ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵਾਂ ਦਿਨ ਨਵੀਂ ਆਸ

11:29 AM Sep 09, 2023 IST

ਕਮਲ ਸਰਾਵਾਂ

Advertisement

ਗ਼ਲਤ ਚੀਜ਼ਾਂ ’ਤੇ ਧਿਆਨ ਰੱਖਣ ਦੀ ਬਜਾਏ ਆਪਣੀ ਸੋਚ ਨੂੰ ਸਹੀ ਦਿਸ਼ਾ ਵਿੱਚ ਰੱਖਣਾ ਜ਼ਿਆਦਾ ਠੀਕ ਹੈ। ਜ਼ਿੰਦਗੀ ਨੂੰ ਮਾਣਦਿਆਂ, ਮੁਸਕਰਾਉਂਦਿਆਂ ਹੋਇਆਂ ਹੀ ਜ਼ਿੰਮੇਵਾਰੀਆਂ ਨਿਭਾਈਆਂ ਜਾ ਸਕਦੀਆਂ ਹਨ। ਉਦਾਸ, ਨਿਰਾਸ਼ ਤੇ ਗੰਭੀਰ ਰਹਿ ਕੇ ਜ਼ਿੰਦਗੀ ਬੋਝ ਬਣਾ ਕੇ ਢੋਈ ਹੀ ਜਾ ਸਕਦੀ ਹੈ, ਕੁਝ ਨਵਾਂ ਨਹੀਂ ਸੰਜੋਇਆ ਜਾ ਸਕਦਾ। ਉਂਜ ਵੀ ਉਹ ਲੋਕ ਜੋ ਬਹੁਤ ਖ਼ੁਸ਼ ਤੇ ਸ਼ਾਂਤ ਨਜ਼ਰ ਆਉਂਦੇ ਹਨ, ਉਹ ਅਕਸਰ ਬਹੁਤ ਵੱਡੇ-ਵੱਡੇ ਤੂਫ਼ਾਨਾਂ ’ਚ ਘਿਰੇ ਹੁੰਦੇ ਹਨ। ਕੋਸ਼ਿਸ਼ ਕਰਨਾ ਤੇ ਆਪਣੇ ਵੱਲੋਂ ਸਿਰਤੋੜ ਯਤਨ ਕਰਦਿਆਂ ਜ਼ਿੰਦਗੀ ਬਤੀਤ ਕਰਨਾ ਹੀ ਮਨੁੱਖ ਦੇ ਹੱਥ ਵਿੱਚ ਹੈ। ਇਨ੍ਹਾਂ ਕੋਸ਼ਿਸ਼ਾਂ ਦੇ ਨਤੀਜੇ ਉਮੀਦ ਮੁਤਾਬਕ ਨਿਕਲਣ ਇਹ ਵੱਸ ਵਿੱਚ ਨਹੀਂ। ਇੱਥੋਂ ਤੱਕ ਕਿ ਉਮੀਦ ਮੁਤਾਬਕ ਨਿਕਲੇ ਨਤੀਜੇ ਵੀ ਫਾਇਦੇਮੰਦ ਹੀ ਸਾਬਤ ਹੋਣ, ਇਹ ਵੀ ਜ਼ਰੂਰੀ ਨਹੀਂ ਕਿਉਂਕਿ ਪਲ-ਪਲ ਬਦਲਦੀ ਜ਼ਿੰਦਗੀ ਤੇ ਹਰ ਘੜੀ ਤਬਦੀਲ ਹੋ ਰਹੀ ਦੁਨੀਆ ਵਿੱਚ ਕਿਹੜਾ ਬੀਤਿਆ ਪਲ ਭਵਿੱਖ ਬਣ ਜਾਵੇ ਤੇ ਕਿਹੜਾ ਆਉਣ ਵਾਲਾ ਲਮਹਾ ਅਤੀਤ ਦਾ ਰੂਪ ਲੈ ਲਵੇ, ਕੋਈ ਨਹੀਂ ਜਾਣਦਾ।
