ ਸਾਕਿਬ ਅਤੇ ਇੱਕ ਹੋਰ ਵਿਅਕਤੀ ਲਵ ਕੁਸ਼ ’ਤੇ ਗੋਲੀਆਂ ਚਲਾ ਦਿੱਤੀਆਂ। ਲਵ ਕੁਸ਼ ਮੰਗ ਕੇ ਗੁਜ਼ਾਰਾ ਕਰਦਾ ਹੈ।