ਦੁਨੀਆ ’ਚ ਸਭ ਕੁਝ ਸੰਤੁਲਿਤ ਹੈ, ਤੈਅ ਹੈ। ਜੋ ਚਲੇ ਜਾਂਦੇ ਹਨ ਉਹ ਤਾਂ ਚਲੇ ਹੀ ਜਾਂਦੇ ਹਨ, ਪਰ ਜੋ ਬਚ ਜਾਂਦੇ ਹਨ ਉਹ ਚਲੇ ਗਿਆਂ ਦੀ ਯਾਦ ਵਿੱਚ ਆਪਣੇ ਚਲੇ ਜਾਣ ਦੀ ਉਡੀਕ ਕਰਦੇ ਰਹਿੰਦੇ ਹਨ, ਆਉਣ ਵਾਲਿਆਂ ਨੂੰ ਜਾਣ ਵਾਲੇ ਇਸ ਤਰ੍ਹਾਂ ਨਿਰਾਸ਼ਤਾ ਵਿਰਾਸਤ ਵਿੱਚ ਦੇ ਜਾਂਦੇ ਹਨ। ਜ਼ਿੰਦਗੀ ਨੂੰ ਜਿਸ ਨੇ ਦੌੜ ਬਣਾ ਲਿਆ, ਉਸ ਨੇ ਨਾਲ ਦਿਆਂ ਨੂੰ ਮੁਕਾਬਲੇਬਾਜ਼ ਬਣਾ ਲਿਆ। ਮੁਕਾਬਲਿਆਂ ਵਿੱਚ ਇੱਕ ਦੂਜੇ ਨੂੰ ਪਿੱਛੇ ਧੱਕਣ ਦੀ ਖ਼ਾਹਿਸ਼ ਪੈਦਾ ਹੁੰਦੀ ਹੈ। ਇਸ ਨੇ ਸਾਡੇ ਤੋਂ ਪ੍ਰੇਮ ਤੇ ਸਮਰਪਣ ਖੋਹ ਲਿਆ ਤੇ ਅਸੀਂ ਭਟਕਣ ਲੱਗ ਗਏ। ਸਵੇਰ ਦੇ ਵਕਤ ਦੁਪਹਿਰ ਦੀ ਸੋਚ ਵਿੱਚ ਗੁੰਮ, ਦੁਪਹਿਰ ਵੇਲੇ ਸ਼ਾਮ ਦੀ ਸੋਚ ’ਚ ਗੁਆਚੇ, ਸ਼ਾਮ ਵੇਲੇ ਰਾਤ ਦੀ ਘੁੰਮਣਘੇਰੀ ’ਚ ਘੁੰਮਦੇ, ਰਾਤ ਨੂੰ ਸਵੇਰ ਦੀ ਫ਼ਿਕਰ। ਵਰਤਮਾਨ ਵਿੱਚ ਰਹਿਣਾ ਨਹੀਂ ਸਿੱਖਦੇ ਤਾਂ ਕੋਈ ਅਤੀਤ ਤੇ ਭਵਿੱਖ ਨੂੰ ਕਿਵੇਂ ਜਿੱਤੇਗਾ। ਬੀਤ ਗਿਆ ਜੋ ਬੀਤ ਗਿਆ, ਆਉਣ ਵਾਲਾ ਹਾਲੇ ਆਇਆ ਨਹੀਂ, ਜੋ ਸਾਹਮਣੇ ਹੈ, ਕੋਲ ਐ, ਉਸ ਦਾ ਅਹਿਸਾਸ ਤੱਕ ਨਹੀਂ। ਜਦ ਚਿੜੀਆਂ ਖੇਤ ਚੁਗ ਜਾਂਦੀਆਂ ਹਨ, ਪਛਤਾਵੇ ਚੀਚੀ ਵਿੱਚ ਛੱਲੇ ਵਾਂਗ ਪੈ ਜਾਂਦੇ ਹਨ, ਜੋ ਆਸਾਨੀ ਨਾਲ ਨਹੀਂ ਉਤਰਦੇ। ਜ਼ਰੂਰੀ ਨਹੀਂ ਕਿ ਜਿਵੇਂ ਮਨੁੱਖ ਚਾਹੇ, ਸਭ ਕੁਝ ਓਵੇਂ ਹੀ ਹੋਵੇ। ਅਜਿਹੇ ਵਿੱਚ ਤਕਲੀਫ਼ ਹੁੰਦੀ ਐ, ਪਰ ਅਸੀਂ ਕੁਝ ਕਰ ਨਹੀਂ ਸਕਦੇ। ਸਬਰ ਕਰ ਕੇ ਨਵੀਂ ਉਮੀਦ ਤੇ ਨਵੀਂ ਕਾਮਨਾ ਲੈ ਕੇ ਕੋਈ ਨਵੀਂ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਕਿਸੇ ਨੇ ਪੁੱਛਿਆ ਕੋਸ਼ਿਸ਼ ਕਦੋਂ ਤੱਕ ਕਰਦੇ ਰਹਿਣਾ ਹੈ, ਜਵਾਬ ਮਿਲਿਆ ਕਿ ਜਦ ਤੱਕ ਸਾਹ ਚੱਲਦੇ ਹਨ, ਜਦ ਤੱਕ ਜ਼ਿੰਦਗੀ ਹੈ। ਕੋਸ਼ਿਸ਼ ਜਿੱਤ-ਹਾਰ ਲਈ ਹੁੰਦੀ ਹੀ ਨਹੀਂ, ਇਹ ਤਾਂ ਜ਼ਿੰਦਗੀ ਦੀ ਜ਼ਰੂਰਤ ਸਮਝ ਕੇ ਤਮਾਮ ਉਮਰ ਹੀ ਕਰਦੇ ਰਹਿਣਾ ਪੈਂਦਾ ਹੈ। ਚੰਗੇ ਮਨੁੱਖ ਦੀ ਤਲਾਸ਼ ਹਰ ਕੋਈ ਕਰਦਾ ਰਹਿੰਦਾ ਹੈ ਕਿ ਜ਼ਿੰਦਗੀ ਵਿੱਚ ਜਦ ਇਕੱਲਤਾ ਹੋਵੇ, ਪਰੇਸ਼ਾਨੀ ਹੋਵੇ, ਮੁਸ਼ਕਿਲਾਂ ਹੀ ਮੁਸ਼ਕਿਲਾਂ ਹੋਣ, ਕੁਝ ਨਜ਼ਰ ਨਾ ਆ ਰਿਹਾ ਹੋਵੇ ਤਾਂ ਉਹ ਇਨਸਾਨ ਨਾਲ ਹੋਵੇ। ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਅਸੀਂ ਅਜਿਹਾ ਇਨਸਾਨ ਖ਼ੁਦ ਬਣੀਏ ਤੇ ਸ਼ਾਇਦ ਕਿਸੇ ਦੀ ਤਲਾਸ਼ ਸਾਨੂੰ ਮਿਲ ਕੇ ਖ਼ਤਮ ਹੋ ਜਾਵੇ। ਜਿਨ੍ਹਾਂ ਦੇ ਆਪਣੇ ਸੁਪਨੇ ਮੁਕੰਮਲ ਨਹੀਂ ਹੁੰਦੇ, ਉਹ ਦੂਜਿਆਂ ਦੇ ਸੁਪਨੇ ਪੂਰੇ ਕਰਨ ਵਿੱਚ ਮਦਦ ਕਰਦੇ ਹਨ ਤੇ ਜ਼ਿੰਦਗੀ ਦੀ ਇੱਕ ਨਵੀਂ ਤਸਵੀਰ ਬਣਾਉਂਦੇ ਹਨ।
ਜ਼ਿੰਦਗੀ ਸਭ ਦੀ ਇੱਕੋ ਜਿਹੀ ਹੈ, ਪਰ ਅੰਦਾਜ਼-ਏ-ਜ਼ਿੰਦਗੀ ਸਭ ਦਾ ਵੱਖਰਾ ਹੈ। ਕੋਈ ਦੁੱਖਾਂ ਵਿੱਚ ਵੀ ਸ਼ਾਂਤ ਹੈ, ਮੁਸਕਰਾ ਰਿਹੈ। ਕੋਈ ਖੁਸ਼ੀ ਦੇ ਮੌਕੇ ਉੱਤੇ ਵੀ ਅਗਲੇ ਪਲਾਂ ਲਈ ਫ਼ਿਕਰਾਂ ਦਾ ਲਬਿਾਸ ਪਹਿਨ ਕੇ ਦੁੱਖ ਉਡੀਕ ਰਿਹੈ। ਕੋਈ ਕਿਸੇ ਨੂੰ ਦੁਖ ਦੇ ਕੇ ਖੁਸ਼ ਹੈ, ਕੋਈ ਕਿਸੇ ਦਾ ਦਿਲ ਦੁਖਾਉਣ ਨੂੰ ਪਾਪ ਸਮਝਦੈ। ਕਿਸੇ ਦਾ ਮਕਸਦ ਦੌਲਤ ਕਮਾਉਣੀ, ਕਿਸੇ ਦੀ ਮੰਜ਼ਿਲ ਦਿਲਾਂ ਵਿੱਚ ਵੱਸਣਾ ਹੈ। ਉਦਾਸ ਚਿਹਰਿਆਂ ਉੱਤੇ ਮੁਸਕਾਨ ਲਿਆਉਣ ਵਾਲੇ ਬੰਦੇ ਆਮ ਨਹੀਂ ਹੁੰਦੇ, ਰੱਬ ਦੇ ਦੂਤ ਹੁੰਦੇ ਹਨ। ਰੋਣਾ ਹੈ ਤਾਂ ਰੋ ਲਵੋ, ਪਰ ਰੋਂਦੇ ਹੋਏ ਹੀ ਪੂਰਾ ਦਿਨ ਨਾ ਲੰਘਾ ਦੇਵੋ, ਕਿਉਂਕਿ ਡਿੱਗ ਕੇ ਉੱਠਣਾ ਤੇ ਫਿਰ ਅੱਗੇ ਵਧਣਾ ਹੀ ਜੀਵਨ ਹੈ। ਕੁਦਰਤ ਨੇ ਸਿਰਫ਼ ਦਿਮਾਗ਼ ਨਹੀਂ ਦਿਲ ਵੀ ਦਿੱਤਾ ਹੈ, ਵਿਚਾਰ ਵੀ ਦਿੱਤਾ ਤੇ ਜਜ਼ਬਾਤ ਵੀ। ਹਕੀਕਤ ਨੂੰ ਸਮਝਣ ਦਾ ਤੇ ਸੁਪਨਿਆਂ ਨੂੰ ਸਜਾਉਣ ਦਾ ਹਥਿਆਰ ਦਿੱਤਾ, ਪਰ ਸੁਪਨੇ ਗੁਜ਼ਰ ਜਾਂਦੇ ਹਨ ਤੇ ਹਕੀਕਤ ਖੜ੍ਹੀ ਰਹਿ ਜਾਂਦੀ ਹੈ। ਹਕੀਕਤ ਨੂੰ ਜਿਉਣਾ, ਸਮਝਣਾ, ਮਾਣਨਾ ਨਾ ਸਿੱਖ ਸਕਣ ਵਾਲੇ ਲੋਕ ਤਮਾਮ ਉਮਰ ਹਨੇਰਗਰਦੀ ਵਿੱਚ ਗੁਜ਼ਾਰ ਕੇ ਚੱਲਦੇ ਬਣਦੇ ਹਨ। ਸੁਪਨੇ ਅਤੇ ਖ਼ਿਆਲ ਸ਼ਾਇਦ ਭਵਿੱਖ ਦੀ ਤਿਆਰੀ ਹੋਣ, ਭਵਿੱਖ ਦੀ ਤਸਵੀਰ ਜਾਂ ਅਧੂਰੀਆਂ ਖ਼ਾਹਿਸ਼ਾਂ ਦੀ ਮੁਕੰਮਲਤਾ ਦਾ ਭਰਮ-ਭੁਲੇਖਾ। ਦਿਮਾਗ਼ੀ ਜੁਗਲਬੰਦੀਆਂ ’ਚ ਲੱਗੇ ਰਹਿਣ ਵਾਲੇ ਲੋਕ ਆਪਣੇ ਬਣਾਏ ਜਾਲ ਵਿੱਚ ਇੱਕ ਦਿਨ ਖ਼ੁਦ ਹੀ ਫਸ ਕੇ ਰਹਿ ਜਾਂਦੇ ਹਨ। ਦਿਮਾਗ਼ ਦਾ ਜ਼ਿਆਦਾ ਚੱਲਣਾ ਹੀ ਕਈ ਵਾਰ ਜ਼ਿੰਦਗੀ ਦੇ ਬਰਬਾਦ ਹੋਣ ਦਾ ਇੱਕੋ-ਇੱਕ ਕਾਰਨ ਹੋ ਨਿੱਬੜਦਾ ਹੈ। ਕਈ ਚੰਦਨ ਕੋਲ ਰਹਿ ਕੇ ਵੀ ਬਾਂਸ ਵਰਗੇ ਹੀ ਰਹਿ ਜਾਂਦੇ ਹਨ ਤੇ ਕਈ ਮਹਿਕਾਂ ਲੈ ਜਾਂਦੇ ਹਨ। ਸਾਨੂੰ ਵਕਤ ਦੇ ਨਾਲ ਚੱਲਣਾ, ਬਦਲਣਾ, ਸੰਭਲਣਾ ਹਾਲੇ ਤੱਕ ਨਹੀਂ ਆਇਆ। ਗੁਜ਼ਰੇ ਵਕਤਾਂ ਦੇ ਅਸੂਲ, ਰਵਾਇਤਾਂ ਤੇ ਧਾਰਨਾਵਾਂ ਅੱਜ ਦੇ ਮਨੁੱਖ ਉੱਤੇ ਅੱਜ ਦੇ ਸਮੇਂ ਵਿੱਚ ਲਾਗੂ ਕਰਨੀਆਂ ਮੁਸ਼ਕਿਲ ਹੀ ਨਹੀਂ ਹਾਸੋਹੀਣੀਆਂ ਵੀ ਹਨ। ਸਭ ਕੁਝ ਬਦਲ ਗਿਆ ਹੈ। ਅੱਜ ਦੇ ਮਨੁੱਖ ਦਾ ਸੋਚਣ ਤੇ ਸਮਝਣ ਦਾ ਤਰੀਕਾ ਪਹਿਲਾਂ ਵਾਲੇ ਮਨੁੱਖ ਨਾਲੋਂ ਬਿਲਕੁਲ ਅਲੱਗ ਹੈ। ਪਹਿਲਾਂ ਦੁਨੀਆ ਹੋਰ ਤਰ੍ਹਾਂ ਦੀ ਸੀ। ਇਹ ਦੁਨੀਆ ਹੋਰ ਤਰ੍ਹਾਂ ਦੀ ਹੈ। ਹੁਣ ਤੌਰ-ਤਰੀਕੇ ਹੋਰ ਹਨ, ਮਕਸਦ ਹੋਰ ਹਨ, ਕੁਦਰਤ ਪ੍ਰਤੀ, ਰੱਬ ਪ੍ਰਤੀ ਨਵੇਂ ਵਿਚਾਰ ਹਨ, ਜ਼ਿੰਦਗੀ ਜਿਉਣ ਦਾ ਅੰਦਾਜ਼ ਹੋਰ ਹੈ। ਜੋ ਦੁਨੀਆ ਅਸੀਂ ਅੱਜ ਦੇਖ ਰਹੇ ਹਾਂ, ਇਹ ਵੀ ਬਦਲ ਰਹੀ ਹੈ, ਇਹ ਵੀ ਇੱਕ ਦਿਨ ਬਦਲ ਜਾਵੇਗੀ। ਕਿਹੜੇ ਬਦਲਾਅ ਮਨੁੱਖਤਾ ਦੇ ਹੱਕ ’ਚ ਭੁਗਤਣਗੇ ਤੇ ਕਿਹੜੇ ਮਨੁੱਖਤਾ ਦੀ ਬਰਬਾਦੀ ਦਾ ਕਾਰਨ ਬਣਨਗੇ, ਕੋਈ ਨਹੀਂ ਜਾਣਦਾ। ਵੈਸੇ ਵੀ ਖੁਸ਼ੀ ਵਾਲੇ ਅੰਤ ਸਿਰਫ਼ ਕਹਾਣੀਆਂ ਵਿੱਚ ਹੁੰਦੇ ਹਨ, ਅਸਲੀਅਤ ਵਿੱਚ
ਕੁਝ ਕਰਨ ਦਾ ਪਛਤਾਵਾ ਤੇ ਕੁਝ ਨਾ ਕਰਨ ਦਾ ਅਫ਼ਸੋਸ ਹੀ ਰਹਿ ਜਾਂਦਾ ਹੈ। ਤਰੱਕੀ ਤਾਂ ਉਹੀ ਹੋਵੇਗੀ ਜਦ ਮਨੁੱਖ ਇਖ਼ਲਾਕੀ ਤੌਰ ’ਤੇ ਬੁਲੰਦ ਹੋਵੇਗਾ, ਇਹ ਤਾਂ ਬਸ ਤਬਦੀਲੀਆਂ ਨੇ ਜੋ ਨਜ਼ਰ ਆਉਂਦੀਆਂ ਹਨ। ਘਬਰਾਉਣ, ਪਛਤਾਉਣ ਤੇ ਖ਼ੁਦ ਨੂੰ ਡੁਲਾਉਣ ਦੀ ਜ਼ਰੂਰਤ ਨਹੀਂ ਹੈ। ਦੌਰ ਬਦਲਦੇ ਰਹੇ ਨੇ ਤੇ ਬਦਲਦੇ ਰਹਿਣਗੇ।
ਜ਼ਿੰਦਗੀ ਸਭ ਦੀ ਵੱਖਰੀ ਤਰ੍ਹਾਂ ਗੁਜ਼ਰਦੀ ਹੈ। ਕੋਈ 22 ਸਾਲ ਦੀ ਉਮਰ ’ਚ ਗ੍ਰੈਜੂਏਟ ਹੋਇਆ ਤਾਂ ਉਸ ਨੂੰ 5 ਸਾਲ ਪੱਕੀ ਨੌਕਰੀ ਦੀ ਉਡੀਕ ਕਰਨੀ। ਉੱਥੇ ਹੀ ਦੂਜੇ ਪਾਸੇ ਕੋਈ 25 ਸਾਲ ਦੀ ਉਮਰ ’ਚ ਕੰਪਨੀ ਦਾ ਮਾਲਕ ਬਣ ਗਿਆ, ਪਰ 50 ਸਾਲ ਦੀ ਉਮਰ ’ਚ ਉਹ ਦੁਨੀਆ ਤੋਂ ਰੁਖ਼ਸਤ ਹੋ ਗਿਆ। ਇਸੇ ਤਰ੍ਹਾਂ ਕੋਈ 50 ਸਾਲ ਦੀ ਉਮਰ ’ਚ ਕੰਪਨੀ ਦਾ ਮਾਲਕ ਬਣਿਆ ਤੇ 90 ਸਾਲ ਤੱਕ ਜੀਵਿਆ। ਕੋਈ ਅਜੇ ਕੁਆਰਾ ਹੋਣਾ ਹੈ ਤੇ ਉਸ ਦੀ ਉਮਰ ਦੇ ਦਾਦਾ-ਦਾਦੀ ਵੀ ਬਣ ਗਏ ਹੋਣਗੇ। ਇਸ ਦੁਨੀਆ ’ਚ ਹਰ ਇਨਸਾਨ ਆਪਣੇ ਵਕਤ ਦੇ ਹਿਸਾਬ ਨਾਲ ਚੱਲ ਰਿਹਾ ਹੈ। ਤੁਹਾਡੇ ਆਸ-ਪਾਸ ਕਈ ਲੋਕ ਹੋਣਗੇ ਜੋ ਤੁਹਾਡੇ ਨਾਲ ਹਨ ਤੇ ਕਈ ਹੋਣਗੇ ਜੋ ਤੁਹਾਡੇ ਤੋਂ ਪਿੱਛੇ ਹਨ। ਸੱਚ ਇਹ ਹੈ ਕਿ ਹਰ ਕੋਈ ਆਪਣੀ ਯਾਤਰਾ ਕਰ ਰਿਹਾ ਹੈ। ਕਿਸੇ ਨਾਲ ਆਪਣੀ ਤੁਲਨਾ ਨਾ ਕਰੋ। ਤੁਸੀਂ ਆਪਣੀ ਜੀਵਨ ਯਾਤਰਾ ਦੇ ਹਿਸਾਬ ਨਾਲ ਬਿਲਕੁਲ ਸਹੀ ਸਮੇਂ ’ਤੇ ਹੋ, ਤੁਸੀਂ ਉੱਥੇ ਹੀ ਹੋ, ਜਿੱਥੇ ਤੁਹਾਨੂੰ ਹੋਣਾ ਚਾਹੀਦਾ ਸੀ। ਹਰ ਕਿਸੇ ਦਾ ਆਪਣਾ ਰਸਤਾ ਹੈ ਤੇ ਆਪਣੀ ਮੰਜ਼ਿਲ, ਆਪਣੇ ਤਿਆਗ ਤੇ ਆਪਣੀਆਂ ਦੁਸ਼ਵਾਰੀਆਂ। ਜੇਕਰ ਤੁਸੀਂ ਹਾਲੇ ਤੱਕ ਜ਼ਿੰਦਾ ਹੋ ਤਾਂ ਮਤਲਬ ਹੈ ਕਿ ਬ੍ਰਹਿਮੰਡ ਵਿੱਚ ਹਾਲੇ ਤੁਹਾਡੀ ਲੋੜ ਹੈ, ਕੁਝ ਕਾਰਜ ਹਨ ਜੋ ਤੁਸੀਂ ਹੀ ਕਰਨੇ ਹਨ। ਇਸ ਲਈ ਖ਼ੁਦ ਨੂੰ ਕੀਮਤੀ ਸਮਝੋ, ਖ਼ੁਦ ’ਤੇ ਭਰੋਸਾ ਕਰੋ। ਜਿਸ ਚੀਜ਼ ਦੇ ਕਾਬਲ ਤੁਸੀਂ ਖ਼ੁਦ ਨੂੰ ਬਣਾਉਂਦੇ ਜਾਂਦੇ ਹੋ, ਕੁਦਰਤ ਤੁਹਾਨੂੰ ਉਸੇ ਚੀਜ਼ ਨਾਲ ਨਿਵਾਜ਼ਦੀ ਜਾਂਦੀ ਹੈ। ਕੁਦਰਤ ਕਿਸੇ ਨੂੰ ਕੁਝ ਵੀ ਕਿਸੇ ਦੇ ਹਿੱਸੇ ਵਿੱਚੋਂ ਨਹੀਂ ਦਿੰਦੀ, ਉਹ ਆਪਣੇ ਖ਼ਜ਼ਾਨੇ ਵਿੱਚੋਂ ਦਿੰਦੀ ਹੈ, ਸੋ ਈਰਖਾ ਕਰਨ ਦੀ ਕੋਈ ਵਜ੍ਹਾ ਨਹੀਂ। ਦੇਣ ਵਾਲਾ ਪਰਮਾਤਮਾ ਹੀ ਹੈ, ਤੁਸੀਂ ਜਿੰਨੇ ਮਰਜ਼ੀ ਹੱਥ ਪੈਰ ਮਾਰ ਲਵੋ, ਉਹਨੇ ਜਦੋਂ ਦੇਣਾ, ਉਦੋਂ ਹੀ ਦੇਣਾ ਹੈ। ਵਕਤ ਤੋਂ ਪਹਿਲਾਂ ਮੁਕੱਦਰ ਤੋਂ ਜ਼ਿਆਦਾ ਕਦ ਕਿਸੇ ਨੂੰ ਕੁਝ ਮਿਲਿਆ ਹੈ। ਬਹੁਤ ਜ਼ਿਆਦਾ ਉੱਚਾ ਦਰੱਖਤ ਹੋਣ ਲਈ ਓਨੀਆਂ ਹੀ ਡੂੰਘੀਆਂ ਜੜ੍ਹਾਂ ਵੀ ਚਾਹੀਦੀਆਂ ਹਨ। ਇੱਕ ਬੂਟਾ 2 ਸਾਲ ਪਾਣੀ ਲੈਂਦਾ ਹੈ, ਪਰ ਵੱਡਾ ਨਹੀਂ ਹੁੰਦਾ ਤੇ ਫਿਰ 4-5 ਮਹੀਨਿਆਂ ’ਚ ਇਕਦਮ ਉੱਚਾ ਹੋ ਜਾਂਦਾ ਹੈ, ਦਰਅਸਲ ਓਨਾ ਉੱਚਾ ਹੋਣ ਲਈ ਹੀ ਉਹ ਓਨੀਆਂ ਗਹਿਰੀਆਂ ਜੜ੍ਹਾਂ ਬਣਾ ਰਿਹਾ ਹੁੰਦਾ ਹੈ। ਹਰ ਚੀਜ਼ ਨੂੰ ਵਕਤ ਲੱਗਦਾ ਹੈ।
ਫ਼ਿਕਰ ਕਰਨ ਨਾਲ ਕੁਝ ਨਹੀਂ ਹੁੰਦਾ। ਕਿਸੇ ਬਿਨਾਂ ਕਿਸੇ ਦਾ ਕੋਈ ਕੰਮ ਕਦੇ ਰੁਕਿਆ ਨਹੀਂ, ਸਭ ਦਾ ਸਭ ਬਾਝੋਂ ਸਰ ਜਾਂਦਾ ਹੈ। ਸਾਡੇ ਬਿਨਾਂ ਵੀ ਇਹ ਦੁਨੀਆ ਇਸੇ ਤਰ੍ਹਾਂ ਚੱਲਦੀ ਰਹੇਗੀ। ਇੱਕ ਤਾਰੇ ਦੇ ਟੁੱਟਣ ਨਾਲ ਅਸਮਾਨ ਸੁੰਨਾ ਨਹੀਂ ਹੁੰਦਾ। ਕਿੰਨੇ ਆਏ ਕਿੰਨੇ ਗਏ, ਦੁਨੀਆ ਰੁਕੀ ਨਹੀਂ, ਰੁਕੇਗੀ ਵੀ ਨਹੀਂ। ਆਪਣਾ ਜੀਵਨ ਸੰਵਾਰ ਲਈਏ ਬਸ ਇਹ ਹੀ ਕਾਫ਼ੀ ਹੈ। ਕਿਸੇ ਨੂੰ ਬਦਲਣ ਦਾ ਸੋਚਣਾ ਵਕਤ ਦੀ ਬਰਬਾਦੀ ਹੈ, ਖ਼ੁਦ ਨੂੰ ਬਦਲਣ ਦਾ ਸੋਚਣਾ ਸਮਝਦਾਰੀ ਹੈ। ਸਿਰਫ਼ ਗੱਲਾਂ ਨਾਲ ਕੌਣ ਸਮਝਦਾ ਹੈ, ਸਭ ਨੂੰ ਇੱਕ ਹਾਦਸਾ ਜ਼ਰੂਰੀ ਹੈ। ਹਰ ਹਨੇਰਾ ਮਨੁੱਖ ਨੂੰ ਦੇਖਣਾ ਸਿਖਾਉਂਦਾ ਹੈ। ਹਰ ਠੋਕਰ ਇਨਸਾਨ ਨੂੰ ਹੋਸ਼ ਵਿੱਚ ਲਿਆਉਂਦੀ ਹੈ। ਕਦੇ ਕਿਸੇ ਨੂੰ ਆਪਣੇ ਤੋਂ ਘੱਟ ਜਾਂ ਆਪਣੇ ਤੋਂ ਛੋਟਾ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਇੱਕ ਛੋਟੇ ਜਿਹੇ ਬੀਜ ਵਿੱਚ ਇੱਕ ਵਿਸ਼ਾਲ ਦਰੱਖਤ ਛੁਪਿਆ ਹੁੰਦਾ ਹੈ। ਕਿਤੇ ਗ਼ੈਰ-ਹਾਜ਼ਰ ਹੋਣਾ ਮਾੜਾ ਨਹੀਂ, ਗਲਤ ਜਗ੍ਹਾ ’ਤੇ ਗ਼ੈਰ-ਹਾਜ਼ਰ ਹੋ ਤਾਂ ਉਸ ਵਕਤ ਹਾਜ਼ਰ ਕਿੱਥੇ ਰਹਿੰਦੇ ਹੋ, ਇਹ ਵੀ ਬਹੁਤ ਮਾਅਨੇ ਰੱਖਦਾ ਹੈ। ਤੁਸੀਂ ਸਾਫ਼ ਨੀਅਤ ਨਾਲ ਆਪਣੇ ਕੰਮ ’ਚ ਲੱਗੇ ਰਹਿੰਦੇ ਹੋ, ਬਿਨਾਂ ਕਿਸੇ ਗੱਲ ਦੀ ਫ਼ਿਕਰ ਕੀਤੇ, ਤਾਂ ਇਹ ਗੱਲ ਬਿਲਕੁਲ ਸੱਚ ਹੈ ਕਿ ਸਾਲਾਂ ਦਾ ਸੰਘਰਸ਼ ਇੱਕ ਦਿਨ ਬਹੁਤ ਖ਼ੂਬਸੂਰਤੀ ਨਾਲ ਤੁਹਾਡੇ ਨਾਲ ਆ ਟਕਰਾਵੇਗਾ। ਉਸ ਦਿਨ ਸਾਰੇ ਦੁੱਖ, ਸਭ ਤਕਲੀਫ਼ਾਂ ਰਾਸ ਆ ਜਾਣਗੀਆਂ। ਆਮੀਨ!
ਸੰਪਰਕ: 99156-81496

Advertisement
Advertisement